ਰੇਲਵੇ ਦੀ ਇੱਕ ਹੋਰ ਪੁਲਾਂਘ : ਪੰਜਾਬ ਤੋਂ ਸੀਮਿੰਟ ਲੈ ਕੇ ਪਹਿਲੀ ਮਾਲ ਗੱਡੀ ਕਸ਼ਮੀਰ ਪਹੁੰਚੀ
ਭਾਰਤੀ ਰੇਲਵੇ ਲਈ ਇੱਕ ਇਤਿਹਾਸਕ ਪ੍ਰਾਪਤੀ ਦਾ ਪਲ ਹੈ, ਜਦੋਂ ਪਹਿਲੀ ਵਾਰ ਮਾਲ ਗੱਡੀ ਸਾਮਾਨ ਲੈ ਕੇ ਕਸ਼ਮੀਰ ਵਾਦੀ ਪਹੁੰਚੀ ਹੈ। ਇਸ ਦੇ ਨਾਲ ਕਸ਼ਮੀਰ ਵਾਦੀ ਵਿੱਚ ਲੌਜਿਸਟਿਕਸ ਅਤੇ ਆਰਥਿਕ ਵਿਕਾਸ ਦਾ ਇੱਕ ਨਵਾਂ ਅਧਿਆਇ ਸ਼ੁਰੂ ਹੋਇਆ ਹੈ।ਪੰਜਾਬ ਦੇ ਰੂਪਨਗਰ ਤੋਂ ਸੀਮਿੰਟ ਲੈ ਕੇ ਜਾਣ ਵਾਲੀ ਇਹ ਮਾਲ ਗੱਡੀ ਕਸ਼ਮੀਰ ਵਾਦੀ ਦੇ ਅਨੰਤਨਾਗ ਮਾਲ ਸ਼ੈੱਡ ਪਹੁੰਚੀ। ਇਸ ਇਤਿਹਾਸਕ ਕਦਮ ਨਾਲ ਕਸ਼ਮੀਰ ਖੇਤਰ ਸਿੱਧੇ ਤੌਰ 'ਤੇ ਕੌਮੀ ਮਾਲ ਨੈੱਟਵਰਕ ਨਾਲ ਜੁੜ ਗਿਆ ਹੈ।
ਉੱਤਰੀ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਹਿਮਾਂਸ਼ੂ ਸ਼ੇਖਰ ਉਪਾਧਿਆਏ ਨੇ ਕਿਹਾ ਕਿ ਸੀਮਿੰਟ ਢੋਣ ਵਾਲੀ ਮਾਲ ਗੱਡੀ ਦੇ ਆਉਣ ਨਾਲ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਨੂੰ ਤੇਜ਼ ਕਰਨ ਅਤੇ ਕਸ਼ਮੀਰ ਦੇ ਲੋਕਾਂ ਦੇ ਜੀਵਨ ਪੱਧਰ ਨੂੰ ਬਿਹਤਰ ਬਣਾਉਣ ਵਿਚ ਮਦਦਗਾਰ ਹੋਣ ਦੀ ਉਮੀਦ ਹੈ।
21 ਬੀਸੀਐਨ ਵੈਗਨਾਂ ਵਿੱਚ ਸੀਮਿੰਟ ਨਾਲ ਲੱਦੀ ਇਸ ਮਾਲ ਗੱਡੀ ਨੇ 18 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਲਗਭਗ 600 ਕਿਲੋਮੀਟਰ ਦੀ ਦੂਰੀ ਤੈਅ ਕੀਤੀ ਅਤੇ ਅਨੰਤਨਾਗ ਪਹੁੰਚੀ।
ਉਨ੍ਹਾਂ ਕਿਹਾ ਕਿ ਇਸ ਸੀਮਿੰਟ ਦੀ ਵਰਤੋਂ ਘਾਟੀ ਵਿੱਚ ਸੜਕਾਂ, ਪੁਲਾਂ, ਜਨਤਕ ਬੁਨਿਆਦੀ ਢਾਂਚੇ ਅਤੇ ਰਿਹਾਇਸ਼ੀ ਇਮਾਰਤਾਂ ਵਰਗੇ ਅਹਿਮ ਪ੍ਰੋਜੈਕਟਾਂ ਦੀ ਉਸਾਰੀ ਵਿੱਚ ਕੀਤੀ ਜਾਵੇਗੀ, ਜਿਸ ਨਾਲ ਵਿਕਾਸ ਨੂੰ ਤੇਜ਼ ਕਰਨ ਅਤੇ ਲੋਕਾਂ ਦੇ ਜੀਵਨ ਪੱਧਰ ਵਿੱਚ ਸੁਧਾਰ ਹੋਣ ਦੀ ਉਮੀਦ ਹੈ।
ਦੱਸ ਦਈਏ ਕਿ ਇਸ ਯਾਤਰਾ ਦੀਆਂ ਤਿਆਰੀਆਂ 7 ਅਗਸਤ, 2025 ਨੂੰ ਰਾਤ 11:14 ਵਜੇ ਉੱਤਰੀ ਰੇਲਵੇ ਨੂੰ ਇੰਡੈਂਟ ਭੇਜਣ ਨਾਲ ਸ਼ੁਰੂ ਹੋਈਆਂ। ਬੀਤੇ ਦਿਨ 8 ਅਗਸਤ ਨੂੰ ਸਵੇਰੇ 9:40 ਵਜੇ ਰੇਕ ਦਾ ਪ੍ਰਬੰਧ ਕੀਤਾ ਗਿਆ ਸੀ ਅਤੇ ਰੇਲ ਗੱਡੀ ਉਸੇ ਸ਼ਾਮ 6:10 ਵਜੇ ਲੋਡਿੰਗ ਪੂਰੀ ਕਰਨ ਤੋਂ ਬਾਅਦ ਸ਼ਾਮ 6:55 ਵਜੇ ਰੂਪਨਗਰ ਵਿੱਚ ਸਥਿਤ ਗੁਜਰਾਤ ਅੰਬੂਜਾ ਸੀਮਿੰਟ ਲਿਮਟਿਡ (GACL) ਤੋਂ ਰਵਾਨਾ ਹੋਈ।
ਰੇਲਵੇ ਅਧਿਕਾਰੀਆਂ ਨੇ ਕਿਹਾ, “ਇਹ ਸਿਰਫ਼ ਇੱਕ ਢੋਆ-ਢੁਆਈ ਦੀ ਉਪਲਬਧੀ ਹੀ ਨਹੀਂਂ ਸਗੋਂ ਕਸ਼ਮੀਰ ਵਾਦੀ ਵਿੱਚ ਤਰੱਕੀ, ਏਕੀਕਰਨ ਅਤੇ ਖੁਸ਼ਹਾਲੀ ਵੱਲ ਇੱਕ ਸ਼ਕਤੀਸ਼ਾਲੀ ਕਦਮ ਹੈ। ਇਸ ਇਤਿਹਾਸਕ ਪਲ ਨੇ ਵਾਦੀ ਵਿੱਚ ਸੰਪਰਕ ਅਤੇ ਨਿਵੇਸ਼ ਦੇ ਨਵੇਂ ਮੌਕਿਆਂ ਲਈ ਦਰਵਾਜ਼ੇ ਖੋਲ੍ਹ ਦਿੱਤੇ ਹਨ।”