DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅਨੰਤਨਾਗ: ਮੁਕਾਬਲੇ ’ਚ ਕਰਨਲ, ਮੇਜਰ ਤੇ ਡੀਐੱਸਪੀ ਸ਼ਹੀਦ

ਮੁਹਾਲੀ ਜ਼ਿਲ੍ਹੇ ਨਾਲ ਸਬੰਧਤ ਸੀ ਕਰਨਲ ਮਨਪ੍ਰੀਤ ਸਿੰਘ; ਅਤਿਵਾਦੀਆਂ ਦੀ ਸੂਹ ਮਿਲਣ ’ਤੇ ਪਾਇਆ ਸੀ ਘੇਰਾ
  • fb
  • twitter
  • whatsapp
  • whatsapp
featured-img featured-img
ਅਨੰਤਨਾਗ ਜ਼ਿਲ੍ਹੇ ਦੇ ਕੋਕਰਨਾਗ ਇਲਾਕੇ ’ਚ ਮੁਕਾਬਲੇ ਵਾਲੀ ਥਾਂ ’ਤੇ ਤਾਇਨਾਤ ਸੁਰੱਖਿਆ ਬਲਾਂ ਦੇ ਜਵਾਨ। -ਫੋਟੋ: ਏਐੱਨਆਈ
Advertisement

* ਲਸ਼ਕਰ-ਏ-ਤਇਬਾ ਨਾਲ ਸਬੰਧਤ ਪਾਬੰਦੀਸ਼ੁਦਾ ਅਤਿਵਾਦੀ ਜਥੇਬੰਦੀ ਨੇ ਲਈ ਜ਼ਿੰਮੇਵਾਰੀ

* ਰਾਜੌਰੀ ਮੁਕਾਬਲੇ ਵਿੱਚ ਦੋ ਅਤਿਵਾਦੀ ਹਲਾਕ

ਸ੍ਰੀਨਗਰ, 13 ਸਤੰਬਰ

ਜੰਮੂ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਕੋਕਰਨਾਗ ਇਲਾਕੇ ਵਿੱਚ ਅਤਿਵਾਦੀਆਂ ਨਾਲ ਮੁਕਾਬਲੇ ਵਿੱਚ ਇਕ ਕਰਨਲ, ਮੇਜਰ ਅਤੇ ਪੁਲੀਸ ਦਾ ਡੀਐੱਸਪੀ ਸ਼ਹੀਦ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਗੜੋਲ ਇਲਾਕੇ ਵਿੱਚ ਅਤਿਵਾਦੀਆਂ ਖ਼ਿਲਾਫ਼ ਵਿੱਢੀ ਮੁਹਿੰਮ ਦੌਰਾਨ 19 ਰਾਸ਼ਟਰੀ ਰਾਈਫਲਜ਼ ਦੇ ਕਮਾਂਡਿੰਗ ਅਫਸਰ ਕਰਨਲ ਮਨਪ੍ਰੀਤ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਮੇਜਰ ਆਸ਼ੀਸ਼ ਧੋਨੈਕ ਅਤੇ ਜੰਮੂ ਕਸ਼ਮੀਰ ਪੁਲੀਸ ਦੇ ਡਿਪਟੀ ਸੁਪਰਡੈਂਟ ਹਮਾਯੂੰ ਭੱਟ ਗੋਲੀਬਾਰੀ ਵਿੱਚ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਸਨ। ਦੋਵੇਂ ਅਧਿਕਾਰੀਆਂ ਨੇ ਹਸਪਤਾਲ ਵਿੱਚ ਇਲਾਜ ਦੌਰਾਨ ਦਮ ਤੋੜ ਦਿੱਤਾ। ਕਰਨਲ ਮਨਪ੍ਰੀਤ ਸਿੰਘ ਪੰਜਾਬ ਦੇ ਮੁਹਾਲੀ ਜ਼ਿਲ੍ਹੇ ਨਾਲ ਸਬੰਧਤ ਹਨ ਜਦਕਿ ਹਮਾਯੂੰ ਭੱਟ ਦੱਖਣੀ ਕਸ਼ਮੀਰ ਦੇ ਤਰਾਲ ਦਾ ਵਸਨੀਕ ਹੈ। ਹਮਾਯੂੰ ਭੱਟ ਦੇ ਪਿਤਾ ਗੁਲਾਮ ਹਸਨ ਭੱਟ ਜੰਮੂ ਕਸ਼ਮੀਰ ਪੁਲੀਸ ਦੇ ਇੰਸਪੈਕਟਰ ਜਨਰਲ ਵਜੋਂ 2018 ਵਿੱਚ ਸੇਵਾਮੁਕਤ ਹੋਏ ਸਨ। ਉਧਰ ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਵਿੱਚ ਸੋਮਵਾਰ ਤੋਂ ਚੱਲ ਰਹੇ ਮੁਕਾਬਲੇ ਵਿੱਚ ਇੱਕ ਹੋਰ ਦਹਿਸ਼ਤਗਰਦ ਮਾਰਿਆ ਗਿਆ। ਜ਼ਿਲ੍ਹੇ ਦੇ ਦੂਰ-ਦੁਰਾਡੇ ਪਿੰਡ ਵਿੱਚ ਤਿੰਨ ਦਿਨਾਂ ਤੋਂ ਚੱਲ ਰਹੀ ਕਾਰਵਾਈ ਦੌਰਾਨ ਰਾਈਫਲਮੈਨ ਰਵੀ ਕੁਮਾਰ ਅਤੇ ਫ਼ੌਜ ਦਾ ਲੈਬਰਾਡੋਰ ਨਸਲ ਦਾ ਕੁੱਤਾ ਸ਼ਹੀਦ ਹੋ ਗਿਆ ਜਦਕਿ ਤਿੰਨ ਸੁਰੱਖਿਆ ਮੁਲਾਜ਼ਮ ਜ਼ਖ਼ਮੀ ਹੋ ਗਏ ਸਨ।

Advertisement

ਕਰਨਲ ਮਨਪ੍ਰੀਤ ਸਿੰਘ, ਮੇਜਰ ਆਸ਼ੀਸ਼ ਧੋਨੈਕ, ਡੀਐੱਸਪੀ ਹਮਾਯੂੰ ਭੱਟ

ਕੋਕਰਨਾਗ ਇਲਾਕੇ ਵਿੱਚ ਹੋਏ ਮੁਕਾਬਲੇ ਦੀ ਜ਼ਿੰਮੇਵਾਰੀ ਲਸ਼ਕਰ-ਏ-ਤਇਬਾ ਨਾਲ ਸਬੰਧਤ ਇੱਕ ਪਾਬੰਦੀਸ਼ੁਦਾ ਅਤਿਵਾਦੀ ਜਥੇਬੰਦੀ ਨੇ ਲਈ ਹੈ। ਅਧਿਕਾਰੀਆਂ ਦਾ ਮੰਨਣਾ ਹੈ ਕਿ ਇਹ ਉਹ ਹੀ ਅਤਿਵਾਦੀ ਹਨ ਜਿਨ੍ਹਾਂ ਨੇ 4 ਅਗਸਤ ਨੂੰ ਕੁਲਗਾਮ ਜ਼ਿਲ੍ਹੇ ਦੇ ਹਲਾਨ ਜੰਗਲੀ ਖੇਤਰ ’ਚ ਜਵਾਨਾਂ ’ਤੇ ਹਮਲਾ ਕੀਤਾ ਸੀ, ਜਿਸ ’ਚ ਤਿੰਨ ਜਵਾਨ ਸ਼ਹੀਦ ਹੋ ਗਏ ਸਨ। ਉਨ੍ਹਾਂ ਦੱਸਿਆ ਕਿ ਗੜੋਲ ਇਲਾਕੇ ਵਿੱਚ ਅਤਿਵਾਦੀਆਂ ਖ਼ਿਲਾਫ਼ ਮੁਹਿੰਮ ਬੀਤੀ ਸ਼ਾਮ ਨੂੰ ਸ਼ੁਰੂ ਹੋਈ ਸੀ ਪਰ ਰਾਤ ਨੂੰ ਇਸ ਨੂੰ ਰੋਕ ਦਿੱਤਾ ਗਿਆ ਸੀ। ਅੱਜ ਸਵੇਰੇ ਇੱਕ ਅਤਿਵਾਦੀ ਨੂੰ ਦੇਖੇ ਜਾਣ ਦੀ ਸੂਚਨਾ ਮਿਲਣ ਮਗਰੋਂ ਉਨ੍ਹਾਂ ਮੁਹਿੰਮ ਮੁੜ ਸ਼ੁਰੂ ਕਰ ਦਿੱਤੀ। ਕਰਨਲ ਮਨਪ੍ਰੀਤ ਸਿੰਘ ਟੀਮ ਦੀ ਅਗਵਾਈ ਕਰ ਰਿਹਾ ਸੀ। ਜਦੋਂ ਉਹ ਗੜੋਲ ਇਲਾਕੇ ਵਿੱਚ ਦਾਖਲ ਹੋਏ ਤਾਂ ਅਤਿਵਾਦੀਆਂ ਨੇ ਉਨ੍ਹਾਂ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਵਾਨਾਂ ਨੇ ਵੀ ਜਵਾਬੀ ਕਾਰਵਾਈ ਦੌਰਾਨ ਉਨ੍ਹਾਂ ’ਤੇ ਗੋਲੀਆਂ ਚਲਾਈਆਂ। ਇਸ ਦੌਰਾਨ ਗੋਲੀਆਂ ਲੱਗਣ ਕਾਰਨ ਕਰਨਲ ਮਨਪ੍ਰੀਤ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਮੇਜਰ ਆਸ਼ੀਸ਼ ਅਤੇ ਡਿਪਟੀ ਐੱਸਪੀ ਭੱਟ ਗੋਲੀਆਂ ਲੱਗਣ ਕਾਰਨ ਗੰਭੀਰ ਜ਼ਖ਼ਮੀ ਹੋ ਗਏ ਅਤੇ ਮਗਰੋਂ ਇਲਾਜ ਦੌਰਾਨ ਤਿੰਨਾਂ ਦੀ ਮੌਤ ਹੋ ਗਈ। ਸੁਰੱਖਿਆ ਬਲਾਂ ਨੇ ਹੈਲੀਕਾਪਟਰਾਂ ਦੀ ਮਦਦ ਨਾਲ ਅਧਿਕਾਰੀਆਂ ਨੂੰ ਬਾਹਰ ਕੱਢਿਆ। ਇਸ ਦੌਰਾਨ ਜੰਮੂ ਜ਼ੋਨ ਦੇ ਏਡੀਜੀਪੀ ਮੁਕੇਸ਼ ਸਿੰਘ ਨੇ ਦੱਸਿਆ ਕਿ ਨਾਰਲਾ ਪਿੰਡ ਵਿੱਚ ਬੀਤੇ ਦਿਨ ਹੋਏ ਮੁਕਾਬਲੇ ’ਚ ਇਕ ਸ਼ੱਕੀ ਪਾਕਿਸਤਾਨੀ ਦਹਿਸ਼ਤਗਰਦ ਮਾਰਿਆ ਗਿਆ ਸੀ। ਇਸੇ ਤਰ੍ਹਾਂ ਅੱਜ ਮੁਕਾਬਲੇ ’ਚ ਇੱਕ ਹੋਰ ਦਹਿਸ਼ਤਗਰਦ ਮਾਰਿਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਸੋਮਵਾਰ ਨੂੰ ਪਤਰਾਡਾ ਇਲਾਕੇ ਦੇ ਜੰਗਲੀ ਖੇਤਰ ਵਿੱਚ ਘੇਰਾਬੰਦੀ ਕਰ ਕੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਅਤੇ ਦੋ ਵਿਅਕਤੀਆਂ ਦੀਆਂ ਸ਼ੱਕੀ ਗਤੀਵਿਧੀਆਂ ਦੇਖ ਕੇ ਗੋਲੀਆਂ ਚਲਾਈਆਂ। ਦੋਵੇਂ ਸ਼ੱਕੀ ਹਨੇਰੇ ਅਤੇ ਸੰਘਣੇ ਜੰਗਲ ਦੀ ਆੜ ’ਚ ਫਰਾਰ ਹੋ ਗਏ। ਕਿਸ਼ਤਵਾੜ ਜ਼ਿਲ੍ਹੇ ਦੇ ਸ਼ਹੀਦ ਰਾਈਫਲਮੈਨ ਰਵੀ ਕੁਮਾਰ ਲਈ ਅੱਜ ਸਵੇਰੇ ਰਾਜੌਰੀ ਸਥਿਤ ਫੌਜੀ ਚੌਕੀ ਵਿੱਚ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਇਸੇ ਤਰ੍ਹਾਂ ਅੱਜ ਕੈਂਟ ਦੀ ਦੇਹ ਨੂੰ ਤਿਰੰਗੇ ਵਿੱਚ ਲਪੇਟ ਕੇ ਉਸ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਮੁਕਾਬਲੇ ਦੌਰਾਨ ਜਵਾਨ ਦੀ ਜਾਨ ਬਚਾਉਂਦਾ ਮਾਰਿਆ ਗਿਆ ਫੌਜ ਦਾ ਛੇ ਸਾਲਾ ਲੈਬਰਾਡੋਰ ਨਸਲ ਦਾ ਕੁੱਤਾ (ਮਾਦਾ) ਕੈਂਟ ਇਸ ਤੋਂ ਪਹਿਲਾਂ ਨੌਂ ਅਪਰੇਸ਼ਨਾਂ ਵਿੱਚ ਹਿੱਸਾ ਲੈ ਚੁੱਕਾ ਹੈ। ਅਧਿਕਾਰੀ ਨੇ ਦੱਸਿਆ, ‘‘ਕੈਂਟ ਭੱਜ ਰਹੇ ਅਤਿਵਾਦੀਆਂ ਦਾ ਪਿੱਛਾ ਕਰ ਰਹੇ ਜਵਾਨਾਂ ਦੀ ਅਗਵਾਈ ਕਰ ਰਿਹਾ ਸੀ। ਉਹ ਦੁਸ਼ਮਣ ਦੀ ਗੋਲੀ ਨਾਲ ਮਾਰਿਆ ਗਿਆ।’’ ਉੱਤਰੀ ਸੈਨਾ ਦੇ ਕਮਾਂਡਰ ਲੈਫਟੀਨੈਂਟ ਜਨਰਲ ਉਪੇਂਦਰ ਦਿਵੇਦੀ ਨੇ ਕਿਹਾ, ‘‘ਸਾਡੇ ਕੈਂਟ ਨੇ ਹੈਂਡਲਰ ਨੂੰ ਬਚਾਉਣ ਲਈ ਆਪਣੀ ਜਾਨ ਦੇ ਦਿੱਤੀ। ਉਸ ਨੇ ਅੱਗੇ ਵਧ ਕੇ ਅਤਿਵਾਦੀ ’ਤੇ ਹਮਲਾ ਕੀਤਾ।’’ -ਪੀਟੀਆਈ

ਜੰਮੂ ਕਸ਼ਮੀਰ ਿਵੱਚ ਹਾਲੇ ਅਤਿਵਾਦ ਖ਼ਤਮ ਨਹੀਂ ਹੋਇਆ: ਫਾਰੂਕ ਅਬਦੁੱਲਾ

ਅਨੰਤਨਾਗ ਜ਼ਿਲ੍ਹੇ ਦੇ ਕੋਕਰਨਾਗ ਇਲਾਕੇ ’ਚ ਬੁੱਧਵਾਰ ਨੂੰ ਮੁਕਾਬਲੇ ਵਾਲੀ ਥਾਂ ’ਤੇ ਮੋਰਚਾ ਸੰਭਾਲਦੇ ਹੋਏ ਸੁਰੱਖਿਆ ਬਲ ਦੇ ਜਵਾਨ। -ਫੋਟੋ: ਏਐੱਨਆਈ

ਸ੍ਰੀਨਗਰ: ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਨੇ ਅੱਜ ਇੱਥੇ ਕਿਹਾ ਕਿ ਜਦੋਂ ਤੱਕ ਭਾਰਤ ਅਤੇ ਪਾਕਿਸਤਾਨ ਸਾਰੇ ਟਕਰਾਅ ਵਾਲੇ ਮੁੱਦਿਆਂ ਦਾ ਸਥਾਈ ਹੱਲ ਲੱਭਣ ਲਈ ਗੱਲਬਾਤ ਨਹੀਂ ਕਰਦੇ ਉਦੋਂ ਤੱਕ ਜੰਮੂ ਕਸ਼ਮੀਰ ਵਿੱਚ ਅਤਿਵਾਦ ਖ਼ਤਮ ਨਹੀਂ ਹੋਵੇਗਾ। ਪਾਰਟੀ ਦਫ਼ਤਰ ਵਿੱਚ ਮੀਟਿੰਗ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਬਦੁੁੱਲਾ ਨੇ ਕਿਹਾ, ‘‘ਮੁਕਾਬਲੇ ਹੁੰਦੇ ਰਹਿਣਗੇ। ਇਹ ਕਹਿਣਾ ਕਿ ਅਤਿਵਾਦ ਖ਼ਤਮ ਹੋ ਗਿਆ ਹੈ, ਗ਼ਲਤ ਹੋਵੇਗਾ। ਇਹ ਕੱਲ੍ਹ ਵੀ ਹੋ ਰਹੇ ਸਨ ਅਤੇ ਅੱਜ ਵੀ ਹੋ ਰਹੇ ਹਨ। ਜਦੋਂ ਤੱਕ ਦੋਵੇਂ ਦੇਸ਼ ਇਸ ਦਾ ਹੱਲ ਲੱਭਣ ਲਈ ਗੱਲਬਾਤ ਨਹੀਂ ਕਰਦੇ ਉਦੋਂ ਤੱਕ ਇਹ ਇਸੇ ਤਰ੍ਹਾਂ ਜਾਰੀ ਰਹਿਣਗੇ।’’ ਅਮਰੀਕਾ ਤੋਂ ਸੇਬ, ਅਖਰੋਟ ਅਤੇ ਬਦਾਮ ਦੀ ਦਰਾਮਦ ’ਤੇ ਵਾਧੂ ਡਿਊਟੀ ਹਟਾਉਣ ਬਾਰੇ ਅਬਦੁੱਲਾ ਨੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਇਸ ਕਦਮ ਨਾਲ ਸਥਾਨਕ ਪੱਧਰ ’ਤੇ ਇਨ੍ਹਾਂ ਦੀਆਂ ਕੀਮਤਾਂ ਘੱਟ ਜਾਣਗੀਆਂ ਅਤੇ ਕਿਸਾਨਾਂ ਦਾ ਨੁਕਸਾਨ ਹੋਵੇਗਾ। ਉਨ੍ਹਾਂ ਕਿਹਾ, ‘‘ਮੈਂ ਸਰਕਾਰ ਨੂੰ ਇਸ ਮੁੱਦੇ ਵੱਲ ਧਿਆਨ ਦੇਣ ਦੀ ਅਪੀਲ ਕਰਦਾ ਹਾਂ ਤਾਂ ਜੋ ਕਿਸਾਨਾਂ ਦਾ ਨੁਕਸਾਨ ਨਾ ਹੋਵੇ। ਉਨ੍ਹਾਂ ਦਾ ਨੁਕਸਾਨ ਦੇਸ਼ ਲਈ ਚੰਗਾ ਨਹੀਂ ਹੋਵੇਗਾ।’’ -ਪੀਟੀਆਈ

ਖੜਗੇ ਤੇ ਰਾਹੁਲ ਵੱਲੋਂ ਦੁੱਖ ਦਾ ਪ੍ਰਗਟਾਵਾ

ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਪਾਰਟੀ ਆਗੂ ਰਾਹੁਲ ਗਾਂਧੀ ਨੇ ਅਤਿਵਾਦੀਆਂ ਵਿਚਾਲੇ ਹੋਏ ਮੁਕਾਬਲੇ ’ਚ ਭਾਰਤੀ ਫ਼ੌਜ ਦੇ ਇਕ ਕਰਨਲ ਤੇ ਮੇਜਰ ਅਤੇ ਪੁਲੀਸ ਦੇ ਇਕ ਡੀਐੱਸਪੀ ਦੇ ਸ਼ਹੀਦ ਹੋਣ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਰਤ ਅਤਿਵਾਦ ਖ਼ਿਲਾਫ਼ ਇਕਜੁੱਟ ਹੈ। ਉਨ੍ਹਾਂ ਕਿਹਾ ਕਿ ਸਮੁੱਚਾ ਦੇਸ਼ ਇਨ੍ਹਾਂ ਅਧਿਕਾਰੀਆਂ ਵੱਲੋਂ ਦਿੱਤੇ ਜੀਵਨ ਬਲੀਦਾਨ ਨੂੰ ਹਮੇਸ਼ਾ ਯਾਦ ਰੱਖੇਗਾ। ਐੱਨਸੀ ਆਗੂ ਉਮਰ ਅਬਦੁੱਲਾ, ਪੀਡੀਪੀ ਮੁਖੀ ਮਹਿਬੂਬਾ ਮੁਫਤੀ, ਕਾਂਗਰਸ ਆਗੂ ਸਜਾਦ ਗਨੀ ਲੋਨ ਨੇ ਵੀ ਅਫਸੋਸ ਜਤਾਇਆ ਹੈ। -ਆਈਏਐੱਨਐੱਸ

Advertisement
×