Amarnath Accident: ਜੰਮੂ-ਕਸ਼ਮੀਰ ਦੇ ਰਾਮਬਨ ਵਿੱਚ ਹਾਦਸੇ ’ਚ 6 ਅਮਰਨਾਥ ਯਾਤਰੀ ਜ਼ਖ਼ਮੀ
ਕਾਫ਼ਲੇ ਦੀ ਇਕ ਬੱਸ ਦੇ ਬਰੇਕ ਫੇਲ੍ਹ ਹੋਣ ਕਾਰਨ ਤਿੰਨ ਬੱਸਾਂ ਆਪਸ ’ਚ ਭਿੜੀਆਂ
ਰਾਮਬਨ/ਜੰਮੂ, 5 ਜੁਲਾਈ
ਅਧਿਕਾਰੀਆਂ ਨੇ ਦੱਸਿਆ ਕਿ ਸ਼ਨਿੱਚਰਵਾਰ ਨੂੰ ਰਾਮਬਨ ਜ਼ਿਲ੍ਹੇ ਵਿੱਚ ਤਿੰਨ ਬੱਸਾਂ ਨੂੰ ਪੇਸ਼ ਆਏ ਹਾਦਸੇ ਵਿੱਚ ਘੱਟੋ-ਘੱਟ ਛੇ ਅਮਰਨਾਥ ਯਾਤਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਅਮਰਨਾਥ ਯਾਤਰਾ ਨਾਲ ਸਬੰਧਤ ਇਹ ਬੱਸਾਂ ਜੰਮੂ ਦੇ ਭਗਵਤੀ ਨਗਰ ਤੋਂ ਦੱਖਣੀ ਕਸ਼ਮੀਰ ਦੇ ਪਹਿਲਗਾਮ ਬੇਸ ਕੈਂਪ ਜਾ ਰਹੇ ਕਾਫਲੇ ਦਾ ਹਿੱਸਾ ਸਨ।
ਅਧਿਕਾਰੀਆਂ ਨੇ ਦੱਸਿਆ ਕਿ ਹਾਦਸਾ ਜੰਮੂ-ਸ੍ਰੀਨਗਰ ਕੌਮੀ ਸ਼ਾਹਰਾਹ ਨਾਲ ਲੱਗਦੇ ਚੰਦਰਕੂਟ ਨੇੜੇ ਵਾਪਰਿਆ। ਉਨ੍ਹਾਂ ਕਿਹਾ ਕਿ ਇਹ ਹਾਦਸਾ ਇੱਕ ਬੱਸ ਦੇ ਬਰੇਕ ਫੇਲ੍ਹ ਹੋਣ ਕਾਰਨ ਹੋਇਆ ਜਿਸ ਨੇ ਫਿਰ ਦੋ ਹੋਰ ਵਾਹਨਾਂ ਨੂੰ ਟੱਕਰ ਮਾਰ ਦਿੱਤੀ। ਜ਼ਖਮੀਆਂ ਨੂੰ ਤੁਰੰਤ ਡਾਕਟਰੀ ਸਹਾਇਤਾ ਦਿੱਤੀ ਗਈ।
ਅਧਿਕਾਰੀਆਂ ਨੇ ਦੱਸਿਆ ਕਿ ਨੁਕਸਾਨੀਆਂ ਗਈਆਂ ਬੱਸਾਂ ਨੂੰ ਬਦਲਣ ਤੋਂ ਬਾਅਦ ਕਾਫਲਾ ਆਪਣੀ ਮੰਜ਼ਿਲ ਲਈ ਰਵਾਨਾ ਹੋ ਗਿਆ।
ਇਸ ਦੌਰਾਨ ਅੱਜ ਤੜਕੇ 3.30 ਵਜੇ ਤੋਂ 4.05 ਵਜੇ ਦੇ ਵਿਚਕਾਰ 6,979 ਸ਼ਰਧਾਲੂਆਂ ਦਾ ਚੌਥਾ ਜੱਥਾ ਦੋ ਵੱਖ-ਵੱਖ ਕਾਫ਼ਲਿਆਂ ਵਿੱਚ ਭਗਵਤੀ ਨਗਰ ਬੇਸ ਕੈਂਪ ਤੋਂ ਰਵਾਨਾ ਹੋਇਆ। ਇਸ ਜੱਥੇ ਵਿਚ 5,196 ਪੁਰਸ਼, 1,427 ਔਰਤਾਂ, 24 ਬੱਚੇ, 331 ਸਾਧੂ ਅਤੇ ਸਾਧਵੀਆਂ ਅਤੇ ਇੱਕ ਟ੍ਰਾਂਸਜੈਂਡਰ ਸ਼ਰਧਾਲੂ ਸ਼ਾਮਲ ਹੈ।
ਇਨ੍ਹਾਂ ਵਿਚੋਂ 4,226 ਸ਼ਰਧਾਲੂ 161 ਵਾਹਨਾਂ ਵਿੱਚ ਨੂਨਵਾਨ ਬੇਸ ਕੈਂਪ ਲਈ 48 ਕਿਲੋਮੀਟਰ ਲੰਬੇ ਰਵਾਇਤੀ ਪਹਿਲਗਾਮ ਰੂਟ ਵਾਸਤੇ ਰਵਾਨਾ ਹੋਏ। ਦੂਜੇ ਪਾਸੇ 2,753 ਸ਼ਰਧਾਲੂ 151 ਵਾਹਨਾਂ ਵਿੱਚ ਛੋਟੇ ਪਰ ਜ਼ਿਆਦਾ ਖੜ੍ਹਵੀਂ ਚੜ੍ਹਾਈ ਵਾਲੇ 14 ਕਿਲੋਮੀਟਰ ਦੇ ਬਾਲਟਾਲ ਰੂਟ ਲਈ ਰਵਾਨਾ ਹੋਏ। -ਪੀਟੀਆਈ