Air India plane crash: ਛੇ ਲਾਸ਼ਾਂ ਵਾਰਸਾਂ ਹਵਾਲੇ, ਬਾਕੀਆਂ ਦੀ ਸ਼ਨਾਖ਼ਤ ਲਈ ਹੋਣਗੇ DNA ਟੈਸਟ
ਅਹਿਮਦਾਬਾਦ, 13 ਜੂਨ
ਅਹਿਮਦਾਬਾਦ ਪੁਲੀਸ ਨੇ ਦੱਸਿਆ ਕਿ ਸ਼ਹਿਰ ਵਿੱਚ ਹੋਏ ਘਾਤਕ ਜਹਾਜ਼ ਹਾਦਸੇ ਤੋਂ ਇੱਕ ਦਿਨ ਬਾਅਦ ਸ਼ੁੱਕਰਵਾਰ ਨੂੰ ਪਛਾਣ ਤੋਂ ਬਾਅਦ ਛੇ ਮ੍ਰਿਤਕਾਂ ਦੀਆਂ ਲਾਸ਼ਾਂ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਗਈਆਂ। ਪੁਲੀਸ ਨੇ ਕਿਹਾ ਕਿ ਹੋਰ ਲਾਸ਼ਾਂ, ਜੋ ਅੰਸ਼ਕ ਤੌਰ 'ਤੇ ਜਾਂ ਪੂਰੀ ਤਰ੍ਹਾਂ ਸੜੀਆਂ ਹੋਈਆਂ ਹਨ, ਦਾ ਡੀਐਨਏ ਨਮੂਨਿਆਂ ਨਾਲ ਮੇਲ ਕਰਨ ਦੀ ਪ੍ਰਕਿਰਿਆ ਨੂੰ ਪੂਰਾ ਕਰਨ ਵਿੱਚ ਲਗਭਗ 72 ਘੰਟੇ ਲੱਗਣਗੇ।
ਪੁਲੀਸ ਇੰਸਪੈਕਟਰ ਚਿਰਾਗ ਗੋਸਾਈ ਨੇ ਕਿਹਾ ਕਿ ਵੀਰਵਾਰ ਨੂੰ ਪੋਸਟਮਾਰਟਮ ਲਈ ਅਹਿਮਦਾਬਾਦ ਸਿਵਲ ਹਸਪਤਾਲ ਵਿੱਚ ਲਿਆਂਦੀਆਂ ਗਈਆਂ 265 ਲਾਸ਼ਾਂ ਵਿੱਚੋਂ ਛੇ ਪੀੜਤਾਂ ਦੀ ਪਛਾਣ ਕੀਤੀ ਗਈ ਹੈ, ਕਿਉਂਕਿ ਉਨ੍ਹਾਂ ਦੇ ਚਿਹਰੇ ਠੀਕ ਸਨ। ਉਨ੍ਹਾਂ ਕਿਹਾ ਕਿ ਹੋਰਨਾਂ ਦੀ ਪਛਾਣ ਕਰਨ ਲਈ ਡੀਐਨਏ ਪ੍ਰੋਫਾਈਲਿੰਗ (DNA profiling) ਕੀਤੀ ਜਾ ਰਹੀ ਹੈ ਕਿਉਂਕਿ ਉਨ੍ਹਾਂ ਦੀਆਂ ਲਾਸ਼ਾਂ ਪਛਾਣ ਤੋਂ ਬਾਹਰ ਤੇ ਬੁਰੀ ਤਰ੍ਹਾਂ ਸੜੀਆਂ ਹੋਈਆਂ ਹਨ।
ਉਨ੍ਹਾਂ ਕਿਹਾ, ‘‘215 ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੇ ਡੀਐਨਏ ਟੈਸਟ ਲਈ ਆਪਣੇ ਨਮੂਨੇ ਦੇਣ ਲਈ ਸਾਡੇ ਨਾਲ ਸੰਪਰਕ ਕੀਤਾ ਹੈ।’’ ਉਨ੍ਹਾਂ ਕਿਹਾ ਕਿ ਪੋਸਟਮਾਰਟਮ ਰੂਮ ਵਿੱਚ ਪਹੁੰਚਣ ਵਾਲੇ ਰਿਸ਼ਤੇਦਾਰਾਂ ਤੋਂ ਵੇਰਵੇ ਇਕੱਠੇ ਕੀਤੇ ਜਾਂਦੇ ਹਨ ਅਤੇ ਫਿਰ ਰਿਸ਼ਤੇਦਾਰਾਂ ਨੂੰ ਡੀਐਨਏ ਨਮੂਨੇ ਦੇਣ ਲਈ ਬੀਜੇ ਮੈਡੀਕਲ ਕਾਲਜ ਭੇਜਿਆ ਜਾਂਦਾ ਹੈ।
ਗੋਸਾਈ ਨੇ ਕਿਹਾ, "ਡੀਐਨਏ ਨਮੂਨਿਆਂ ਨੂੰ ਮੇਲਣ ਦੀ ਪ੍ਰਕਿਰਿਆ ਨੂੰ ਪੂਰਾ ਕਰਨ ਵਿੱਚ ਲਗਭਗ 72 ਘੰਟੇ ਲੱਗਣਗੇ। ਇੱਕ ਵਾਰ ਮੈਚ ਹੋਣ ਤੋਂ ਬਾਅਦ, ਲਾਸ਼ਾਂ ਪੋਸਟਮਾਰਟਮ ਰੂਮ ਤੋਂ ਰਿਸ਼ਤੇਦਾਰਾਂ ਨੂੰ ਸੌਂਪ ਦਿੱਤੀਆਂ ਜਾਣਗੀਆਂ।" -ਪੀਟੀਆਈ