ਅਮਰੀਕਾ: ਹਿੰਦੂ ਮੰਦਰ ਦੀ ਬੇਅਦਬੀ
ਅਮਰੀਕਾ ਦੇ ਇੰਡੀਆਨਾ ਸ਼ਹਿਰ ਵਿੱਚ ਇੱਕ ਹਿੰਦੂ ਮੰਦਰ ਦੇ ਸਾਈਨਬੋਰਡ ’ਤੇ ਕਾਲਖ ਪੋਚ ਦਿੱਤੀ ਗਈ। ਭਾਰਤੀ ਕੌਂਸੁਲੇਟ ਨੇ ਇਸ ਕਾਰਵਾਈ ਨੂੰ ਨਿੰਦਣਯੋਗ ਕਰਾਰ ਦਿੱਤਾ ਹੈ। ਮੰਦਰ ਦੇ ਅਧਿਕਾਰਤ ਲੋਕ ਸੰਪਰਕ ਹੈਂਡਲ ਨੇ ਮੰਗਲਵਾਰ ਨੂੰ ‘ਐਕਸ’ ’ਤੇ ਇੱਕ ਪੋਸਟ ਵਿੱਚ ਕਿਹਾ ਕਿ ਇਹ ਘਿਣਾਉਣੀ ਹਰਕਤ ਗਰੀਨਵੁੱਡ ਸ਼ਹਿਰ ਸਥਿਤ ਬੀਏਪੀਐੱਸ ਸਵਾਮੀਨਾਰਾਇਣ ਮੰਦਰ ਵਿੱਚ ਵਾਪਰੀ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਇੱਕ ਸਾਲ ਤੋਂ ਵੀ ਘੱਟ ਸਮੇਂ ਵਿੱਚ ਇਹ ਚੌਥੀ ਵਾਰ ਹੈ ਜਦੋਂ ਬੀਏਪੀਐੱਸ ਮੰਦਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਸ਼ਿਕਾਗੋ ਸਥਿਤ ਭਾਰਤੀ ਕੌਂਸੁਲੇਟ ਨੇ ਇਸ ਕਾਰਵਾਈ ਦਾ ਸਖ਼ਤ ਨੋਟਿਸ ਲਿਆ ਅਤੇ ਇਸਨੂੰ ‘ਨਿੰਦਣਯੋਗ’ ਕਿਹਾ। ਉਸ ਨੇ ‘ਐਕਸ’ ’ਤੇ ਕਿਹਾ, ‘‘ਇੰਡੀਆਨਾ ਦੇ ਗਰੀਨਵੁੱਡ ਸਥਿਤ ਬੀਏਪੀਐੱਸ ਸਵਾਮੀਨਾਰਾਇਣ ਮੰਦਰ ਦੇ ਮੁੱਖ ਸਾਈਨਬੋਰਡ ਦੀ ਬੇਅਦਬੀ ਨਿੰਦਣਯੋਗ ਹੈ।’’ ਕੌਂਸੁਲੇਟ ਨੇ ਕਿਹਾ ਕਿ ਉਸਨੇ ਫੌਰੀ ਕਾਰਵਾਈ ਲਈ ਇਹ ਮਾਮਲਾ ਕਾਨੂੰਨ ਲਾਗੂ ਕਰਨ ਵਾਲੇ ਸਥਾਨਕ ਅਧਿਕਾਰੀਆਂ ਕੋਲ ਚੁੱਕਿਆ ਹੈ। ਅਮਰੀਕਾ ਵਿੱਚ ਮਾਰਚ ਮਹੀਨੇ ਵੀ ਇਸੇ ਤਰ੍ਹਾਂ ਦੀ ਇੱਕ ਹੋਰ ਘਟਨਾ ਵਾਪਰੀ ਸੀ ਜਿਸ ਵਿੱਚ ਅਣਪਛਾਤੇ ਵਿਅਕਤੀ ਨੇ ਕੈਲੀਫੋਰਨੀਆ ਸਥਿਤ ਬੀਏਪੀਐੱਸ ਹਿੰਦੂ ਮੰਦਰ ਦੀ ਬੇਅਦਬੀ ਕੀਤੀ ਸੀ।