Air India Plane Crash Report: ‘‘ਤੁਸੀਂ ਤੇਲ ਦੀ ਸਵਿੱਚ ਕਿਉਂ ਬੰਦ ਕੀਤੀ?’’ ਜਹਾਜ਼ ਹਾਦਸੇ ਦੀ ਜਾਂਚ ਰਿਪੋਰਟ ਆਈ ਸਾਹਮਣੇ
ਨਵੀਂ ਦਿੱਲੀ, 12 ਜੁਲਾਈ
ਅਹਿਮਦਾਬਾਦ ਵਿੱਚ ਏਅਰ ਇੰਡੀਆ ਦੇ ਹਾਦਸਗ੍ਰਸਤ ਹੋਏ ਮਾਮਲੇ ਦੀ ਜਾਂਚ ਵਿੱਚ ਵੱਡਾ ਖੁਲਾਸਾ ਹੋਇਆ ਹੈ। ਹਾਲ ਹੀ ਵਿਚ ਆਈ ਰਿਪੋਰਟ ਅਨੁਸਾਰ ਏਅਰ ਇੰਡੀਆ ਦੇ ਜਹਾਜ਼ 171 ਦੇ ਦੋਵੇਂ ਇੰਜਣਾਂ ਨੂੰ ਤੇਲ ਸਪਲਾਈ ਕਰਨ ਵਾਲੇ ਦੋਵੇਂ ਸਵਿੱਚ ਬੰਦ ਕਰ ਦਿੱਤੇ ਗਏ ਸਨ, ਜਿਸ ਤੋਂ ਬਾਅਦ ਪਾਇਲਟ ਉਲਝਣ ਵਿੱਚ ਪੈ ਗਏ ਅਤੇ ਹਾਦਸਾ ਵਾਪਰਿਆ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇੱਕ ਪਾਇਲਟ ਨੇ ਪੁੱਛਿਆ ਕਿ ਉਸ ਨੇ ਤੇਲ ਸਵਿੱਚ ਕਿਉਂ ਬੰਦ ਕੀਤਾ, ਤਾਂ ਦੂਜੇ ਨੇ ਜਵਾਬ ਦਿੱਤਾ ਕਿ ਉਸਨੇ ਅਜਿਹਾ ਨਹੀਂ ਕੀਤਾ।
12 ਜੂਨ ਨੂੰ ਹੋਏ ਇਸ ਹਾਦਸੇ ਵਿੱਚ ਕੁੱਲ 260 ਲੋਕ ਮਾਰੇ ਗਏ ਸਨ ਅਤੇ ਜਹਾਜ਼ ਵਿਚ ਸਵਾਰ ਸਿਰਫ਼ ਇੱਕ ਵਿਅਕਤੀ ਹੀ ਬਚ ਸਕਿਆ ਸੀ। ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ ਵੱਲੋਂ ਸ਼ਨਿਚਰਵਾਰ ਨੂੰ ਜਾਰੀ ਕੀਤੀ ਗਈ ਸ਼ੁਰੂਆਤੀ ਰਿਪੋਰਟ ਵਿੱਚ ਬੋਇੰਗ 787-8 ਜਹਾਜ਼ਾਂ ਦੇ ਸੰਚਾਲਕਾਂ ਲਈ ਫਿਲਹਾਲ ਕੋਈ ਕਾਰਵਾਈ ਦੀ ਸਿਫਾਰਸ਼ ਨਹੀਂ ਕੀਤੀ ਗਈ ਹੈ।
ਜਿਸ ਸਮੇਂ ਜਹਾਜ਼ ਨੇ ਉਡਾਣ ਭਰੀ ਤਾਂ ਸਹਿ-ਪਾਇਲਟ ਜਹਾਜ਼ ਉਡਾ ਰਿਹਾ ਸੀ, ਜਦੋਂ ਕਿ ਕੈਪਟਨ ਨਿਗਰਾਨੀ ਕਰ ਰਿਹਾ ਸੀ। ਰਿਪੋਰਟ ਵਿੱਚ ਕਿਹਾ ਗਿਆ ਹੈ, "ਜਹਾਜ਼ ਨੇ ਲਗਭਗ 08:08:42 UTC 'ਤੇ 180 ਨੌਟਸ IAS ਦੀ ਵੱਧ ਤੋਂ ਵੱਧ ਰਿਕਾਰਡ ਕੀਤੀ ਏਅਰਸਪੀਡ ਪ੍ਰਾਪਤ ਕੀਤੀ ਅਤੇ ਇਸ ਤੋਂ ਤੁਰੰਤ ਬਾਅਦ ਇੰਜਣ-1 ਅਤੇ ਇੰਜਣ-2 ਦੇ ਫਿਊਲ ਕੱਟਆਫ ਸਵਿੱਚ 01 ਸਕਿੰਟ ਦੇ ਸਮੇਂ ਦੇ ਅੰਤਰ ਨਾਲ ਇੱਕ ਤੋਂ ਬਾਅਦ ਇੱਕ RUN ਤੋਂ CUTOFF ਸਥਿਤੀ ਵਿੱਚ ਤਬਦੀਲ ਹੋ ਗਏ (ਭਾਵ ਬੰਦ ਹੋ ਗਏ)।’’
ਰਿਪੋਰਟ ਅਨੁਸਾਰ ਜਿਵੇਂ ਹੀ ਇੰਜਣਾਂ ਨੂੰ ਬਾਲਣ ਦੀ ਸਪਲਾਈ ਬੰਦ ਕਰ ਦਿੱਤੀ ਗਈ ਤਾਂ ਇੰਜਣ N1 ਅਤੇ N2 ਆਪਣੇ ਟੇਕਆਫ ਤੋਂ ਥੱਲੇ ਆਉਣੇ ਸ਼ੁਰੂ ਹੋ ਗਏ। ਇਸ ਵਿੱਚ ਕਿਹਾ ਗਿਆ ਹੈ, ‘‘ਕਾਕਪਿਟ ਵੌਇਸ ਰਿਕਾਰਡਿੰਗ ਵਿੱਚ ਇੱਕ ਪਾਇਲਟ ਨੂੰ ਦੂਜੇ ਨੂੰ ਇਹ ਪੁੱਛਦੇ ਸੁਣਿਆ ਗਿਆ ਕਿ ਉਸ ਨੇ ਕੱਟਆਫ ਕਿਉਂ ਕੀਤਾ। ਦੂਜੇ ਪਾਇਲਟ ਨੇ ਜਵਾਬ ਦਿੱਤਾ ਕਿ ਉਸਨੇ ਅਜਿਹਾ ਨਹੀਂ ਕੀਤਾ।’’
ਜਹਾਜ਼ ਨੇ 08:08:39 UTC (13:38:39 IST) ’ਤੇ ਟੇਕਆਫ ਕੀਤਾ ਅਤੇ ਲਗਪਗ 08:09:05 UTC (13:39:05 IST) ’ਤੇ ਇੱਕ ਪਾਇਲਟ ਨੇ 'MAYDAY MAYDAY MAYDAY' ਪ੍ਰਸਾਰਿਤ ਕੀਤਾ। ਰਿਪੋਰਟ ਵਿੱਚ ਕਿਹਾ ਗਿਆ ਹੈ, ‘‘ਏਟੀਸੀਓ (ਏਅਰ ਟ੍ਰੈਫਿਕ ਕੰਟਰੋਲਰ) ਨੇ ਕਾਲ ਸਾਈਨ ਬਾਰੇ ਪੁੱਛਗਿੱਛ ਕੀਤੀ। ਏਟੀਸੀਓ ਨੂੰ ਕੋਈ ਜਵਾਬ ਨਹੀਂ ਮਿਲਿਆ ਪਰ ਉਸਨੇ ਜਹਾਜ਼ ਨੂੰ ਹਵਾਈ ਅੱਡੇ ਦੀ ਹੱਦ ਤੋਂ ਬਾਹਰ ਕਰੈਸ਼ ਹੁੰਦੇ ਦੇਖਿਆ ਅਤੇ ਐਮਰਜੈਂਸੀ ਪ੍ਰਤੀਕਿਰਿਆ ਨੂੰ ਸਰਗਰਮ ਕੀਤਾ।’’
ਰਿਪੋਰਟ ਵਿੱਚ ਏਏਆਈਬੀ ਨੇ ਇਹ ਵੀ ਕਿਹਾ ਕਿ ਜਹਾਜ਼ ਨੂੰ ਰੀਫਿਊਲ ਕਰਨ ਲਈ ਵਰਤੇ ਗਏ ਬੋਅਸਰਾਂ ਅਤੇ ਟੈਂਕਾਂ ਤੋਂ ਲਏ ਗਏ ਬਾਲਣ ਦੇ ਨਮੂਨੇ ਡੀਜੀਸੀਏ (ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ) ਲੈਬ ਵਿੱਚ ਟੈਸਟ ਕੀਤੇ ਗਏ ਸਨ ਅਤੇ ਤਸੱਲੀਬਖਸ਼ ਪਾਏ ਗਏ ਸਨ।
ਏਏਆਈਬੀ ਨੇ ਕਿਹਾ ਕਿ ਮਲਬੇ ਵਾਲੀ ਥਾਂ 'ਤੇ ਗਤੀਵਿਧੀਆਂ, ਜਿਸ ਵਿੱਚ ਡਰੋਨ ਫੋਟੋਗ੍ਰਾਫੀ/ਵੀਡੀਓਗ੍ਰਾਫੀ ਸ਼ਾਮਲ ਹੈ, ਪੂਰੀਆਂ ਹੋ ਚੁੱਕੀਆਂ ਹਨ ਅਤੇ ਮਲਬਾ ਹਵਾਈ ਅੱਡੇ ਦੇ ਨੇੜੇ ਇੱਕ ਸੁਰੱਖਿਅਤ ਖੇਤਰ ਵਿੱਚ ਲਿਜਾਇਆ ਗਿਆ ਹੈ। ਇਸ ਵਿੱਚ ਕਿਹਾ ਗਿਆ ਹੈ, "ਦੋਵੇਂ ਇੰਜਣ ਮਲਬੇ ਵਾਲੀ ਥਾਂ ਤੋਂ ਬਰਾਮਦ ਕੀਤੇ ਗਏ ਸਨ ਅਤੇ ਹਵਾਈ ਅੱਡੇ ਦੇ ਇੱਕ ਹੈਂਗਰ ਵਿੱਚ ਕੁਆਰੰਟੀਨ ਕੀਤੇ ਗਏ ਸਨ। ਅੱਗੇ ਦੀ ਜਾਂਚ ਲਈ ਮੁੱਖ ਹਿੱਸਿਆਂ ਦੀ ਪਛਾਣ ਕੀਤੀ ਗਈ ਹੈ।"
ਰਿਪੋਰਟ ਵਿੱਚ ਕਿਹਾ ਗਿਆ ਹੈ, "ਜਾਂਚ ਦੇ ਇਸ ਪੜਾਅ 'ਤੇ, ਬੀ787-8 ਅਤੇ/ਜਾਂ ਜੀਈ ਜੀਐਨਐਕਸ-1ਬੀ ਇੰਜਣ ਸੰਚਾਲਕਾਂ ਅਤੇ ਨਿਰਮਾਤਾਵਾਂ ਲਈ ਕੋਈ ਸਿਫਾਰਸ਼ੀ ਕਾਰਵਾਈਆਂ ਨਹੀਂ ਹਨ।" ਕਰੈਸ਼ ਹੋਇਆ ਜਹਾਜ਼ ਜੀਐਨਐਕਸ-1ਬੀ ਇੰਜਣਾਂ ਨਾਲ ਸੰਚਾਲਿਤ ਸੀ। ਗਵਾਹਾਂ ਅਤੇ ਬਚੇ ਹੋਏ ਯਾਤਰੀ ਦੇ ਬਿਆਨ ਜਾਂਚਕਰਤਾਵਾਂ ਦੁਆਰਾ ਪ੍ਰਾਪਤ ਕੀਤੇ ਗਏ ਹਨ।
ਜ਼ਿਕਰਯੋਗ ਹੈ ਕਿ ਜਹਾਜ਼ ਵਿੱਚ 230 ਯਾਤਰੀ ਸਵਾਰ ਸਨ - 15 ਬਿਜ਼ਨਸ ਕਲਾਸ ਵਿੱਚ ਸਨ ਅਤੇ 215, ਜਿਨ੍ਹਾਂ ਵਿੱਚ ਦੋ ਨਵਜੰਮੇ ਬੱਚੇ ਵੀ ਸ਼ਾਮਲ ਸਨ, ਇਕੌਨਮੀ ਕਲਾਸ ਵਿਚ ਸਨ। ਪਾਇਲਟ ਇਨ ਕਮਾਂਡ (ਪੀਆਈਸੀ) ਕੋਲ 15,638 ਘੰਟਿਆਂ ਤੋਂ ਵੱਧ ਦਾ ਉਡਾਣ ਦਾ ਤਜਰਬਾ ਸੀ ਜਦੋਂ ਕਿ ਪਹਿਲੇ ਅਧਿਕਾਰੀ ਕੋਲ 3,403 ਘੰਟਿਆਂ ਤੋਂ ਵੱਧ ਦਾ ਉਡਾਣ ਦਾ ਤਜਰਬਾ ਸੀ।
ਏਅਰ ਇੰਡੀਆ ਨੇ ਸ਼ਨਿਚਵਾਰ ਨੂੰ ਕਿਹਾ ਕਿ ਉਹ ਰੈਗੂਲੇਟਰਾਂ ਅਤੇ ਹੋਰ ਹਿੱਸੇਦਾਰਾਂ ਨਾਲ ਨੇੜਿਓਂ ਕੰਮ ਕਰ ਰਹੀ ਹੈ ਅਤੇ ਜਹਾਜ਼ ਹਾਦਸੇ ਦੀ ਚੱਲ ਰਹੀ ਜਾਂਚ ਵਿੱਚ ਅਧਿਕਾਰੀਆਂ ਨਾਲ ਸਹਿਯੋਗ ਦੇਣਾ ਜਾਰੀ ਰੱਖੇਗੀ। -ਪੀਟੀਆਈ