ਅਮਿਤ ਸ਼ਾਹ 24 ਨੂੰ ਨਵੀਂ ਸਹਿਕਾਰੀ ਨੀਤੀ ਦਾ ਕਰਨਗੇ ਐਲਾਨ
ਕੇਂਦਰੀ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਵੀਰਵਾਰ ਨੂੰ ਨਵੀਂ ਰਾਸ਼ਟਰੀ ਸਹਿਕਾਰੀ ਨੀਤੀ ਦਾ ਐਲਾਨ ਕਰਨਗੇ। ਨਵੀਂ ਸਹਿਕਾਰੀ ਨੀਤੀ ਦੇਸ਼ ਵਿੱਚ ਸਹਿਕਾਰੀ ਖੇਤਰ ਨੂੰ ਮਜ਼ਬੂਤ ਕਰਨ ਦੇ ਸਰਕਾਰ ਦੇ ਉਦੇਸ਼ ਤਹਿਤ ਲਿਆਂਦੀ ਜਾ ਰਹੀ ਹੈ। ਇਹ ਨੀਤੀ ਸਾਬਕਾ ਕੇਂਦਰੀ ਮੰਤਰੀ ਸੁਰੇਸ਼ ਪ੍ਰਭਾਕਰ ਪ੍ਰਭੂ ਦੀ ਅਗਵਾਈ ਹੇਠਲੀ 48 ਮੈਂਬਰੀ ਰਾਸ਼ਟਰੀ ਪੱਧਰ ਦੀ ਕਮੇਟੀ ਵੱਲੋਂ ਤਿਆਰ ਕੀਤੀ ਗਈ ਹੈ। ਸਰਕਾਰੀ ਬਿਆਨ ਅਨੁਸਾਰ, ‘ਨਵੀਂ ਸਹਿਕਾਰੀ ਨੀਤੀ ਅਗਲੇ ਦੋ ਦਹਾਕਿਆਂ 2025 ਤੋਂ 45 ਤੱਕ ਭਾਰਤ ਦੇ ਸਹਿਕਾਰੀ ਅੰਦੋਲਨ ਵਿੱਚ ਮੀਲ ਪੱਥਰ ਸਾਬਤ ਹੋਵੇਗੀ।’ ਨਵੀਂ ਨੀਤੀ ਦਾ ਉਦੇਸ਼ ਸਹਿਕਾਰੀ ਖੇਤਰ ਨੂੰ ਮੁੜ ਸੁਰਜੀਤ ਕਰਨਾ ਅਤੇ ਆਧੁਨਿਕ ਬਣਾਉਣਾ ਹੈ। ਇਹ ਸਾਲ 2002 ਵਿੱਚ ਜਾਰੀ ਕੀਤੀ ਗਈ ਪਹਿਲੀ ਰਾਸ਼ਟਰੀ ਸਹਿਕਾਰੀ ਨੀਤੀ ਦੀ ਥਾਂ ਲਵੇਗੀ। ਮੰਤਰਾਲੇ ਨੇ ਕਿਹਾ ਕਿ ਇਹ ਨਵੀਂ ਨੀਤੀ ਸਹਿਕਾਰੀ ਸੰਸਥਾਵਾਂ ਨੂੰ ‘ਮੌਜੂਦਾ ਆਰਥਿਕ ਦ੍ਰਿਸ਼ਟੀਕੋਣ ਵਿੱਚ ਵਧੇਰੇ ਸਰਗਰਮ ਅਤੇ ਉਪਯੋਗੀ’ ਬਣਾਉਣ ਅਤੇ 2047 ਤੱਕ ਵਿਕਸਤ ਰਾਸ਼ਟਰ ਬਣਨ ਦੇ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਖੇਤਰ ਦੀ ਭੂਮਿਕਾ ਵਧਾਉਣ ਲਈ ਤਿਆਰ ਕੀਤੀ ਗਈ ਹੈ।