ਅਡਾਨੀ ਦੇ ਮੁੱਦੇ ’ਤੇ ਸੰਸਦ ਪਰਿਸਰ ’ਚ ਨਿਵੇਕਲੇ ਢੰਗ ਨਾਲ ਵਿਰੋਧ ਪ੍ਰਦਰਸ਼ਨ
* ਅਡਾਨੀ ਮਾਮਲੇ ਦੀ ਜਾਂਚ ਸਾਂਝੀ ਸੰਸਦੀ ਕਮੇਟੀ ਤੋਂ ਕਰਾਉਣ ਦੀ ਕੀਤੀ ਮੰਗ
ਨਵੀਂ ਦਿੱਲੀ, 5 ਦਸੰਬਰ
ਕਾਂਗਰਸ ਆਗੂ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ ਹੈ ਕਿ ਦੇਸ਼ ਦੇ ਲੋਕ ‘ਅਡਾਨੀ ਮੇਗਾ ਘੁਟਾਲੇ’ ਦੇ ਮਾਮਲੇ ’ਤੇ ਸੰਸਦ ’ਚ ਚਰਚਾ ਚਾਹੁੰਦੇ ਹਨ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਸਰਕਾਰ ਇਸ ਮੁੱਦੇ ਤੋਂ ਭੱਜ ਰਹੀ ਹੈ। ‘ਇੰਡੀਆ’ ਗੱਠਜੋੜ ’ਚ ਸ਼ਾਮਲ ਕਈ ਧਿਰਾਂ ਦੇ ਆਗੂਆਂ ਨੇ ਕਾਲੀਆਂ ਜੈਕੇਟਾਂ ’ਤੇ ‘ਮੋਦੀ ਅਡਾਨੀ ਏਕ ਹੈਂ’ ਅਤੇ ‘ਅਡਾਨੀ ਸੇਫ਼ ਹੈਂ’ ਵਾਲੇ ਸਟਿਕਰ ਲਗਾ ਕੇ ਸੰਸਦ ਪਰਿਸਰ ’ਚ ਪ੍ਰਦਰਸ਼ਨ ਕੀਤਾ ਅਤੇ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਉਨ੍ਹਾਂ ਮੰਗ ਕੀਤੀ ਕਿ ਅਡਾਨੀ ਮੁੱਦੇ ਦੀ ਸਾਂਝੀ ਸੰਸਦੀ ਕਮੇਟੀ ਤੋਂ ਜਾਂਚ ਕਰਵਾਈ ਜਾਣੀ ਚਾਹੀਦੀ ਹੈ।
ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਆਪਣੀ ਸਫ਼ੈਦ ਰੰਗ ਦੀ ਟੀ-ਸ਼ਰਟ ’ਤੇ ਅਜਿਹਾ ਸਟਿਕਰ ਲਗਾਇਆ ਹੋਇਆ ਸੀ ਅਤੇ ਦਾਅਵਾ ਕੀਤਾ ਕਿ ਮੋਦੀ ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਖ਼ਿਲਾਫ਼ ਜਾਂਚ ਨਹੀਂ ਕਰਾਉਣਗੇ ਕਿਉਂਕਿ ਇਸ ਨਾਲ ਆਪ-ਮੁਹਾਰੇ ਹੀ ਉਨ੍ਹਾਂ ਖ਼ਿਲਾਫ਼ ਵੀ ਜਾਂਚ ਸ਼ੁਰੂ ਹੋ ਸਕਦੀ ਹੈ। ਵਿਰੋਧੀ ਧਿਰਾਂ ਦੇ ਮੈਂਬਰਾਂ ਨੇ ਸੰਸਦ ਪਰਿਸਰ ਅੰਦਰ ਰੋਸ ਮਾਰਚ ਵੀ ਕੀਤਾ। -ਪੀਟੀਆਈ
ਕੇਂਦਰ ਸਰਕਾਰ ’ਤੇ ਨਵੇਂ ਬਿੱਲਾਂ ਰਾਹੀਂ ਹਿੰਦੀ ਥੋਪਣ ਦਾ ਦੋਸ਼
ਨਵੀਂ ਦਿੱਲੀ:
ਵਿਰੋਧੀ ਧਿਰ ਦੇ ਮੈਂਬਰਾਂ ਨੇ ਅੱਜ ਰਾਜ ਸਭਾ ’ਚ ਦੋਸ਼ ਲਾਇਆ ਕਿ ਸਰਕਾਰ ਨਵੇਂ ਬਿੱਲਾਂ ਰਾਹੀਂ ਹਿੰਦੀ ਥੋਪਣ ਦੀ ਕੋਸ਼ਿਸ਼ ਕਰ ਰਹੀ ਹੈ। ਹੁਕਮਰਾਨ ਧਿਰ ਦੇ ਮੈਂਬਰਾਂ ਨੇ ਕਿਹਾ ਕਿ ਵਿਰੋਧੀ ਆਗੂ ਅਜੇ ਵੀ ਬਸਤੀਵਾਦੀ ਮਾਨਸਿਕਤਾ ਨਾਲ ਬੱਝੇ ਹੋਏ ਹਨ। ਕਰੀਬ 90 ਸਾਲ ਪੁਰਾਣੇ ਏਅਰਕ੍ਰਾਫਟ ਐਕਟ ਦੀ ਥਾਂ ਲੈਣ ਵਾਲੇ ‘ਭਾਰਤੀਯ ਵਾਯੂਯਾਨ ਵਿਧੇਯਕ’ ’ਤੇ ਚਰਚਾ ’ਚ ਹਿੱਸਾ ਲੈਂਦਿਆਂ ਟੀਐੱਮਸੀ ਆਗੂ ਸਾਗਰਿਕਾ ਘੋਸ਼ ਨੇ ਬਿੱਲ ਦੇ ਨਾਮ ਦਾ ਵਿਰੋਧ ਕੀਤਾ ਜਦਕਿ ਡੀਐੱਮਕੇ ਦੀ ਕਨੀਮੋੜੀ ਨੇ ਸਰਕਾਰ ਨੂੰ ਇਸ ਦਾ ਨਾਮ ਬਦਲਣ ਲਈ ਕਿਹਾ। ਘੋਸ਼ ਨੇ ਕਿਹਾ ਕਿ ਇੰਨੇ ਸਾਰੇ ਬਿੱਲਾਂ ਦੇ ਨਾਮ ਸਿਰਫ਼ ਹਿੰਦੀ ’ਚ ਕਿਉਂ ਹਨ ਅਤੇ ਇਹ ਹਿੰਦੀ ਥੋਪਣ ਦੀ ਕੋਸ਼ਿਸ਼ ਹੈ। ਕਨੀਮੋੜੀ ਨੇ ਕਿਹਾ ਕਿ ਜਿਹੜੇ ਲੋਕ ਹਿੰਦੀ ਨਹੀਂ ਬੋਲ ਸਕਦੇ ਹਨ, ਉਨ੍ਹਾਂ ’ਤੇ ਇਸ ਨੂੰ ਥੋਪਣ ਦੀ ਕੋਸ਼ਿਸ਼ ਨਾ ਕੀਤੀ ਜਾਵੇ। ਵਾਈਆਰਐੱਸਸੀਪੀ ਦੇ ਐੱਸ ਨਿਰੰਜਣ ਰੈੱਡੀ ਨੇ ਕਿਹਾ ਕਿ ਉਹ 56 ਫ਼ੀਸਦੀ ਭਾਰਤੀ ਅਬਾਦੀ ਵੱਲੋਂ ਬੋਲਣ ਦੀ ਕੋਸ਼ਿਸ਼ ਕਰ ਰਹੇ ਹਨ ਜਿਨ੍ਹਾਂ ਦੀ ਮਾਂ ਬੋਲੀ ਹਿੰਦੀ ਨਹੀਂ ਹੈ। ਸੀਪੀਆਈ ਦੇ ਸੰਦੋਸ਼ ਕੁਮਾਰ ਪੀ ਨੇ ਮੰਗ ਕੀਤੀ ਕਿ ਬਿੱਲ ਦੇ ਨਾਮ ’ਚ ਸੋਧ ਕੀਤੀ ਜਾਣੀ ਚਾਹੀਦੀ ਹੈ। ਭਾਜਪਾ ਦੇ ਘਣਸ਼ਿਆਮ ਤਿਵਾੜੀ ਨੇ ਹਿੰਦੀ ਥੋਪਣ ਦੇ ਲਾਏ ਗਏ ਦੋਸ਼ਾਂ ਤੋਂ ਇਨਕਾਰ ਕਰਦਿਆਂ ਕਿਹਾ ਕਿ ਬਿੱਲ ਸਦਨ ’ਚ ਮੰਤਰੀ ਵੱਲੋਂ ਪੇਸ਼ ਕੀਤਾ ਗਿਆ ਹੈ ਜੋ ਤੇਲਗੂ ਹੈ। -ਪੀਟੀਆਈ
ਪਾਤਰਾ ਵੱਲੋਂ ਰਾਹੁਲ ਖ਼ਿਲਾਫ਼ ਟਿੱਪਣੀ ’ਤੇ ਲੋਕ ਸਭਾ ਸਪੀਕਰ ਨੂੰ ਪੱਤਰ
ਨਵੀਂ ਦਿੱਲੀ:
ਕਾਂਗਰਸੀ ਸੰਸਦ ਮੈਂਬਰ ਮਨਿਕਮ ਟੈਗੋਰ ਨੇ ਭਾਜਪਾ ਆਗੂ ਸੰਬਿਤ ਪਾਤਰਾ ਵੱਲੋਂ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਖ਼ਿਲਾਫ਼ ‘ਮੰਦੀ ਭਾਸ਼ਾ’ ਵਰਤਣ ’ਤੇ ਚਿੰਤਾ ਜਤਾਉਂਦਿਆਂ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਪੱਤਰ ਲਿਖ ਕੇ ਪਾਤਰਾ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਬਿਰਲਾ ਨੂੰ ਲਿਖੇ ਪੱਤਰ ’ਚ ਟੈਗੋਰ ਨੇ ਦੋਸ਼ ਲਾਇਆ ਕਿ ਪਾਤਰਾ ਦਾ ਵਿਹਾਰ ਮਰਿਆਦਾ ਦੀ ਸਪੱਸ਼ਟ ਉਲੰਘਣਾ ਹੈ। ਭਾਜਪਾ ਦੇ ਸੰਸਦ ਮੈਂਬਰਾਂ ਕੇ ਲਕਸ਼ਮਣ ਅਤੇ ਪਾਤਰਾ ਨੇ ਫਰਾਂਸੀਸੀ ਮੀਡੀਆ ਕੰਪਨੀ ‘ਮੀਡੀਆਪਾਰਟ’ ਵੱਲੋਂ ਪ੍ਰਕਾਸ਼ਿਤ ਰਿਪੋਰਟ ਦਾ ਹਵਾਲਾ ਦਿੰਦਿਆਂ ਰਾਹੁਲ ਗਾਂਧੀ ਨੂੰ ਨਿਸ਼ਾਨਾ ਬਣਾਇਆ ਸੀ। -ਪੀਟੀਆਈ