DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮਾਈਕ੍ਰੋਸਾਫਟ ਦੇ ਸਰਵਰ ’ਚ ਨੁਕਸ ਕਾਰਨ ਹਵਾਈ ਸੇਵਾਵਾਂ ਪ੍ਰਭਾਵਿਤ

ਏਅਰਲਾਈਨ ਕੰਪਨੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ
  • fb
  • twitter
  • whatsapp
  • whatsapp
featured-img featured-img
ਹਵਾਈ ਸੇਵਾਵਾਂ ਪ੍ਰਭਾਵਿਤ ਹੋਣ ਮਗਰੋਂ ਕੌਮਾਂਤਰੀ ਦਿੱਲੀ ਹਵਾਈ ਅੱਡੇ ਦੇ ਬਾਹਰ ਕਤਾਰ ’ਚ ਖੜ੍ਹੇ ਯਾਤਰੀ। -ਫੋੋੋਟੋ: ਮੁਕੇਸ਼ ਅਗਰਵਾਲ
Advertisement

* ਹਵਾਈ ਅੱਡਿਆਂ ’ਤੇ ਬਣਿਆ ਹਫੜੀ-ਦਫੜੀ ਵਾਲਾ ਮਾਹੌਲ

* ਭਾਰਤੀ ਹਵਾਬਾਜ਼ੀ ਅਥਾਰਟੀ ਸਥਿਤੀ ਸੰਭਾਲਣ ’ਚ ਜੁਟੀ: ਨਾਇਡੂ

Advertisement

ਨਵੀਂ ਦਿੱਲੀ/ਮੁੰਬਈ, 19 ਜੁਲਾਈ

ਮਾਈਕ੍ਰੋਸਾਫਟ ਦੇ ਸਰਵਰ ਵਿੱਚ ਪਏ ਤਕਨੀਕੀ ਨੁਕਸ ਮਗਰੋਂ ਭਾਰਤ ਸਣੇ ਦੁਨੀਆਂ ਭਰ ਵਿਚ ਇੰਟਰਨੈੱਟ ਬੰਦ ਹੋਣ ਨਾਲ ਏਅਰਲਾਈਨਜ਼, ਬੈਂਕ, ਮੀਡੀਆ ਤੇ ਹੋਰਨਾਂ ਦਫ਼ਤਰਾਂ ਦਾ ਕੰਮਕਾਜ ਪ੍ਰਭਾਵਿਤ ਹੋਇਆ ਹੈ। ਇੰਟਰਨੈੱਟ ਬੰਦ ਹੋਣ ਕਰਕੇ ਕੁੱਲ ਆਲਮ ਦੇ ਮਾਈਕ੍ਰੋਸਾਫਟ ਵਰਤੋਕਾਰਾਂ ਖਾਸ ਕਰਕੇ ਬੈਂਕਾਂ ਤੇ ਏਅਰਲਾਈਨਾਂ ਨੂੰ ਖਾਸੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸ ਕਾਰਨ ਸਾਰੀਆਂ ਭਾਰਤੀ ਹਵਾਈ ਕੰਪਨੀਆਂ ਦੀਆਂ ਤਕਨੀਕੀ ਤੇ ਸੰਚਾਲਨ ਸੇਵਾਵਾਂ ’ਚ ਵਿਘਨ ਪਿਆ ਤੇ ਹਵਾਈ ਅੱਡਿਆਂ ’ਤੇ ਹਫੜਾ-ਦਫੜੀ ਵਾਲਾ ਮਾਹੌਲ ਬਣ ਗਿਆ। ਸੂਤਰਾਂ ਮੁਤਾਬਕ ਸਵੇਰੇ 10.40 ਵਜੇ ਸ਼ੁਰੂ ਹੋਈ ਗੜਬੜੀ ਕਾਰਨ ਇਕੱਲੇ ਇੰਡੀਗੋ ਦੀਆਂ ਹੀ ਲਗਪਗ 200 ਉਡਾਣਾਂ ਰੱਦ ਹੋਈਆਂ ਹਨ ਤੇ ਸੈਂਕੜੇ ਉਡਾਣਾਂ ’ਚ ਦੇਰੀ ਹੋਈ ਹੈ।

ਸਰਵਰ ’ਚ ਨੁਕਸ ਕਾਰਨ ਇੰਡੀਗੋ, ਸਪਾਈਸਜੈੱਟ, ਅਕਾਸਾ ਏਅਰਲਾਈਨ ਤੇ ਏਅਰ ਇੰਡੀਆ ਐਕਸਪ੍ਰੈੱਸ ਦੀਆਂ ਨੈੱਟਵਰਕ ’ਤੇ ਆਨਲਾਈਨ ਚੈੱਕ-ਇਨ ਅਤੇ ਬੋਰਡਿੰਗ ਪ੍ਰਕਿਰਿਆਵਾਂ ਪ੍ਰਭਾਵਿਤ ਹੋਈਆਂ ਤੇ ਉਨ੍ਹਾਂ ਨੂੰ ਆਫਲਾਈਨ ਕੰਮ ਕਰਨਾ ਪਿਆ। ਸਮੱਸਿਆ ਦੇ ਚੱਲਦਿਆਂ ਕੰਪਨੀਆਂ ਵੱਲੋਂ ਯਾਤਰੀਆਂ ਨੂੰ ਮੈਨੂਅਲ ਬੋਰਡਿੰਗ ਪਾਸ ਜਾਰੀ ਕੀਤੇ ਗਏ। ਸਰਵਰ ’ਚ ਨੁਕਸ ਕਾਰਨ ਉਡਾਣਾਂ ’ਚ ਦੇਰੀ ਵੀ ਹੋਈ। ਹਾਲਾਂਕਿ ਮਾਈਕ੍ਰੋਸਾਫਟ ਸਰਵਰ ’ਚ ਪਏ ਨੁਕਸ ਦਾ ਅਸਰ ਸ਼ੇਅਰ ਬਾਜ਼ਾਰ ’ਤੇ ਬਹੁਤ ਨਹੀਂ ਪਿਆ। ਉਂਜ ਸ਼ੇਅਰ ਬ੍ਰੋਕਰਾਂ ਨਾਲ ਜੁੜੀਆਂ ਕੰਪਨੀਆਂ ਏਂਜਲ ਵਨ ਅਤੇ 5ਪੈਸਾ ਕੈਪੀਟਲ ਸਣੇ ਹੋਰਾਂ ਦੇ ਸ਼ੇਅਰਾਂ ’ਚ ਗਿਰਾਵਟ ਦਰਜ ਕੀਤੀ ਗਈ।

ਸ਼ਹਿਰੀ ਹਵਾਬਾਜ਼ੀ ਮੰਤਰੀ ਕੇ. ਰਾਮਮੋਹਨ ਨਾਇਡੂ ਨੇ ਯਾਤਰੀਆਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦਾ ਮੰਤਰਾਲਾ ਅਤੇ ਭਾਰਤੀ ਹਵਾਬਾਜ਼ੀ ਅਥਾਰਟੀ (ਏਏਆਈ) ਸਥਿਤੀ ਨੂੰ ਸੁੁਚਾਰੂ ਢੰਗ ਨਾਲ ਸੰਭਾਲਣ ’ਚ ਲੱਗੇ ਹੋਏ ਹਨ। ਉਨ੍ਹਾਂ ਆਖਿਆ, ‘‘ਅਸੀਂ ਸਾਰੀਆਂ ਏਅਰਲਾਈਨਾਂ ਅਤੇ ਹਵਾਈ ਅੱਡਾ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਯਾਤਰੀਆਂ ਨੂੰ ਉਨ੍ਹਾਂ ਦੀਆਂ ਉਡਾਣਾਂ ਦੀ ਸਥਿਤੀ ਬਾਰੇ ਜਾਣਕਾਰੀ ਦਿੰਦੇ ਰਹਿਣ ਤੇ ਉਨ੍ਹਾਂ ਨੂੰ ਜ਼ਰੂਰੀ ਸਹਾਇਤਾ ਮੁਹੱਈਆ ਕਰਵਾਉਣ।’’ ਸੂਚਨਾ ਤਕਨੀਕੀ (ਆਈਟੀ) ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਉਨ੍ਹਾਂ ਦਾ ਮੰਤਰਾਲਾ ਮਾਈਕ੍ਰੋਸਾਫਟ ਦੇ ਸੰਪਰਕ ’ਚ ਹੈ ਅਤੇ ਐੱਨਆਈਸੀ ਨੈੱਟਵਰਕ ’ਚ ਵਿਘਨ ਨਹੀਂ ਪਿਆ ਹੈ। ‘ਐਕਸ’ ਉੱਤੇ ਪੋਸਟ ’ਚ ਵੈਸ਼ਨਵ ਨੇ ਆਖਿਆ, ‘‘ਇਸ ਸਮੱਸਿਆ ਦੇ ਕਾਰਨ ਦਾ ਪਤਾ ਕਰ ਲਿਆ ਗਿਆ ਹੈ ਅਤੇ ਇਸ ਮੁੱਦੇ ਨੂੰ ਹੱਲ ਕਰਨ ਲਈ ਅਪਡੇਟ ਜਾਰੀ ਕੀਤੇ ਗਏ ਹਨ।’’ ਬੰਗਲੂਰੂ ਕੌਮਾਂਤਰੀ ਹਵਾਈ ਅੱਡਾ ਲਿਮਟਿਡ ਦੇ ਤਰਜਮਾਨ ਨੇ ਕਿਹਾ ਕਿ ਨੈਵੀਟੇਅਰ ਡਿਪਾਰਚਰ ਕੰਟਰੋਲ ਸਿਸਟਮ (ਐੱਨਡੀਸੀਐੱਸ) ’ਚ ਨੁਕਸ ਕਾਰਨ ਅੱਜ ਸਵੇਰ 10.40 ਤੋਂ ਬੀਐੱਲਆਰ ਹਵਾਈ ਅੱਡੇ ਸਣੇ ਉਨ੍ਹਾਂ ਦੇ ਨੈੱਟਵਰਕ ’ਤੇ ਕੁਝ ਏਅਰਲਾਈਨਾਂ ਦਾ ਸੰਚਾਲਨ ਅਸਰਅੰਦਾਜ਼ ਹੋ ਰਿਹਾ ਹੈ।

ਹਵਾਈ ਕੰਪਨੀ ਇੰਡੀਗੋ ਨੇ ਕਿਹਾ, ‘‘ਸਾਡੇ ਸਿਸਟਮ ਫਿਲਹਾਲ ਮਾਈਕ੍ਰੋੋੋਸਾਫਟ ਦੇ ਵਿਘਨ ਕਾਰਨ ਅਸਰਅੰਦਾਜ਼ ਹਨ ਜਿਸ ਦਾ ਅਸਰ ਹੋਰ ਕੰਪਨੀਆਂ ’ਤੇ ਵੀ ਪੈ ਰਿਹਾ ਹੈ। ਇਸ ਨਾਲ ਕੁਝ ਸੇਵਾਵਾਂ ਪ੍ਰਭਾਵਿਤ ਹੋ ਸਕਦੀਆਂ। ਅਸੀਂ ਪੂਰੀ ਤਰ੍ਹਾਂ ਸਰਗਰਮ ਹਾਂ ਅਤੇ ਆਮ ਸਥਿਤੀ ਬਹਾਲ ਕਰਨ ’ਚ ਜੁਟੇ ਹੋਏ ਹਾਂ। ਸਾਡੀ ਡਿਜੀਟਲ ਟੀਮ ਮਾਈਕ੍ਰੋਸਾਟਫ ਏਜ਼ਿਓਰ ਨਾਲ ਮਿਲ ਕੇ ਕੰਮ ਰਹੀ ਹੈ।’’ ਅਕਾਸਾ ਏਅਰਲਾਈਨ ਅਤੇ ਸਪਾਈਸ ਜੈੱਟ ਨੇ ਕਿਹਾ, ਫਿਲਹਾਲ ਅਸੀਂ ‘ਆਫਲਾਈਨ’ ਪ੍ਰਕਿਰਿਆਵਾ ਦਾ ਪਾਲਣਾ ਕਰ ਰਹੇ ਹਾਂ।’’ ਪੀਟੀਆਈ

ਤਕਨੀਕੀ ਨੁਕਸ ਕਾਰਨ ਕਈ ਉਡਾਣਾਂ ਰੱਦ

ਨਵੀਂ ਦਿੱਲੀ/ਬੰਗਲੂਰੂ/ਪਣਜੀ/ਕੋਲਕਾਤਾ: ਮਾਈਕ੍ਰੋਸਾਫਟ ਦੇ ਸਰਵਰ ’ਚ ਨੁਕਸ ਕਾਰਨ ਸੇਵਾਵਾਂ ਪ੍ਰਭਾਵਿਤ ਹੋਣ ਕਰਕੇ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਕਈ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਇਸ ਦੌਰਾਨ ਹਵਾਈ ਅੱਡੇ ’ਤੇ ਯਾਤਰੀਆਂ ਦੀਆਂ ਲੰਮੀਆਂ ਲਾਈਨਾਂ ਲੱਗ ਗਈਆਂ ਤੇ ਉਨ੍ਹਾਂ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪਿਆ। ਸਟਾਫ ਨੇ ਬੋਰਡ ’ਤੇ ਲਿਖ ਕੇ ਯਾਤਰੀਆਂ ਨੂੰ ਉਡਾਣਾਂ ’ਚ ਦੇਰੀ ਬਾਰੇ ਜਾਣਕਾਰੀ ਦਿੱਤੀ। ਦੂਜੇ ਪਾਸੇ ਹੈਦਰਾਬਾਦ ਦੇ ਰਾਜੀਵ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਤੇ ਆਉਣ-ਜਾਣ ਵਾਲੀਆਂ 23 ਉਡਾਣਾਂ ਜਦਕਿ ਗੋਆ ਦੇ ਮੋਪਾ ’ਚ ਮਨੋਹਰ ਕੌਮਾਂਤਰੀ ਹਵਾਈ ਅੱਡੇ ਤੋਂ ਇੰਡੀਗੋ ਦੀਆਂ ਪੰਜ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਇਸੇ ਦੌਰਾਨ ਕੋਲਕਾਤਾ ਦੇ ਨੇਤਾਜੀ ਸੁਭਾਸ਼ ਚੰਦਰ ਬੋਸ (ਐੱਨਐੱਸਸੀਬੀਆਈ) ਹਵਾਈ ਅੱਡੇ ਦੇ ਤਰਜਮਾਨ ਨੇ ਦੱਸਿਆ ਕਿ ਆਲਮੀ ਤਕਨੀਕੀ ਨੁਕਸ ਕਾਰਨ ਅੱਜ ਇੱਥੇ ਹਵਾਈ ਅੱਡੇ ’ਤੇ ਆਉਣ ਜਾਣ ਵਾਲੀਆਂ 25 ਉਡਾਣਾਂ ਰੱਦ ਕੀਤੀਆਂ ਗਈਆਂ ਹਨ। -ਪੱਤਰ ਪ੍ਰੇਰਕ/ਪੀਟੀਆਈ

Advertisement
×