Amit Shah ਅਗਲੇ ਸਾਲ ਮਾਰਚ ਤਕ ਨਕਸਲਵਾਦ ਦਾ ਖਾਤਮਾ ਕੀਤਾ ਜਾਵੇਗਾ: ਸ਼ਾਹ
ਕੇਂਦਰੀ ਗ੍ਰਹਿ ਮੰਤਰੀ ਵੱਲੋਂ ਨਕਸਲੀਆਂ ਨਾਲ ਗੱਲਬਾਤ ਨਾ ਕਰਨ ’ਤੇ ਜ਼ੋਰ; ਮੌਨਸੂਨ ਦਰਮਿਆਨ ਵੀ ਨਕਸਲੀਆਂ ਖ਼ਿਲਾਫ਼ ਕਾਰਵਾਈ ਜਾਰੀ ਰੱਖਣ ਲਈ ਕਿਹਾ
ਰਾਏਪੁਰ, 22 ਜੂਨ
Amit Shah reiterates that Naxalism will be eliminated by March 31, 2026 ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਪਣੇ ਛੱਤੀਸਗੜ੍ਹ ਦੌਰੇ ਦੌਰਾਨ ਮੁੜ ਦੁਹਰਾਇਆ ਕਿ 31 ਮਾਰਚ, 2026 ਤੱਕ ਨਕਸਲਵਾਦ ਦਾ ਖਾਤਮਾ ਕਰ ਦਿੱਤਾ ਜਾਵੇਗਾ ਤੇ ਉਹ ਮੌਨਸੂਨ ਦੌਰਾਨ ਮਾਓਵਾਦੀਆਂ ਨੂੰ ਆਰਾਮ ਨਹੀਂ ਕਰਨ ਦੇਣਗੇ ਤੇ ਮੀਂਹ ਦੌਰਾਨ ਵੀ ਉਨ੍ਹਾਂ ਵਿਰੁੱਧ ਕਾਰਵਾਈ ਜਾਰੀ ਰਹੇਗੀ। ਉਨ੍ਹਾਂ ਨਕਸਲੀਆਂ ਨੂੰ ਹਥਿਆਰ ਸੁੱਟਣ ਅਤੇ ਵਿਕਾਸ ਦੀ ਯਾਤਰਾ ਵਿੱਚ ਸ਼ਾਮਲ ਹੋਣ ਦਾ ਸੰਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਨਕਸਲੀਆਂ ਨਾਲ ਗੱਲਬਾਤ ਦੀ ਲੋੜ ਨਹੀਂ। ਉਨ੍ਹਾਂ ਸੀਨੀਅਰ ਅਧਿਕਾਰੀਆਂ ਨਾਲ ਨਕਸਲਵਾਦ ’ਤੇ ਸਮੀਖਿਆ ਮੀਟਿੰਗ ਕੀਤੀ। ਇਸ ਸਬੰਧੀ ਜਾਣਕਾਰੀ ਅਮਿਤ ਸ਼ਾਹ ਨੇ ਐਕਸ ’ਤੇ ਨਸ਼ਰ ਕੀਤੀ।
ਇਸ ਤੋਂ ਪਹਿਲਾਂ ਛੱਤੀਸਗੜ੍ਹ ਦੇ ਉਪ ਮੁੱਖ ਮੰਤਰੀ ਵਿਜੈ ਸ਼ਰਮਾ ਨੇ ਕਿਹਾ ਕਿ ਅਮਿਤ ਸ਼ਾਹ ਮੁੱਖ ਮੰਤਰੀ ਨਾਲ ਸੂਬੇ ਦਾ ਦੌਰਾ ਕਰਨਗੇ ਅਤੇ ਫੌਜ ਦੇ ਕਮਾਂਡਰਾਂ ਨੂੰ ਮਿਲਣਗੇ ਅਤੇ ਵਿਕਾਸ ਕਾਰਜਾਂ ਦੀ ਸਮੀਖਿਆ ਕਰਨਗੇ। ਅਮਿਤ ਸ਼ਾਹ ਨੇ ਕਿਹਾ ਕਿ ਬਸਤਰ ਨੂੰ ਨਿਰਧਾਰਤ ਸਮਾਂ ਸੀਮਾ ਦੇ ਅੰਦਰ ਨਕਸਲੀਆਂ ਤੋਂ ਮੁਕਤ ਕੀਤਾ ਜਾਵੇਗਾ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਿਕਸਿਤ ਭਾਰਤ ਦਾ ਪ੍ਰਧਾਨ ਮੰਤਰੀ ਮੋਦੀ ਦਾ ਸੁਪਨਾ ਨਾ ਸਿਰਫ ਨਵੀਨਤਾ, ਬੁਨਿਆਦੀ, ਆਰਥਿਕ ਤਰੱਕੀ ਸਗੋਂ ਸਮੇਂ ਸਿਰ ਨਿਆਂ ਦੇਣ ’ਤੇ ਵੀ ਕੇਂਦਰਿਤ ਹੈ। ਭਾਰਤੀ ਨਿਆ ਸੰਹਿਤਾ, ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, ਭਾਰਤੀ ਸਾਕਸ਼ਯ ਅਧਿਨਿਯਮ ਸਮੇਂ ਸਿਰ ਨਿਆਂ ਯਕੀਨੀ ਬਣਾਏਗਾ। ਏਐੱਨਆਈ