ਅਮਰੀਕੀ ਕੰਪਨੀ ਵੱਲੋਂ ਤੇਜਸ ਮਾਰਕ 1ਏ ਜੈੱਟ ਲਈ ਚੌਥਾ ਇੰਜਣ ਸਪਲਾਈ
ਭਾਰਤੀ ਹਵਾਈ ਫੌਜ ਵਿੱਚ ਆਧੁਨਿਕ ਜੰਗੀ ਜਹਾਜ਼ ਦੇ ਛੇਤੀ ਸ਼ਾਮਲ ਹੋਣ ਦੀਆਂ ਆਸਾਂ ਵਧੀਆਂ
ਅਮਰੀਕਾ ਦੀ ਇੰਜਣ ਨਿਰਮਾਤਾ ਜਨਰਲ ਇਲੈਕਟ੍ਰਿਕ ਨੇ ਅੱਜ ਕਿਹਾ ਹੈ ਕਿ ਉਸ ਨੇ ਉਤਪਾਦਨ ਅਧੀਨ ਤੇਜਸ ਮਾਰਕ 1ਏ ਜੰਗੀ ਜਹਾਜ਼ ਲਈ ਚੌਥਾ ਇੰਜਣ ਸਪਲਾਈ ਕਰ ਦਿੱਤਾ ਹੈ, ਜਿਸ ਨਾਲ ਭਾਰਤੀ ਹਵਾਈ ਫੌਜ ਵਿੱਚ ਇਸ ਆਧੁਨਿਕ ਜੰਗੀ ਜਹਾਜ਼ ਦੇ ਛੇਤੀ ਸ਼ਾਮਲ ਹੋਣ ਦੀਆਂ ਆਸਾਂ ਵਧ ਗਈਆਂ ਹਨ। ਇਸ ਵੇਲੇ ਭਾਰਤੀ ਹਵਾਈ ਫੌਜ ਵਿੱਚ ਜੰਗੀ ਜਹਾਜ਼ਾਂ ਦੀ ਕਾਫੀ ਕਮੀ ਹੈ। ਜਹਾਜ਼ ਬਣਾਉਣ ਵਾਲੀ ਜਨਤਕ ਖੇਤਰ ਦੀ ਕੰਪਨੀ ਹਿੰਦੁਸਤਾਨ ਐਰੋਨੌਟਿਕਸ ਲਿਮਿਟਡ (ਐੱਚ ਏ ਐੱਲ) ਨੂੰ ਤੇਜਸ ਮਾਰਕ-1ਏ ਲਈ ਜਨਰਲ ਇਲੈਕਟ੍ਰਿਕ (ਜੀ ਈ) ਦੇ ਐੱਫ-404 ਇੰਜਣਾਂ ਦੀ ਸਪਲਾਈ ਵਿੱਚ ਦੇਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਐੱਚ ਏ ਐੱਲ ਦੇ ਪਲਾਂਟ ’ਚ ਲਗਪਗ ਦਰਜਨ ਜੰਗੀ ਜਹਾਜ਼ ਤਿਆਰ ਖੜ੍ਹੇ ਹਨ। ਹਾਲਾਂਕਿ, ਹੁਣ ਤੱਕ ਜਨਰਲ ਇਲੈਕਟ੍ਰਿਕ ਵੱਲੋਂ ਸਿਰਫ਼ ਤਿੰਨ ਇੰਜਣ ਸਪਲਾਈ ਕੀਤੇ ਗਏ ਹਨ। ਸਮਝੌਤੇ ਮੁਤਾਬਕ ਭਾਰਤੀ ਹਵਾਈ ਫੌਜ ਨੂੰ ਡਿਲਿਵਰੀ ਮਾਰਚ 2024 ਵਿੱਚ ਸ਼ੁਰੂ ਹੋ ਜਾਣੀ ਚਾਹੀਦੀ ਸੀ, ਜਦੋਂ ਕਿ ਜੀ ਈ ਤੋਂ ਐੱਫ-404 ਇੰਜਣਾਂ ਦੀ ਸਪਲਾਈ ਉਸ ਤਰੀਕ ਤੋਂ ਘੱਟੋ-ਘੱਟ ਇੱਕ ਸਾਲ ਪਹਿਲਾਂ ਸ਼ੁਰੂ ਹੋ ਜਾਣੀ ਚਾਹੀਦੀ ਸੀ। ਰੱਖਿਆ ਮੰਤਰਾਲੇ ਨੇ ਜਨਵਰੀ 2021 ਵਿੱਚ 83 ਤੇਜਸ ਮਾਰਕ 1ਏ ਜੈੱਟ ਬਣਾਉਣ ਲਈ ਐੱਚ ਏ ਐੱਲ ਨਾਲ 48,000 ਕਰੋੜ ਰੁਪਏ ਦਾ ਸਮਝੌਤਾ ਸਹੀਬੱਧ ਕੀਤਾ ਸੀ। ਬਦਲੇ ਵਿੱਚ, ਜੀ ਈ ਨੇ ਤੇਜਸ ਮਾਰਕ 1ਏ ਜੰਗੀ ਜਹਾਜ਼ਾਂ ਲਈ 99 ਐੱਫ404 ਇੰਜਣਾਂ ਦੀ ਸਪਲਾਈ ਵਾਸਤੇ ਐੱਚ ਏ ਐੱਲ ਨਾਲ 71.6 ਕਰੋੜ ਡਾਲਰ ਦਾ ਸਮਝੌਤਾ ਸਹੀਬੱਧ ਕੀਤਾ।
ਸਪਲਾਈ ਅਪਰੈਲ 2023 ਵਿੱਚ 16 ਇੰਜਣ ਪ੍ਰਤੀ ਸਾਲ ਦੀ ਦਰ ਨਾਲ ਸ਼ੁਰੂ ਹੋਣੀ ਸੀ। ਜੀ ਈ ਨੇ ਇਸ ਸਾਲ ਦੇ ਅੰਦਰ 12 ਇੰਜਣ ਅਤੇ ਉਸ ਤੋਂ ਬਾਅਦ ਹਰੇਕ ਸਾਲ 20 ਇੰਜਣ ਦੇਣ ਦਾ ਵਾਅਦਾ ਕੀਤਾ ਹੈ। ਹਾਲਾਂਕਿ, ਐੱਚ ਏ ਐੱਲ ਸੂਚੀਬੱਧ ਕੰਪਨੀ ਹੈ ਪਰ ਰੱਖਿਆ ਮੰਤਰਾਲਾ ਇਸ ਵਿੱਚ ਬਹੁਤੀ ਹਿੱਸੇਦਾਰੀ ਰੱਖਦਾ ਹੈ। ਇੰਜਣਾਂ ਦੀ ਦੇਰੀ ਕਾਰਨ ਡਿਲਿਵਰੀ ਰੁਕੀ ਹੋਈ ਸੀ। ਇਸ ਦੇ ਬਾਵਜੂਦ, ਰੱਖਿਆ ਮੰਤਰਾਲੇ ਨੇ ਪਿਛਲੇ ਹਫ਼ਤੇ 97 ਵਾਧੂ ਤੇਜਸ ਮਾਰਕ 1ਏ ਜੰਗੀ ਜਹਾਜ਼ਾਂ ਦੀ ਖਰੀਦ ਲਈ ਐੱਚ ਏ ਐੱਲ ਨਾਲ 62,370 ਕਰੋੜ ਰੁਪਏ ਦਾ ਇੱਕ ਹੋਰ ਸਮਝੌਤਾ ਸਹੀਬੱਧ ਕੀਤਾ।
ਪਾਕਿਸਤਾਨ ਤੇ ਚੀਨ ਨਾਲ ਨਜਿੱਠਣ ਲਈ 42 ਸਕੁਐਡਰਨਾਂ ਦੀ ਲੋੜ, ਭਾਰਤ ਕੋਲ ਸਿਰਫ 29
ਪਾਕਿਸਤਾਨ ਅਤੇ ਚੀਨ ਵਿਰੁੱਧ ਦੋ-ਮੋਰਚਿਆਂ ਦੇ ਸਾਂਝੇ ਖ਼ਤਰੇ ਨਾਲ ਨਜਿੱਠਣ ਲਈ 42 ਸਕੁਐਡਰਨਾਂ ਦੀ ਲੋੜ ਦੇ ਮੁਕਾਬਲੇ ਭਾਰਤੀ ਹਵਾਈ ਫੌਜ ਕੋਲ ਇਸ ਵੇਲੇ ਜੰਗੀ ਜਹਾਜ਼ਾਂ ਦੀਆਂ 31 ਸਕੁਐਡਰਨਾਂ (ਹਰੇਕ ਵਿੱਚ 16 ਤੋਂ 18 ਜਹਾਜ਼) ਸੀ। ਦੋ ਮਿਗ 21 ਸਕੁਐਡਰਨਾਂ ਦੇ ਸੇਵਾਮੁਕਤ ਹੋਣ ਤੋਂ ਬਾਅਦ, ਇਹ ਗਿਣਤੀ ਹੁਣ ਘੱਟ ਕੇ 29 ਸਕੁਐਡਰਨ ਰਹਿ ਗਈ ਹੈ। ਭਾਰਤੀ ਹਵਾਈ ਫੌਜ ਦੇ ਜੈਗੁਆਰ, ਮਿਗ-29 ਅਤੇ ਮਿਰਾਜ 2000 ਜੰਗੀ ਜਹਾਜ਼ ਜੋ ਸਾਰੇ 1980 ਦੇ ਦਹਾਕੇ ਦੌਰਾਨ ਪੜਾਅਵਾਰ ਹਵਾਈ ਫੌਜ ’ਚ ਸ਼ਾਮਲ ਕੀਤੇ ਗਏ ਸਨ, 2029-30 ਤੋਂ ਬਾਅਦ ਬੈਚਾਂ ਵਿੱਚ ਸੇਵਾਮੁਕਤ ਹੋਣੇ ਹਨ। ਚਾਰ ਤਰ੍ਹਾਂ ਦੇ ਜੰਗੀ ਜਹਾਜ਼ਾਂ ਦੀ ਗਿਣਤੀ ਲਗਪਗ 250 ਹੈ ਅਤੇ ਇਸ ਵੇਲੇ ਇਹ ਵਧਾਈ ਗਈ ਮਿਆਦ ’ਤੇ ਚੱਲ ਰਹੇ ਹਨ। ਯੋਜਨਾ ਅਨੁਸਾਰ, ਭਾਰਤ ਨੂੰ ਅਗਲੇ ਦੋ ਦਹਾਕਿਆਂ ਵਿੱਚ ਭਾਰਤੀ ਹਵਾਈ ਫੌਜ ਲਈ ਲਗਪਗ 500 ਜੰਗੀ ਜਹਾਜ਼ ਤਿਆਰ ਕਰਨ ਦੀ ਲੋੜ ਹੈ। ਤੇਜਸ ਪ੍ਰੋਗਰਾਮ ਭਾਰਤੀ ਹਵਾਈ ਫੌਜ ਵਿੱਚ ਮਿਗ-21 ਬੇੜੇ ਦੀ ਥਾਂ ਲਵੇਗਾ। ਇਸ ਤੋਂ ਇਲਾਵਾ, ਭਾਰਤੀ ਹਵਾਈ ਫੌਜ ਕੋਲ ਪਹਿਲਾਂ ਹੀ 40 ਤੇਜਸ ਮਾਰਕ-1 ਜੰਗੀ ਜਹਾਜ਼ ਹਨ।