ਪੁਲੀਸ ਨੇ ਅਤਿਵਾਦੀਆਂ ਵਿਰੁੱਧ ਕਾਰਵਾਈ ਹੋਰ ਤੇਜ਼ ਕਰ ਦਿੱਤੀ ਹੈ, ਜਿਸ ਤਹਿਤ ਜੰਮੂ ਦੇ ਵੱਖ-ਵੱਖ ਇਲਾਕਿਆਂ ਵਿੱਚ ਸੁਰੱਖਿਆ ਵਧਾ ਦਿੱਤੀ ਹੈ। ਪੁਲੀਸ ਨੇ ਚੈਕਿੰਗ ਦੌਰਾਨ ਪਾਕਿਸਤਾਨ ਦੀ ਸ਼ਹਿ ਪ੍ਰਾਪਤ ਅਤਿਵਾਦੀਆਂ ਅਤੇ ਉਨ੍ਹਾਂ ਦੇ ਹਮਾਇਤੀਆਂ ਨੂੰ ਨਿਸ਼ਾਨਾ ਬਣਾਇਆ। ਪੁਲੀਸ ਨੇ ਰਾਮਬਨ, ਕਿਸ਼ਤਵਾੜ, ਡੋਡਾ, ਕਠੂਆ, ਰਿਆਸੀ, ਪੁਣਛ ਤੇ ਰਾਜੌਰੀ ਜ਼ਿਲ੍ਹਿਆਂ ’ਚ ਦਰਜਨਾਂ ਥਾਵਾਂ ’ਤੇ ਘੇਰਾਬੰਦੀ ਕੀਤੀ ਹੋੋਈ ਹੈ। ਪੁਲੀਸ ਅਧਿਕਾਰੀ ਅਨਸਾਰ, ਸੂਤਰਾਂ ਤੋਂ ਪਤਾ ਲੱਗਾ ਹੈ ਕਿ ਸਰਦੀ ਕਾਰਨ ਅਤਿਵਾਦੀ ਮੈਦਾਨੀ ਇਲਾਕਿਆਂ ਦੀ ਵਰਤੋਂ ਕਰਦੇ ਹਨ। ਇਸੇ ਕਾਰਨ ਮੈਦਾਨੀ ਇਲਾਕਿਆਂ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ।
ਸੁਰੱਖਿਆ ਬਲਾਂ ਦੀ ਜਾਂਚ ਵਿੱਚ ਪੁਲੀਸ, ਫੌਜ ਅਤੇ ਸੀ ਆਰ ਪੀ ਐੱਫ ਦੀਆਂ ਸਾਂਝੀਆਂ ਟੀਮਾਂ ਸ਼ਾਮਲ ਹਨ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਪੁਲੀਸ ਦੀ ਕਾਰਵਾਈ ਦੌਰਾਨ ਇਹ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ ਕਿ ਕਿਸੇ ਆਮ ਇਨਸਾਨ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਪੁਲੀਸ ਨੇ ਆਮ ਲੋਕਾਂ ਨੂੰ ਸ਼ੱਕੀਆਂ ਬਾਰੇ ਤੁਰੰਤ ਜਾਣਕਾਰੀ ਦੇਣ ਲਈ ਕਿਹਾ ਹੈ; ਸੂਚਨਾ ਦੇਣ ਵਾਲੇ ਦੀ ਪਛਾਣ ਗੁਪਤ ਰੱਖੀ ਜਾਵੇਗੀ।
ਪੁਲੀਸ ਨੇ ਜੰਮੂ ਕਸ਼ਮੀਰ ’ਚ ਸਿਮਾਂ ਦੀ ਅਣ-ਅਧਿਕਾਰਤ ਖ਼ਰੀਦ ਰੋਕਣ ਲਈ ਮੁਹਿੰਮ ਵੀ ਸ਼ੁਰੂ ਕੀਤੀ ਹੈ। ਸਿਮ ਵੇਚਣ ਵਾਲੀਆਂ ਦੁਕਾਨਾਂ ’ਤੇ ਸਬੰਧਤ ਅਧਿਕਾਰੀ ਚੈਕਿੰਗ ਕਰ ਰਹੇ ਹਨ। ਵਿਕਰੇਤਾਵਾਂ ਨੂੰ ਜਾਰੀ ਕੀਤੇ ਸਾਰੇ ਸਿਮ ਕਾਰਡਾਂ ਸਬੰਧੀ ਰਿਕਾਰਡ ਰੱਖਣ, ਕੇ ਵਾਈ ਸੀ ਦਿਸ਼ਾ-ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਬਾਰੇ ਕਿਹਾ ਹੈ।
ਕਾਊਂਟਰ-ਇੰਟੈਲੀਜੈਂਸ ਵੱਲੋਂ 9 ਮਸ਼ਕੂਕ ਗ੍ਰਿਫ਼ਤਾਰ
ਸ੍ਰੀਨਗਰ: ਕਾਊਂਟਰ ਇੰਟੈਲੀਜੈਂਸ ਵਿਭਾਗ ਨੇ ਅਤਿਵਾਦੀਆਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਇੱਕ ਔਰਤ ਸਣੇ ਨੌਂ ਮਸ਼ਕੂਕ ਗ੍ਰਿਫ਼ਤਾਰ ਕੀਤੇ ਹਨ। ਪੁਲੀਸ ਨਾਲ ਮਿਲ ਕੇ ਇਹ ਕਾਰਵਾਈ ਅਤਿਵਾਦੀਆਂ ਵੱਲੋਂ ਸੋਸ਼ਲ ਮੀਡੀਆ ’ਤੇ ਦੇਸ਼ ਵਿਰੋਧੀ ਪ੍ਰਚਾਰ ਅਤੇ ਹਿੰਸਾ ਭੜਕਾਉਣ ਵਰਗੇ ਕੰਮ ਰੋਕਣ ਲਈ ਕੀਤੀ ਗਈ ਹੈ। ਫੜੇ ਮੁਲਜ਼ਮਾਂ ਕੋਲੋਂ ਸਿਮ ਕਾਰਡਾਂ ਅਤੇ ਮੋਬਾਈਲ ਫੋਨਾਂ ਤੋਂ ਲੈ ਕੇ ਟੈਬਲੇਟਾਂ ਤੇ ਕਈ ਤਰ੍ਹਾਂ ਦੇ ਡਿਜੀਟਲ ਡਿਵਾਈਸ ਸ਼ਾਮਲ ਹਨ।

