ਸੀਬੀਆਈ ਨੇ ਭਾਰਤੀ ਸਟੇਟ ਬੈਂਕ (ਐੱਸਬੀਆਈ) ਨਾਲ 2,929.05 ਕਰੋੜ ਰੁਪਏ ਦੀ ਕਥਿਤ ਧੋਖਾਧੜੀ ਦੇ ਮਾਮਲੇ ’ਚ ਕੇਸ ਦਰਜ ਕਰਨ ਮਗਰੋਂ ਰਿਲਾਇੰਸ ਕਮਿਊਨਿਕੇਸ਼ਨ ਲਿਮਟਿਡ (ਆਰਕੌਮ) ਦੇ ਡਾਇਰੈਕਟਰ ਅਨਿਲ ਅੰਬਾਨੀ ਦੀ ਮੁੰਬਈ ਸਥਿਤ ਰਿਹਾਇਸ਼ ਦੀ ਤਲਾਸ਼ੀ ਲਈ। ਅਧਿਕਾਰੀਆਂ ਨੇ ਕਿਹਾ ਕਿ ਸੀਬੀਆਈ ਨੇ ਸ਼ਨਿਚਰਵਾਰ ਨੂੰ ਮੁੰਬਈ ’ਚ ਦੋ ਥਾਵਾਂ ਆਰਕੌਮ ਦੇ ਅਧਿਕਾਰਤ ਦਫ਼ਤਰ ਅਤੇ ਅਨਿਲ ਅੰਬਾਨੀ ਦੀ ਰਿਹਾਇਸ਼ ’ਤੇ ਛਾਪੇ ਮਾਰੇ। ਸੀਬੀਆਈ ਨੇ ਵੀਰਵਾਰ ਨੂੰ ਭਾਰਤੀ ਸਟੇਟ ਬੈਂਕ ਦੀ ਸ਼ਿਕਾਇਤ ਦੇ ਆਧਾਰ ’ਤੇ ਆਰਕੌਮ, ਮੁੰਬਈ ਅਤੇ ਉਸ ਦੇ ਡਾਇਰੈਕਟਰ ਅਨਿਲ ਅੰਬਾਨੀ, ਅਣਪਛਾਤੇ ਸਰਕਾਰੀ ਅਫ਼ਸਰਾਂ ਅਤੇ ਹੋਰਾਂ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਸੀ।
ਇਸ ਮਗਰੋਂ ਵਿਸ਼ੇਸ਼ ਅਦਾਲਤ ਤੋਂ ਵਾਰੰਟ ਹਾਸਲ ਕਰਨ ਮਗਰੋਂ ਛਾਪੇ ਮਾਰੇ ਗਏ ਹਨ। ਸੂਤਰਾਂ ਨੇ ਕਿਹਾ ਕਿ ਮੁੰਬਈ ਦੇ ਕਫ਼ ਪਰੇਡ ਸਥਿਤ ਅੰਬਾਨੀ ਦੀ ਰਿਹਾਇਸ਼ ‘ਸੀਅ ਵਿੰਡ’ ’ਤੇ ਛਾਪਾ ਮਾਰਿਆ ਗਿਆ। ਸੀਬੀਆਈ ਨੇ ਕਿਹਾ ਕਿ ਅੰਬਾਨੀ ਅਤੇ ਆਰਕੌਮ ’ਤੇ ਅਪਰਾਧਿਕ ਸਾਜ਼ਿਸ਼, ਧੋਖਾਧੜੀ ਅਤੇ ਅਪਰਾਧਿਕ ਵਿਸ਼ਵਾਸਘਾਤ ਦੇ ਦੋਸ਼ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਸੀਬੀਆਈ ਤਰਜਮਾਨ ਨੇ ਕਿਹਾ, ‘‘ਦੋਸ਼ ਹੈ ਕਿ ਮੁਲਜ਼ਮਾਂ ਨੇ ਅਪਰਾਧਿਕ ਸਾਜ਼ਿਸ਼ ਤਹਿਤ ਗਲਤ ਜਾਣਕਾਰੀ ਦਿੱਤੀ ਅਤੇ ਆਰਕੌਮ ਦੇ ਪੱਖ ’ਚ ਐੱਸਬੀਆਈ ਤੋਂ ਕਰਜ਼ਾ ਸਹੂਲਤਾਂ ਮਨਜ਼ੂਰ ਕਰਵਾਈਆਂ।’’ ਉਨ੍ਹਾਂ ਕਿਹਾ ਕਿ ਕਰਜ਼ੇ ਦੀ ਰਕਮ ਦੀ ਦੁਰਵਰਤੋਂ ਅਤੇ ਇਸ ’ਚ ਹੇਰਾ-ਫੇਰੀਦੇ ਵੀ ਦੋਸ਼ ਲੱਗੇ ਹਨ। ਐੱਸਬੀਆਈ ਨੇ 10 ਨਵੰਬਰ, 2020 ਨੂੰ ਕੰਪਨੀ ਦੇ ਖਾਤੇ ਅਤੇ ਪ੍ਰਮੋਟਰ ਅਨਿਲ ਅੰਬਾਨੀ ਨੂੰ ਧੋਖਾਧੜੀ ਕਰਨ ਵਾਲਿਆਂ ਦੀ ਸੂਚੀ ’ਚ ਰੱਖਿਆ ਸੀ ਅਤੇ 5 ਜਨਵਰੀ, 2021 ਨੂੰ ਸੀਬੀਆਈ ’ਚ ਸ਼ਿਕਾਇਤ ਦਰਜ ਕਰਵਾਈ ਸੀ।