ਏਅਰ ਇੰਡੀਆ ਸਾਰੇ ਆਰ ਏ ਟੀ ਦੀ ਮੁੜ ਜਾਂਚ ਕਰੇ: ਡੀ ਜੀ ਸੀ ਏ
ਬੀ787 ਜਹਾਜ਼ਾਂ ਨੂੰ ੳੁਡਾਣ ਭਰਨ ਤੋਂ ਰੋਕਣ ਅਤੇ ਏਅਰਲਾੲੀਨ ਦਾ ਵਿਸ਼ੇਸ਼ ਆਡਿਟ ਕਰਨ ਦੀ ਵੀ ਅਪੀਲ
ਏਵੀਏਸ਼ਨ ਸੁਰੱਖਿਆ ਰੈਗੂਲੇਟਰ ਡੀ ਜੀ ਸੀ ਏ ਨੇ ਏਅਰ ਇੰਡੀਆ ਨੂੰ ਕਿਹਾ ਹੈ ਕਿ ਉਨ੍ਹਾਂ ਸਾਰੇ ਜਹਾਜ਼ਾਂ ’ਚ ਆਰ ਏ ਟੀ (ਰੈਮ ਏਅਰ ਟਰਬਾਈਨ) ਦੀ ਮੁੜ ਤੋਂ ਜਾਂਚ ਕੀਤੀ ਜਾਵੇ ਜਿਨ੍ਹਾਂ ਦੇ ਪਾਵਰ ਕੰਡੀਸ਼ਨਿੰਗ ਮਾਡਿਊਲ ਨੂੰ ਟਾਟਾ ਗਰੁੱਪ ਦੀ ਮਾਲਕੀ ਵਾਲੀ ਇਸ ਏਅਰਲਾਈਨਜ਼ ਨੇ ਹਾਲ ਹੀ ’ਚ ਬਦਲਿਆ ਹੈ। ਡੀ ਜੀ ਸੀ ਏ ਨੇ ਅਮਰੀਕੀ ਜਹਾਜ਼ ਨਿਰਮਾਤਾ ਬੋਇੰਗ ਤੋਂ ਬਿਨਾਂ ਕਮਾਂਡ ਵਾਲੇ ਆਰ ਏ ਟੀ ਦੀ ਤਾਇਨਾਤੀ ਸਬੰਧੀ ਲਾਗੂ ਕੀਤੇ ਜਾਣ ਵਾਲੇ ਇਹਤਿਆਤੀ ਕਦਮਾਂ ਬਾਰੇ ਵੀ ਵਿਆਪਕ ਰਿਪੋਰਟ ਮੰਗੀ ਹੈ। ਜ਼ਿਕਰਯੋਗ ਹੈ ਕਿ ਹਾਲ ਹੀ ’ਚ ਏਅਰ ਇੰਡੀਆ 787 ਜਹਾਜ਼ਾਂ ਨਾਲ ਜੁੜੀਆਂ ਦੋ ਘਟਨਾਵਾਂ ’ਚ ਆਰ ਏ ਟੀ ਪ੍ਰਣਾਲੀ ਸਰਗਰਮ ਹੋ ਗਈ ਸੀ। ਆਮ ਤੌਰ ’ਤੇ ਜਹਾਜ਼ ਦੇ ਦੋਵੇਂ ਇੰਜਣ, ਇਲੈਕਟ੍ਰਾਨਿਕ ਤੰਤਰ ਅਤੇ ਹਾਈਡਰੌਲਿਕ ਪ੍ਰਣਾਲੀ ਖ਼ਰਾਬ ਹੋਣ ’ਤੇ ਆਰ ਏ ਟੀ ਸਰਗਰਮ ਹੁੰਦਾ ਹੈ। ਪਾਇਲਟਾਂ ਦੀ ਜਥੇਬੰਦੀ ਫੈਡਰੇਸ਼ਨ ਆਫ਼ ਇੰਡੀਅਨ ਪਾਇਲਟਸ ਨੇ ਸਿਵਲ ਏਵੀਏਸ਼ਨ ਮੰਤਰੀ ਨੂੰ ਪੱਤਰ ਲਿਖ ਕੇ ਸਰਕਾਰ ਨੂੰ ਏਅਰ ਇੰਡੀਆ ਦੇ ਸਾਰੇ ਬੀ787 ਜਹਾਜ਼ਾਂ ਨੂੰ ਉਡਾਣ ਭਰਨ ਤੋਂ ਰੋਕਣ ਅਤੇ ਏਅਰਲਾਈਨ ਦਾ ਵਿਸ਼ੇਸ਼ ਆਡਿਟ ਕਰਨ ਦੀ ਅਪੀਲ ਕੀਤੀ ਹੈ। ਡੀ ਜੀ ਸੀ ਏ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ, ‘ਏਅਰ ਇੰਡੀਆ ਨੂੰ ਉਨ੍ਹਾਂ ਸਾਰੇ ਜਹਾਜ਼ਾਂ ਦੇ ਆਰ ਏ ਟੀ ਦੀ ਦੁਬਾਰਾ ਜਾਂਚ ਕਰਨ ਦੀ ਸਲਾਹ ਦਿੱਤੀ ਗਈ ਹੈ, ਜਿਨ੍ਹਾਂ ਦੇ ਪੀ ਸੀ ਐੱਮ ਮਾਡਿਊਲ ਹਾਲ ਹੀ ਵਿੱਚ ਬਦਲੇ ਗਏ ਸਨ।’ ਬੀਤੀ 4 ਅਕਤੂਬਰ ਨੂੰ ਅੰਮ੍ਰਿਤਸਰ-ਬਰਮਿੰਘਮ ਉਡਾਣ ਏਆਈ-117 ਦੇ ਉਤਰਨ ਸਮੇਂ ਆਰ ਏ ਟੀ ਸਰਗਰਮ ਹੋ ਗਿਆ ਸੀ।