DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕਾਂਗਰਸ ਨੂੰ ਵਿਰੋਧੀ ਧਿਰ ਦੀ ਇਕਜੁੱਟਤਾ ਲਈ ਕਦਮ ਚੁੱਕਣ ਦੀ ਅਪੀਲ

ਮਮਤਾ ਦੀ ਰਾਹ ਤੁਰੇ ਕੇਜਰੀਵਾਲ ਨੂੰ ‘ਇੰਡੀਆ’ ਗੱਠਜੋੜ ਦਾ ਹਿੱਸਾ ਬਣੇ ਰਹਿਣ ਲਈ ਮਨਾਉਣ ਦੀ ਲੋੜ ’ਤੇ ਜ਼ੋਰ
  • fb
  • twitter
  • whatsapp
  • whatsapp
Advertisement

ਮੁੰਬਈ, 3 ਦਸੰਬਰ

ਸ਼ਿਵ ਸੈਨਾ (ਯੂਬੀਟੀ) ਨੇ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਵੱਲੋਂ ਆਪਣੇ ਦਮ ’ਤੇ ਚੋਣ ਲੜਨ ਦਾ ਐਲਾਨ ਕਰਨ ਅਤੇ ਪੱਛਮੀ ਬੰਗਾਲ ਵਿੱਚ ਤ੍ਰਿਣਮੂਲ ਕਾਂਗਰਸ ਵੱਲੋਂ ਕਾਂਗਰਸ ਤੋਂ ਦੂਰੀ ਬਣਾ ਕੇ ਰੱਖਣ ਦੇ ਮੱਦੇਨਜ਼ਰ ਵਿਰੋਧੀ ਧਿਰ ਦੀ ਇਕਜੁੱਟਤਾ ਲਈ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਨੂੰ ਕਦਮ ਚੁੱਕਣ ਦੀ ਅਪੀਲ ਕੀਤੀ ਹੈ। ਊਧਵ ਠਾਕਰੇ ਦੀ ਅਗਵਾਈ ਵਾਲੀ ਪਾਰਟੀ ਨੇ ਆਪਣੇ ਮੁੱਖ ਪੱਤਰ ‘ਸਾਮਨਾ’ ਦੇ ਸੰਪਾਦਕੀ ਵਿੱਚ ਜ਼ੋਰ ਦੇ ਕੇ ਕਿਹਾ ਕਿ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ‘ਇੰਡੀਆ’ ਗੱਠਜੋੜ ਦਾ ਹਿੱਸਾ ਬਣੇ ਰਹਿਣ ਲਈ ਮਨਾਉਣ ਦੀ ਲੋੜ ਹੈ।

Advertisement

ਸੰਪਾਦਕੀ ਵਿੱਚ ਕਿਹਾ ਗਿਆ, ‘ਪੱਛਮੀ ਬੰਗਾਲ ਵਿੱਚ (ਤ੍ਰਿਣਮੂਲ ਕਾਂਗਰਸ ਮੁਖੀ) ਮਮਤਾ ਬੈਨਰਜੀ ਕਾਂਗਰਸ ਤੋਂ ਦੂਰੀ ਬਣਾ ਕੇ ਸਿਆਸਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਹੁਣ ਕੇਜਰੀਵਾਲ ਵੀ ਉਸੇ ਰਾਹ ’ਤੇ ਚੱਲ ਰਹੇ ਹਨ। ਕਾਂਗਰਸ ਨੂੰ ਇਸ ਸਬੰਧੀ ਆਤਮ ਚਿੰਤਨ ਕਰਨ ਅਤੇ (ਵਿਰੋਧੀ ਧਿਰਾਂ ਦੀ) ਏਕਤਾ ਲਈ ਕਦਮ ਚੁੱਕਣ ਦੀ ਲੋੜ ਹੈ।’ ‘ਸਾਮਨਾ’ ਅਨੁਸਾਰ ਜੇ ‘ਇੰਡੀਆ’ ਗੱਠਜੋੜ ਦਾ ਹਿੱਸਾ ‘ਆਪ’ ਵਰਗੀ ਪਾਰਟੀ ਦਿੱਲੀ ਵਿਧਾਨ ਸਭਾ ਚੋਣਾਂ ਇਕੱਲਿਆਂ ਲੜਨ ਦਾ ਸੱਦਾ ਦਿੰਦੀ ਹੈ ਤਾਂ ਕਾਂਗਰਸ ਨੂੰ ਸਖ਼ਤ ਮਿਹਨਤ ਕਰਨੀ ਪਵੇਗੀ ਤਾਂ ਜੋ ਦੂਜੇ ਰਾਜਾਂ ਵਿੱਚ ਅਜਿਹਾ ਨਾ ਹੋਵੇ। ਸੰਪਾਦਕੀ ’ਚ ਕਿਹਾ ਗਿਆ ਹੈ ਕਿ ‘ਆਪ’ ਦਿੱਲੀ ਵਿੱਚ ਕੰਮ ਕਰਕੇ ਪੰਜਾਬ ਚੋਣਾਂ ਜਿੱਤ ਸਕਦੀ ਹੈ। ‘ਆਪ’ ਨੇ ਪੰਜਾਬ ਵਿੱਚ ਕਾਂਗਰਸ ਨੂੰ ਹਰਾਇਆ ਅਤੇ ਕੌਮੀ ਰਾਜਧਾਨੀ ’ਚ ਵੀ ਕਾਂਗਰਸ ਅਤੇ ਭਾਜਪਾ ਨੂੰ ਪਰਖਿਆ। ਸ਼ਿਵ ਸੈਨਾ (ਯੂਬੀਟੀ) ਨੇ ਕਿਹਾ, ‘ਭਾਜਪਾ ਵਿਰੋਧੀ ਗੱਠਜੋੜ ਵਿੱਚ ‘ਆਪ’ ਦਾ ਹੋਣਾ ਜ਼ਰੂਰੀ ਹੈ।’ -ਪੀਟੀਆਈ

Advertisement
×