ਤਿੰਨੋਂ ਇਕੱਠੇ ਕਰਾਂਗੇ ਕੰਮ... ਭਾਰਤ, ਆਸਟਰੇਲੀਆ ਅਤੇ ਕੈਨੇਡਾ ਵਿਚਕਾਰ ਹੋਇਆ ਸਮਝੌਤਾ; ਪ੍ਰਧਾਨ ਮੰਤਰੀ ਮੋਦੀ ਨੇ ਪ੍ਰਗਟਾਈ ਖੁਸ਼ੀ
ਤਿੰਨਾਂ ਦੇਸ਼ਾਂ ਦੇ ਅਧਿਕਾਰੀ 2026 ਦੀ ਪਹਿਲੀ ਤਿਮਾਹੀ ਵਿੱਚ ਕਰਨਗੇ ਮੁਲਾਕਾਤ
ਅਮਰੀਕਾ ਅਤੇ ਚੀਨ ਦੇ ਵਧਦੇ ਦਬਾਅ ਦੇ ਵਿਚਕਾਰ, ਭਾਰਤ ਲਈ ਖੁਸ਼ਖਬਰੀ ਸਾਹਮਣੇ ਆਈ ਹੈ। ਪ੍ਰਧਾਨ ਮੰਤਰੀ ਮੋਦੀ ਨੇ ਖੁਦ ਆਪਣੇ ਟਵਿੱਟਰ ਹੈਂਡਲ ’ਤੇ ਇਹ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਹੁਣ ਕੈਨੇਡਾ ਅਤੇ ਆਸਟਰੇਲੀਆ ਨਾਲ ਮਿਲ ਕੇ ਕੰਮ ਕਰੇਗਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਥੇ ਜੀ-20 ਸੰਮੇਲਨ (G20 Leaders' Summit) ਤੋਂ ਇਲਾਵਾ ਆਪਣੇ ਆਸਟਰੇਲੀਆਈ ਅਤੇ ਕੈਨੇਡੀਅਨ ਹਮਰੁਤਬਾ ਨਾਲ ਮੁਲਾਕਾਤ ਕਰਨ ਤੋਂ ਬਾਅਦ, ਭਾਰਤ, ਆਸਟਰੇਲੀਆ ਅਤੇ ਕੈਨੇਡਾ ਵਿਚਕਾਰ ਇੱਕ ਨਵੀਂ ਤਿੰਨ-ਧਿਰੀ (trilateral) ਤਕਨਾਲੋਜੀ ਅਤੇ ਨਵੀਨਤਾ ਸਾਂਝੇਦਾਰੀ ਦਾ ਐਲਾਨ ਕੀਤਾ।
ਉਨ੍ਹਾਂ ਕਿਹਾ,“ ਅਸੀਂ ਇੱਕ ਨਵੀਂ ਭਾਈਵਾਲੀ ਬਣਾਉਣ ਜਾ ਰਹੇ ਹਾਂ। ਅਸੀਂ ਇਕੱਠੇ ਕੰਮ ਕਰਾਂਗੇ, ਤਿੰਨੋਂ ਦੇਸ਼ ਭਵਿੱਖ ਲਈ ਇਕੱਠੇ ਕੰਮ ਕਰਨਗੇ।”
ਮੋਦੀ ਨੇ ਕਿਹਾ ਕਿ ਇਹ ਪਹਿਲਕਦਮੀ ਤਿੰਨ ਮਹਾਂਦੀਪਾਂ ਅਤੇ ਤਿੰਨ ਸਮੁੰਦਰਾਂ ਵਿੱਚ ਲੋਕਤੰਤਰੀ ਭਾਈਵਾਲਾਂ ਦਰਮਿਆਨ ਉੱਭਰਦੀਆਂ ਤਕਨਾਲੋਜੀਆਂ ਵਿੱਚ ਸਹਿਯੋਗ ਨੂੰ ਡੂੰਘਾ ਕਰੇਗੀ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਨੂੰ ਵੱਡੇ ਪੱਧਰ ’ਤੇ ਅਪਣਾਉਣ ਵਿੱਚ ਸਹਾਇਤਾ ਕਰੇਗੀ।
ਦੱਸ ਦਈਏ ਕਿ ਇਸ ਪਹਿਲਕਦਮੀ ਨੂੰ ਅੱਗੇ ਵਧਾਉਣ ਲਈ ਤਿੰਨਾਂ ਦੇਸ਼ਾਂ ਦੇ ਅਧਿਕਾਰੀ 2026 ਦੀ ਪਹਿਲੀ ਤਿਮਾਹੀ ਵਿੱਚ ਮੁਲਾਕਾਤ ਕਰਨਗੇ।
ਇਸ ਤੋਂ ਪਹਿਲਾਂ ਮੋਦੀ ਨੇ ਸ਼ਨੀਵਾਰ ਨੂੰ ਵੱਖਰੇ ਤੌਰ ’ਤੇ ਆਪਣੇ ਬ੍ਰਿਟਿਸ਼ ਹਮਰੁਤਬਾ ਕੀਰ ਸਟਾਰਮਰ ਅਤੇ ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਟੋਨੀਓ ਗੁਟੇਰੇਸ ਨਾਲ ਵੀ ਮੁਲਾਕਾਤ ਕੀਤੀ।

