DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਕੰਨਿਆਕੁਮਾਰੀ ’ਚ ਅੱਯਾਵਲ਼ੀ ਮੁਖੀ ਨਾਲ ਮੁਲਾਕਾਤ

ਆਸ਼ਰਮ ਦਾ ਦੌਰਾ ਕੀਤਾ; ਤਾੜ ਦੇ ਪੱਤਿਆਂ ’ਤੇ ਤਾਮਿਲ ਭਾਸ਼ਾ ਵਿੱਚ ਲਿਖੀਆਂ ਪੁਰਾਤਨ ਹੱਥ-ਲਿਖਤਾਂ ਨੂੰ ਦੇਖਿਆ
  • fb
  • twitter
  • whatsapp
  • whatsapp
Advertisement
ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਦੇਸ਼ ਦੇ ਦੱਖਣੀ ਹਿੱਸੇ ਵਿੱਚ ਰਹਿਣ ਵਾਲੇ ਅੱਯਾਵਲ਼ੀ ਭਾਈਚਾਰੇ ਨਾਲ ਇਕਜੁੱਟਤਾ ਪ੍ਰਗਟ ਕਰਨ ਅਤੇ ਇਨ੍ਹਾਂ ਬਾਰੇ ਅਨੁਭਵ ਤੇ ਜਾਣਕਾਰੀ ਹਾਸਲ ਕਰਨ ਲਈ ਕੰਨਿਆਕੁਮਾਰੀ ਸਥਿਤ ਉਨ੍ਹਾਂ ਦੇ ਮੁੱਖ ਦਫ਼ਤਰ ਵਿੱਚ ਅੱਯਾਵਲ਼ੀ ਮੁਖੀ ਬਾਲਾ ਪ੍ਰਜਾਪਤੀ ਆਦਿਕਲਾਰ ਨਾਲ ਮੁਲਾਕਾਤ ਕੀਤੀ।

ਬਾਲਾ ਪ੍ਰਜਾਪਤੀ ਨੇ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਸਥਾਨਕ ਰਵਾਇਤੀ ਮਾਲਾ ਨਾਲ ਸਨਮਾਨਿਆ। ਜਥੇਦਾਰ ਨੇ ਆਸ਼ਰਮ ਦਾ ਦੌਰਾ ਕੀਤਾ ਅਤੇ ਅੱਯਾਵਲ਼ੀ ਦੇ ਸੰਸਥਾਪਕ ਅਯਾ ਵਾਏਕੁੰਡਰ ਦੇ ਅਸਲ ਘਰ ਤੋਂ ਇਲਾਵਾ ਇੱਥੇ ਸੁਰੱਖਿਅਤ ਰੱਖੀਆਂ ਤਾੜ ਦੇ ਪੱਤਿਆਂ ’ਤੇ ਤਾਮਿਲ ਭਾਸ਼ਾ ਵਿੱਚ ਲਿਖੀਆਂ ਪੁਰਾਤਨ ਹੱਥ-ਲਿਖਤਾਂ ਨੂੰ ਵੀ ਦੇਖਿਆ। ਉਨ੍ਹਾਂ ਭਾਈਚਾਰੇ ਦਾ ਖੂਹ ਦੇਖਿਆ ਅਤੇ ਉੱਥੋਂ ਜਲ ਵੀ ਛਕਿਆ। ਉਨ੍ਹਾਂ ਇੱਥੇ ਦੱਖਣ ਦਾ ਰਵਾਇਤੀ ਭੋਜਨ ਵੀ ਛਕਿਆ।

Advertisement

ਜਥੇਦਾਰ ਗੜਗੱਜ ਨੇ ਕਿਹਾ ਕਿ ਉਨ੍ਹਾਂ ਨੇ ਅੱਯਾਵਲ਼ੀ ਭਾਈਚਾਰੇ ਦੇ ਮੌਜੂਦਾ ਮੁਖੀ ਬਾਲਾ ਪ੍ਰਜਾਪਤੀ ਆਦਿਕਲਾਰ ਨਾਲ ਮੁਲਾਕਾਤ ਕੀਤੀ। ਬਾਲਾ ਪ੍ਰਜਾਪਤੀ ਆਪਣੇ ਪੁਰਖਿਆਂ ਦੀ ਛੇਵੀਂ ਪੀੜ੍ਹੀ ਹਨ ਜਿਨ੍ਹਾਂ ਨੇ ਜਾਤ-ਪਾਤ, ਭੇਦਭਾਵ, ਛੂਤ-ਛਾਤ, ਅਣਦੇਖੀ ਵਿਰੁੱਧ ਉਦੋਂ ਅਵਾਜ਼ ਬੁਲੰਦ ਕੀਤੀ ਜਦੋਂ ਇੱਥੇ ਸਥਿਤੀ ਬਹੁਤ ਹੀ ਗੰਭੀਰ ਤੇ ਅੱਤਿਆਚਾਰ ਵਾਲੀ ਸੀ। ਇਸ ਭਾਈਚਾਰੇ ਦੀਆਂ ਔਰਤਾਂ ਨੂੰ ਆਪਣੀਆਂ ਛਾਤੀਆਂ ਨੰਗੀਆਂ ਰੱਖਣ ਅਤੇ ਛਾਤੀ ਦੇ ਆਕਾਰ ਅਨੁਸਾਰ ਟੈਕਸ (ਕਰ) ਅਦਾ ਕਰਨ ਲਈ ਮਜਬੂਰ ਕੀਤਾ ਜਾਂਦਾ ਸੀ, ਫਿਰ ਨੰਗੇਲੀ ਨਾਮ ਦੀ ਇੱਕ ਔਰਤ ਨੇ ਇਸ ਖ਼ਿਲਾਫ਼ ਆਵਾਜ਼ ਉਠਾਈ ਅਤੇ ਅੱਤਿਆਚਾਰ ਬੰਦ ਹੋਇਆ।

ਉਨ੍ਹਾਂ ਕਿਹਾ ਕਿ ਇੱਥੇ ਉਹ ਇੱਕ ਖੂਹ ਦੇਖਿਆ, ਜਿੱਥੇ ਇਸ ਭਾਈਚਾਰੇ ਦੇ ਸਾਰੇ ਲੋਕ ਭਾਵੇਂ ਉਨ੍ਹਾਂ ਦਾ ਪਿਛੋਕੜ ਕੋਈ ਵੀ ਹੋਵੇ, ਬਿਨਾਂ ਭੇਦਭਾਵ ਦੇ ਇਸ਼ਨਾਨ ਕਰਦੇ ਹਨ। ਉਨ੍ਹਾਂ ਕਿਹਾ ਕਿ ਇਸ ਭਾਈਚਾਰੇ ਨੂੰ ਆਪਣੇ ਘਰਾਂ ਦੇ ਬਾਹਰ ਉੱਚੇ ਥੜ੍ਹੇ ਬਣਾਉਣ ਅਤੇ ਖਿੜਕੀਆਂ ਰੱਖਣ ਦੀ ਵੀ ਇਜਾਜ਼ਤ ਨਹੀਂ ਸੀ ਅਤੇ ਜ਼ਮੀਨ ’ਤੇ ਬੈਠਣ ਲਈ ਮਜਬੂਰ ਕੀਤਾ ਜਾਂਦਾ ਸੀ। ਇਨ੍ਹਾਂ ਲੋਕਾਂ ਨੂੰ ਸਮਾਜ ਵਿੱਚ ਦੱਬ ਕੇ ਰੱਖਿਆ ਗਿਆ ਸੀ ।

ਜਥੇਦਾਰ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਲਗਭਗ ਪੰਜ ਸਦੀਆਂ ਪਹਿਲਾਂ ਛੂਤ-ਛਾਤ, ਅਣਦੇਖੀ ਅਤੇ ਜਾਤ-ਪਾਤ ਆਧਾਰਿਤ ਭੇਦਭਾਵ ਖ਼ਿਲਾਫ਼ ਅਵਾਜ਼ ਉਠਾਈ ਸੀ। ਉਸ ਸਮੇਂ ਸਮਾਜ ਦੀ ਸਥਿਤੀ ਨੂੰ ਆਪਣੀ ਪਵਿੱਤਰ ਬਾਣੀ ਵਿੱਚ ਦਰਜ ਕੀਤਾ ਹੈ। ਸਿੱਖ ਗੁਰੂਆਂ ਨੇ ਇਨ੍ਹਾਂ ਲੋਕਾਂ ਨੂੰ ਉੱਚਾ ਚੁੱਕਿਆ ਅਤੇ ਉਨ੍ਹਾਂ ਨੂੰ ਸਰਦਾਰੀ ਦਿੱਤੀ। ਉਨ੍ਹਾਂ ਮਹਿਸੂਸ ਕੀਤਾ ਕਿ ਇੱਥੇ ਇਸ ਭਾਈਚਾਰੇ ਨਾਲ ਸਾਡੀਆਂ ਬਹੁਤ ਸਾਰੀਆਂ ਸਮਾਨਤਾਵਾਂ ਹਨ, ਇਹ ਦਸਤਾਰ ਸਜਾਉਂਦੇ ਹਨ ਅਤੇ ਕੇਸ ਕਤਲ ਨਹੀਂ ਕਰਦੇ, ਇਹ ਬਿਨਾਂ ਕਿਸੇ ਭੇਦਭਾਵ ਦੇ ਇੱਕ ਖੂਹ ਦੇ ਜਲ ਨਾਲ ਇਸ਼ਨਾਨ ਕਰਦੇ ਹਨ, ਇਹ ਜਾਤ, ਧਰਮ, ਰੰਗ ਜਾਂ ਵਰਗ ਦੇ ਆਧਾਰ ’ਤੇ ਵਿਤਕਰਾ ਨਹੀਂ ਕਰਦੇ ਅਤੇ ਇਹ ਸਾਰਿਆਂ ਨੂੰ ਪਿਆਰ ਕਰਦੇ ਹਨ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਆਪਣੀਆਂ ਉਦਾਸੀਆਂ ਦੌਰਾਨ ਇਸ ਦੱਖਣੀ ਖੇਤਰ ਵੱਲ ਵੀ ਆਏ ਸਨ, ਉਹ ਥੂੱਥੂਕੁੜੀ ਰਾਹੀਂ ਸ਼੍ਰੀਲੰਕਾ ਗਏ ਅਤੇ ਰਾਮੇਸ਼ਵਰਮ ਵੀ ਗਏ ਸਨ। ਇਨ੍ਹਾਂ ਲੋਕਾਂ ਨੇ ਗੁਰੂਆਂ ਦੀਆਂ ਸਿੱਖਿਆਵਾਂ ਨੂੰ ਸਿੱਖਿਆ, ਸਮਝਿਆ ਅਤੇ ਅਪਣਾਇਆ ਹੈ।

ਜਥੇਦਾਰ ਨੇ ਬਾਲ ਪ੍ਰਜਾਪਤੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਲਈ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਤਾਮਿਲਨਾਡੂ, ਕੇਰਲਾ ਅਤੇ ਇਸ ਖੇਤਰ ਵਿੱਚ ਇਸ ਭਾਈਚਾਰੇ ਦੇ ਲਗਭਗ 15 ਲੱਖ ਪੈਰੋਕਾਰ ਹਨ, ਜੋ ਜਾਤ, ਰੰਗ, ਛੂਤ ਜਾਂ ਵਰਗ ਦੇ ਵਿਤਕਰੇ ਤੋਂ ਉੱਪਰ ਹਨ ਅਤੇ ਉਹ ਕਿਸੇ ਨਾਲ ਵੀ ਨਫ਼ਰਤ ਨਹੀਂ ਕਰਦੇ।

Advertisement
×