ਅਮਿਤ ਸ਼ਾਹ ਵੱਲੋਂ ਨਕਸਲੀਆਂ ਨਾਲ ਗੱਲਬਾਤ ਤੋਂ ਇਨਕਾਰ
What is there to talk, asks Shah; ਹਥਿਆਰ ਸੁੱਟ ਕੇ ਸਰਕਾਰ ਦੀ ਮੁਡ਼ ਵਸੇਬਾ ਅਪਣਾੳੁਣ ਦੀ ਦਿੱਤੀ ਸਲਾਹ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ਨਿਚਰਵਾਰ ਨੂੰ ਨਕਸਲੀਆਂ ਨਾਲ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਉਨ੍ਹਾਂ ਨੂੰ ਸਰਕਾਰ ਦੀ ‘ਆਤਮ ਸਮਰਪਣ ਅਤੇ ਮੁੜ ਵਸੇਬਾ ਨੀਤੀ’ ਸਵੀਕਾਰ ਕਰਨ ਤੋਂ ਬਾਅਦ ਹਥਿਆਰ ਸੁੱਟਣੇ ਪੈਣਗੇ।
ਛੱਤੀਸਗੜ੍ਹ ਦੇ ਬਸਤਰ ਜ਼ਿਲ੍ਹੇ ਦੇ ਮੁੱਖ ਦਫ਼ਤਰ ਜਗਦਲਪੁਰ ਵਿੱਚ ‘ਬਸਤਰ ਦਸਹਿਰਾ ਲੋਕ-ਉਤਸਵ’ ਅਤੇ ‘ਸਵਦੇਸ਼ੀ ਮੇਲੇ’ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਨਕਸਲਵਾਦ ਦੇ ਖ਼ਤਰੇ ਨੂੰ ਖਤਮ ਕਰਨ ਲਈ 31 ਮਾਰਚ 2026 ਦੀ ਸਮਾਂ ਸੀਮਾ ਤੈਅ ਕੀਤੀ ਗਈ ਹੈ। ਸ਼ਾਹ ਨੇ ਕਿਹਾ, ‘ਕੁਝ ਲੋਕਾਂ ਨੇ (ਨਕਸਲੀਆਂ ਨਾਲ) ਗੱਲਬਾਤ ਕਰਨ ਦੀ ਮੰਗ ਕੀਤੀ ਹੈ। ਮੈਂ ਦੁਬਾਰਾ ਸਪੱਸ਼ਟ ਕਰ ਦਿੰਦਾ ਹਾਂ ਕਿ ਛੱਤੀਸਗੜ੍ਹ ਅਤੇ ਕੇਂਦਰ ਸਰਕਾਰ ਦੋਵੇਂ ਬਸਤਰ ਤੇ ਸਾਰੇ ਨਕਸਲ ਪ੍ਰਭਾਵਿਤ ਖੇਤਰਾਂ ਦੇ ਵਿਕਾਸ ਲਈ ਵਚਨਬੱਧ ਹਨ। ਗੱਲ ਕਰਨ ਲਈ ਕੀ ਹੈ? ਇੱਕ ਬਿਹਤਰੀਨ ਆਤਮ ਸਮਰਪਣ ਅਤੇ ਮੁੜ ਵਸੇਬਾ ਨੀਤੀ ਲਾਗੂ ਕੀਤੀ ਗਈ ਹੈ। ਅੱਗੇ ਆਓ ਅਤੇ ਆਪਣੇ ਹਥਿਆਰ ਸੁੱਟ ਦਿਓ।’ ਉਨ੍ਹਾਂ ਕਿਹਾ ਕਿ ਉਨ੍ਹਾਂ ਇੱਥੇ ਪ੍ਰਸਿੱਧ ਮਾਂ ਦੰਤੇਸ਼ਵਰੀ ਮੰਦਰ ਦਾ ਦੌਰਾ ਕੀਤਾ ਅਤੇ ਪ੍ਰਾਰਥਨਾ ਕੀਤੀ ਕਿ ਸੁਰੱਖਿਆ ਬਲਾਂ ਨੂੰ ਅਗਲੇ ਸਾਲ 31 ਮਾਰਚ ਤੱਕ ਸਮੁੱਚੇ ਬਸਤਰ ਖੇਤਰ ਨੂੰ ‘ਲਾਲ ਅਤਿਵਾਦ’ ਤੋਂ ਮੁਕਤ ਕਰਾਉਣ ਦੀ ਤਾਕਤ ਮਿਲੇ। ਉਨ੍ਹਾਂ ਨਕਸਲੀਆਂ ਨੂੰ ਚਿਤਾਵਨੀ ਦਿੱਤੀ ਕਿ ਹਥਿਆਰਾਂ ਨਾਲ ਬਸਤਰ ਦੀ ਸ਼ਾਂਤੀ ਭੰਗ ਕਰਨ ਵਾਲਿਆਂ ਨੂੰ ਸੁਰੱਖਿਆ ਬਲ ਢੁੱਕਵਾਂ ਜਵਾਬ ਦੇਣਗੇ। ਉਨ੍ਹਾਂ ਕਿਹਾ, ‘ਦਿੱਲੀ ਵਿੱਚ ਕੁਝ ਲੋਕ ਸਾਲਾਂ ਤੋਂ ਇਹ ਗ਼ਲਤ ਜਾਣਕਾਰੀ ਫੈਲਾਉਂਦੇ ਰਹੇ ਹਨ ਕਿ ਨਕਸਲਵਾਦ ਦਾ ਜਨਮ ਵਿਕਾਸ ਲਈ ਲੜਾਈ ਵਾਸਤੇ ਹੋਇਆ ਸੀ। ਪਰ ਮੈਂ ਆਪਣੇ ਆਦਿਵਾਸੀ ਭਰਾਵਾਂ ਨੂੰ ਇਹ ਦੱਸਣ ਆਇਆ ਹਾਂ ਕਿ ਪੂਰਾ ਬਸਤਰ ਵਿਕਾਸ ਤੋਂ ਵਾਂਝਾ ਰਿਹਾ ਹੈ। ਇਸ ਦਾ ਮੂਲ ਕਾਰਨ ਨਕਸਲਵਾਦ ਹੈ।’ ਸ਼ਾਹ ਨੇ ਕਿਹਾ ਕਿ ਅੱਜ ਬਿਜਲੀ, ਪੀਣ ਵਾਲਾ ਪਾਣੀ, ਸੜਕਾਂ, ਹਰ ਘਰ ਵਿੱਚ ਪਖਾਨੇ, 5 ਲੱਖ ਰੁਪਏ ਤੱਕ ਦਾ ਸਿਹਤ ਬੀਮਾ, 5 ਕਿਲੋ ਮੁਫ਼ਤ ਚੌਲ ਆਦਿ ਭਾਰਤ ਦੇ ਹਰ ਪਿੰਡ ਵਿੱਚ ਪਹੁੰਚ ਚੁੱਕੇ ਹਨ, ਪਰ ਬਸਤਰ ਅਜਿਹੇ ਵਿਕਾਸ ਤੋਂ ਵਾਂਝਾ ਰਿਹਾ ਹੈ। ਉਨ੍ਹਾਂ ਕਿਹਾ, ‘ਨਰਿੰਦਰ ਮੋਦੀ ਸਰਕਾਰ ਨੇ 10 ਸਾਲਾਂ ਵਿੱਚ ਛੱਤੀਸਗੜ੍ਹ ਨੂੰ ਵਿਕਾਸ ਕਾਰਜਾਂ ਲਈ 4 ਲੱਖ ਕਰੋੜ ਰੁਪਏ ਤੋਂ ਵੱਧ ਫੰਡ ਦਿੱਤੇ ਹਨ। ਪ੍ਰਧਾਨ ਮੰਤਰੀ ਵੱਲੋਂ ਮੈਂ ਤੁਹਾਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ 31 ਮਾਰਚ 2026 ਤੋਂ ਬਾਅਦ ਨਕਸਲੀ ਤੁਹਾਡੇ ਵਿਕਾਸ ਨੂੰ ਨਹੀਂ ਰੋਕ ਸਕਣਗੇ। ਉਹ ਤੁਹਾਡੇ ਅਧਿਕਾਰਾਂ ਨੂੰ ਨਹੀਂ ਰੋਕ ਸਕਣਗੇ’