ਖਰਾਬ ਮੌਸਮ ਕਰਕੇ ਮੁਅੱਤਲ ਕੀਤੀ ਅਮਰਨਾਥ ਯਾਤਰਾ ਬਾਲਟਾਲ ਰੂਟ ਤੋਂ ਅੱਜ ਮੁੜ ਸ਼ੁਰੂ ਹੋ ਗਈ ਜਦੋਂਕਿ ਜੰਮੂ ਤੋਂ ਯਾਤਰਾ ਅਜੇ ਵੀ ਮੁਅੱਤਲ ਹੈ। ਅਧਿਕਾਰੀਆਂ ਨੇ ਦੱਸਿਆ ਕਿ ਅੱਜ ਸਵੇਰੇ ਜੰਮੂ ਤੋਂ ਦੱਖਣੀ ਕਸ਼ਮੀਰ ’ਚ ਹਿਮਾਲਿਆ ਦੀਆਂ ਪਹਾੜੀਆਂ ਵਿੱਚ ਸਥਿਤ ਪਵਿੱਤਰ ਗੁਫਾ ਤੱਕ ਸ਼ਰਧਾਲੂਆਂ ਦੇ ਕਿਸੇ ਵੀ ਨਵੇਂ ਜਥੇ ਨੂੰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ।
ਮੀਂਹ ਤੋਂ ਬਾਅਦ ਅਮਰਨਾਥ ਯਾਤਰਾ ਦੇ ਪਹਿਲਗਾਮ ਰੂਟ ’ਤੇ ਜਾਰੀ ਰੱਖ-ਰਖਾਓ ਦੇ ਕੰਮਾਂ ਕਰਕੇ ਯਾਤਰਾ ਸਿਰਫ ਬਾਲਟਾਲ ਰੂਟ ਰਾਹੀਂ ਹੀ ਜਾਰੀ ਰਹੇਗੀ। ਕਸ਼ਮੀਰ ਵਿੱਚ ਮੋਹਲੇਧਾਰ ਮੀਂਹ ਨੇ ਸੜਕਾਂ ਨੂੰ ਅਸੁਰੱਖਿਅਤ ਬਣਾ ਦਿੱਤਾ ਸੀ, ਜਿਸ ਤੋਂ ਬਾਅਦ ਬੁੱਧਵਾਰ ਨੂੰ ਬਾਲਟਾਲ ਅਤੇ ਪਹਿਲਗਾਮ ਦੋਵਾਂ ਰੂਟਾਂ ’ਤੇ ਯਾਤਰਾ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਅਧਿਕਾਰੀ ਨੇ ਕਿਹਾ ਕਿ ਵੀਰਵਾਰ ਨੂੰ ਜੰਮੂ ਦੇ ਭਗਵਤੀ ਨਗਰ ਬੇਸ ਕੈਂਪ ਤੋਂ ਬਾਲਟਾਲ ਅਤੇ ਨੂਨਵਾਨ ਬੇਸ ਕੈਂਪਾਂ ਵੱਲ ਕਿਸੇ ਵੀ ਕਾਫਲੇ ਦੀ ਆਵਾਜਾਈ ਦੀ ਆਗਿਆ ਨਹੀਂ ਹੋਵੇਗੀ।
ਜੰਮੂ ਦੇ ਡਿਵੀਜ਼ਨਲ ਕਮਿਸ਼ਨਰ ਰਮੇਸ਼ ਕੁਮਾਰ ਨੇ ਕਿਹਾ ਕਿ ਯਾਤਰਾ ਖੇਤਰ ਵਿੱਚ ਭਾਰੀ ਬਾਰਸ਼ ਕਾਰਨ ਕਸ਼ਮੀਰ ਦੇ ਬੇਸ ਕੈਂਪਾਂ ਤੋਂ ਸ਼ਰਧਾਲੂਆਂ ਦੀ ਆਵਾਜਾਈ ਪ੍ਰਭਾਵਿਤ ਹੋਈ ਹੈ। ਉਨ੍ਹਾਂ ਕਿਹਾ, ‘‘ਲਿਹਾਜ਼ਾ ਇਹ ਫੈਸਲਾ ਲਿਆ ਗਿਆ ਹੈ ਕਿ 31 ਜੁਲਾਈ ਨੂੰ ਜੰਮੂ ਦੇ ਭਗਵਤੀ ਨਗਰ ਤੋਂ ਬਾਲਟਾਲ ਅਤੇ ਨੂਨਵਾਨ ਵਿਖੇ ਬੇਸ ਕੈਂਪਾਂ ਵੱਲ ਕਿਸੇ ਵੀ ਕਾਫਲੇ ਦੀ ਆਵਾਜਾਈ ਦੀ ਆਗਿਆ ਨਹੀਂ ਹੋਵੇਗੀ।’’
ਸ਼ਰਧਾਲੂਆਂ ਨੂੰ ਸ਼ੁੱਕਰਵਾਰ ਨੂੰ ਪਹਿਲਗਾਮ ਅਤੇ ਬਾਲਟਾਲ ਦੇ ਜੁੜਵੇਂ ਬੇਸ ਕੈਂਪਾਂ ਦੀ ਅਗਲੀ ਯਾਤਰਾ ਲਈ ਉੱਚ-ਸੁਰੱਖਿਆ ਵਾਲੇ ਭਗਵਤੀ ਨਗਰ ਬੇਸ ਕੈਂਪ ਵਿੱਚ ਰੱਖਿਆ ਗਿਆ ਹੈ। ਇਹ ਦੂਜੀ ਵਾਰ ਹੈ ਜਦੋਂ ਜੰਮੂ ਤੋਂ ਯਾਤਰਾ ਨੂੰ ਮੁਅੱਤਲ ਕੀਤਾ ਗਿਆ ਹੈ। ਇਸ ਤੋਂ ਪਹਿਲਾਂ 17 ਜੁਲਾਈ ਨੂੰ ਕਸ਼ਮੀਰ ਦੇ ਜੁੜਵੇਂ ਬੇਸ ਕੈਂਪਾਂ ਵਿੱਚ ਭਾਰੀ ਬਾਰਸ਼ ਕਾਰਨ ਯਾਤਰਾ ਮੁਅੱਤਲ ਕਰ ਦਿੱਤੀ ਗਈ ਸੀ। ਹੁਣ ਤੱਕ 3.93 ਲੱਖ ਸ਼ਰਧਾਲੂ ਪਵਿੱਤਰ ਗੁਫ਼ਾ ਦੇ ਦਰਸ਼ਨ ਕਰ ਚੁੱਕੇ ਹਨ। ਅਮਰਨਾਥ ਯਾਤਰਾ 3 ਜੁਲਾਈ ਤੋਂ ਸ਼ੁਰੂ ਹੋਈ ਸੀ ਤੇ 9 ਅਗਸਤ ਨੂੰ ਸਮਾਪਤ ਹੋਵੇਗੀ।