ਨਕਸਲ ਵਿਰੋਧੀ ਕਾਰਵਾਈਆਂ ਦਾ ਸਿਆਸੀਕਰਨ ਨਹੀਂ ਕਰਨਾ ਚਾਹੀਦੈ: ਪਾਇਲਟ
ਰਾਏਪੁਰ, 23 ਜੂਨ
ਕਾਂਗਰਸ ਦੇ ਸੀਨੀਅਰ ਆਗੂ ਸਚਿਨ ਪਾਇਲਟ ਨੇ ਅੱਜ ਕਿਹਾ ਕਿ ਨਕਸਲ ਵਿਰੋਧੀ ਅਪਰੇਸ਼ਨ ਪਾਰਦਰਸ਼ੀ ਅਤੇ ਪ੍ਰਭਾਵੀ ਢੰਗ ਨਾਲ ਚਲਾਉਣੇ ਚਾਹੀਦੇ ਹਨ ਅਤੇ ਇਨ੍ਹਾਂ ਦਾ ਸਿਆਸੀਕਰਨ ਨਹੀਂ ਕੀਤਾ ਜਾਣਾ ਚਾਹੀਦਾ ਹੈ। ਪਾਇਲਟ ਦੋ ਰੋਜ਼ਾ ਦੌਰੇ ’ਤੇ ਰਾਏਪੁਰ ਪਹੁੰਚਣ ਤੋਂ ਬਾਅਦ ਇੱਥੇ ਸਵਾਮੀ ਵਿਵੇਕਾਨੰਦ ਹਵਾਈ ਅੱਡੇ ’ਤੇ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ।
ਛੱਤੀਸਗੜ੍ਹ ਦੇ ਪਾਰਟੀ ਮਾਮਲਿਆਂ ਦੇ ਇੰਚਾਰਜ ਪਾਇਲਟ ਨੇ ਦੱਸਿਆ ਕਿ ਉਹ ਸੂਬੇ ਵਿੱਚ ਪਾਰਟੀ ਦੇ ਆਗੂਆਂ ਨਾਲ ਮੀਟਿੰਗਾਂ ਕਰਨਗੇ ਅਤੇ ਸੰਗਠਨ ਦੇ ਆਗੂਆਂ ਨਾਲ ਗੱਲਬਾਤ ਕਰਨਗੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਇਸ ਬਿਆਨ ਬਾਰੇ ਪੁੱਛੇ ਜਾਣ ’ਤੇ ਕਿ ਬਾਰਿਸ਼ ਦੇ ਮੌਸਮ ਵਿੱਚ ਵੀ ਨਕਸਲ ਵਿਰੋਧੀ ਕਾਰਵਾਈਆਂ ਜਾਰੀ ਰਹਿਣਗੀਆਂ, ਪਾਇਲਟ ਨੇ ਕਿਹਾ, ‘‘ਕਾਂਗਰਸ ਪਾਰਟੀ ਹਮੇਸ਼ਾਂ ਤੋਂ ਹਿੰਸਾ ਅਤੇ ਅਤਿਵਾਦ ਖ਼ਿਲਾਫ਼ ਰਹੀ ਹੈ। ਸਾਡੇ ਆਗੂਆਂ ਨੇ ਇਸ ਦੇਸ਼ ਅਤੇ ਸੂਬੇ ਨੂੰ ਸੁਰੱਖਿਅਤ ਰੱਖਣ ਲਈ ਆਪਣੀਆਂ ਜਾਨਾਂ ਗੁਆਈਆਂ ਹਨ। ਜੋ ਵੀ ਪ੍ਰਭਾਵੀ ਕਾਰਵਾਈ ਹੈ, ਉਹ ਕੀਤੀ ਜਾਣੀ ਚਾਹੀਦੀ ਹੈ। ਕਾਰਵਾਈ ਪਾਰਦਰਸ਼ੀ ਢੰਗ ਨਾਲ ਕੀਤੀ ਜਾਣੀ ਚਾਹੀਦੀ ਹੈ ਅਤੇ ਇਸ ਦਾ ਸਿਆਸੀਕਰਨ ਨਹੀਂ ਕਰਨਾ ਚਾਹੀਦਾ ਹੈ।’’
ਉਨ੍ਹਾਂ ਕਿਹਾ, ‘‘ਇਹ ਅੰਦਰੂਨੀ ਸੁਰੱਖਿਆ ਦਾ ਮਾਮਲਾ ਹੈ। ਇਸ ਵਿੱਚ ਕਿਸੇ ਨੂੰ ਸਿਆਸਤ ਨਹੀਂ ਕਰਨੀ ਚਾਹੀਦੀ ਹੈ। ਜੋ ਵੀ ਕਾਰਵਾਈ ਕੀਤੀ ਜਾਵੇ ਉਹ ਸਾਰਿਆਂ ਨੂੰ ਭਰੋਸੇ ਵਿੱਚ ਲੈ ਕੇ ਕਰਨੀ ਚਾਹੀਦੀ ਹੈ।’’ ਉਨ੍ਹਾਂ ਕਿਹਾ ਕਿ ਨਾ ਸਿਰਫ਼ ਛੱਤੀਸਗੜ੍ਹ ਬਲਕਿ ਹੋਰ ਸੂਬੇ ਜੋ ਨਕਸਲਵਾਦ ਨਾਲ ਜੂਝ ਰਹੇ ਹਨ, ਉਨ੍ਹਾਂ ਨੂੰ ਵੀ ਇਸ ਸਮੱਸਿਆ ਨੂੰ ਖ਼ਤਮ ਕਰਨ ਲਈ ਨਾਲ ਆਉਣਾ ਚਾਹੀਦਾ ਹੈ। -ਪੀਟੀਆਈ
ਪਾਰਟੀ ਨੂੰ ਨਵੀਂ ਦਿਸ਼ਾ ਦੇਵਾਂਗੇ: ਪਾਇਲਟ
ਕਾਂਗਰਸੀ ਆਗੂ ਸਚਿਨ ਪਾਇਲਟ ਨੇ ਆਪਣੇ ਦੌਰੇ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪਾਰਟੀ ਦੀ ਸੂਬਾ ਇਕਾਈ ਦੇ ਵੱਖ ਵੱਖ ਸੈੱਲਾਂ ਵੱਲੋਂ ਕੀਤੇ ਗਏ ਕੰਮਾਂ ਬਾਰੇ ਜਾਣਕਾਰੀ ਲੈਣ ਅਤੇ ਭਵਿੱਖ ਦੀ ਕਾਰਵਾਈ ਦਾ ਖਾਕਾ ਤਿਆਰ ਕਰਨ ਲਈ ਦੋ ਦਿਨ (ਸੋਮਵਾਰ ਤੇ ਮੰਗਲਵਾਰ) ਮੀਟਿੰਗਾਂ ਹੋਣਗੀਆਂ। ਉਨ੍ਹਾਂ ਕਿਹਾ, ‘‘ਮਲਿਕਾਰਜੁਨ ਖੜਗੇ ਅਤੇ ਰਾਹੁਲ ਗਾਂਧੀ ਨੇ ਸਾਲ 2025 ਨੂੰ ਸੰਗਠਨ ਨੂੰ ਸਮਰਪਿਤ ਕੀਤਾ ਹੈ। ਇਸ ਵਾਸਤੇ ਅਸੀਂ ਬੂਥ ਤੋਂ ਲੈ ਕੇ ਸੂਬਾ ਪੱਧਰ ਤੱਕ ਸੰਗਠਨ ਨੂੰ ਮਜ਼ਬੂਤ ਕਰਨਾ ਚਾਹੁੰਦੇ। ਅਸੀਂ ਦੋ ਦਿਨ ਲਗਾਤਾਰ ਮੀਟਿੰਗਾਂ ਕਰ ਕੇ ਪਾਰਟੀ ਨੂੰ ਨਵੀਂ ਦਿਸ਼ਾ ਦੇਣ ਦਾ ਕੰਮ ਕਰਾਂਗੇ।’’