ਅਮਿਤਾਭ ਬੱਚਨ ਵੱਲੋਂ ‘ਕੌਣ ਬਣੇਗਾ ਕਰੋੜਪਤੀ’ ਦੇ ਸੀਜ਼ਨ-17 ਦੀ ਸ਼ੂਟਿੰਗ ਸ਼ੁਰੂ
ਮੈਗਾਸਟਾਰ ਅਮਿਤਾਭ ਬੱਚਨ ਨੇ ਕੁਇਜ਼ ਸ਼ੋਅ ‘ਕੋਣ ਬਣੇਗਾ ਕਰੋੜਪਤੀ’ ਦੇ ਸੀਜ਼ਨ-17 ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਨਿਰਮਾਤਾਵਾਂ ਨੇ ਦੱਸਿਆ ਕਿ ਸ਼ੋਅ ਦਾ ਨਵਾਂ ਸੀਜ਼ਨ ਨਾ ਸਿਰਫ਼ ਨਵੇਂ ਮੁਕਾਬਲੇਬਾਜ਼ਾਂ ਲਈ ਚੁਣੌਤੀ ਭਰਪੂਰ ਸਵਾਲ ਪੇਸ਼ ਕਰਨ ਲਈ ਤਿਆਰ ਹੈ, ਸਗੋਂ ਸ਼ੋਅ ਦੇ 25 ਸਾਲਾਂ ਦੇ ਸਫ਼ਰ ਦਾ ਜਸ਼ਨ ਮਨਾਉਣ ਲਈ ਵੀ ਕਈ ਵਿਸ਼ੇਸ਼ ਤਿਆਰੀਆਂ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਨਵੇਂ ਸੀਜ਼ਨ ਅਤੇ ਮਹਾਨ ਮੇਜ਼ਬਾਨ ਦੇ ਨਾਲ ‘ਕੇਬੀਸੀ-17’ ਭਾਰਤੀ ਟੈਲੀਵੀਜ਼ਨ ’ਤੇ ਸਭ ਤੋਂ ਵੱਧ ਮਕਬੂਲ ਸ਼ੋਅ ਵਿੱਚੋਂ ਇੱਕ ਬਣਨ ਦਾ ਵਾਅਦਾ ਕਰਦਾ ਹੈ। ਪਹਿਲੇ ਐਪੀਸੋਡ ’ਚ ਨਾ ਸਿਰਫ਼ ਕੁਝ ਨਵੇਂ ਐਲਾਨ ਹੋਣਗੇ, ਸਗੋਂ ਇਸ ਸ਼ੋਅ ਦੇ ਉਤਸ਼ਾਹ ਨੂੰ ਨਵਾਂ ਹੁਲਾਰਾ ਮਿਲੇਗਾ। ਦੱਸਣਯੋਗ ਹੈ ਕਿ ਸੋਨੀ ਟੀਵੀ ਨੇ ਇਸ ਸ਼ੋਅ ਦੀ 25ਵੀਂ ਵਰ੍ਹੇਗੰਢ ਦੇ ਮੀਲ ਪੱਥਰ ਨੂੰ ਮਨਾਉਣ ਲਈ ਮੁਹਿੰਮ ‘ਜਹਾਂ ਅਕਲ ਹੈ ਵਹਾਂ ਅਕੜ ਹੈ’ ਵੀ ਸ਼ੁਰੂ ਕੀਤੀ ਹੋਈ ਹੈ। ਨਵੇਂ ਸੀਜ਼ਨ ਦੀ ਪੂਰਵ ਸੰਧਿਆ ’ਤੇ ਅਮਿਤਾਭ ਨੇ ਸੋਸ਼ਲ ਮੀਡੀਆ ’ਤੇ ਆਪਣੇ ਵਿਚਾਰ ਸਾਂਝੇ ਕੀਤੇ ਹਨ। ਉਨ੍ਹਾਂ ਲਿਖਿਆ, ‘ਕੰਮ ’ਤੇ...ਜਲਦੀ ਉੱਠਣਾ, ਜਲਦੀ ਕੰਮ ਕਰਨਾ.. ਕੇਬੀਸੀ ਦੇ ਨਵੇਂ ਸੀਜ਼ਨ ਦਾ ਪਹਿਲਾ ਦਿਨ..ਅਤੇ ਹਮੇਸ਼ਾ ਵਾਂਗ.. ਘਬਰਾਹਟ.. ਕੰਬਦੇ ਗੋਡੇ.. ਡਰ।’
ਇਹ ਸ਼ਬਦ 24 ਸਾਲਾਂ ਬਾਅਦ ਵੀ ਅਦਾਕਾਰ ਦੀ ਨਿਰੰਤਰ ਨਿਮਰਤਾ ਅਤੇ ਉਤਸ਼ਾਹ ਨੂੰ ਦਰਸਾਉਂਦੇ ਹਨ। ਅਦਾਕਾਰ ਨੇ ਲਿਖਿਆ,‘ਮਹਾਨ ਕੇਬੀਸੀ ਫਲੋਰ ’ਤੇ ਆਉਣ ਵਾਲੇ ਮੁਕਾਬਲੇਬਾਜ਼ਾਂ ਅਤੇ ਦਰਸ਼ਕਾਂ ਲਈ ਮੇਰੀਆਂ ਸ਼ੁਭਕਾਮਨਾਵਾਂ ਅਤੇ ਪ੍ਰਾਰਥਨਾਵਾਂ।’ ‘ਕੌਣ ਬਨੇਗਾ ਕਰੋੜਪਤੀ’ ਸੀਜ਼ਨ 17 ਦਾ ਪ੍ਰੀਮੀਅਰ 11 ਅਗਸਤ ਨੂੰ ਹੋਵੇਗਾ ਅਤੇ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੋਨੀ ਐਂਟਰਟੇਨਮੈਂਟ ਟੈਲੀਵੀਜ਼ਨ ’ਤੇ ਪ੍ਰਸਾਰਿਤ ਹੋਵੇਗਾ ਅਤੇ ਸੋਨੀਲਿਵ ’ਤੇ ਸਟ੍ਰੀਮ ਕੀਤਾ ਜਾਵੇਗਾ।