Air India plane crash: ਏਅਰ ਇੰਡੀਆ ਦੇ ਜਹਾਜ਼ AI 171 ਦੇ ‘‘ਬਲੈਕ ਬਾਕਸ’’ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਜਾਰੀ
ਅਹਿਮਦਾਬਾਦ, 13 ਜੂਨ
Air India plane crash: ਅਹਿਮਦਾਬਾਦ ਵਿੱਚ ਹਾਦਸਾਗ੍ਰਸਤ ਹੋਏ ਏਅਰ ਇੰਡੀਆ ਦੇ ਜਹਾਜ਼ AI 171 ਦੇ ‘ਬਲੈਕ ਬਾਕਸ’ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਇਸ ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ ਹੀ ਤਬਾਹੀ ਦੇ ਕਾਰਨਾਂ ਬਾਰੇ ਮਹੱਤਵਪੂਰਨ ਸੁਰਾਗ ਮਿਲ ਸਕਦੇ ਹਨ। ਅਹਿਮਦਾਬਾਦ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਦੱਸਿਆ ਕਿ ਮਾਹਰ ਉਪਕਰਨਾਂ ਜਿਵੇਂ ਕਿ ਮੈਟਲ ਕਟਰਾਂ ਸਮੇਤ ਇੱਕ ਟੀਮ ਨੂੰ ਹਾਦਸੇ ਵਾਲੀ ਥਾਂ ’ਤੇ ਮਲਬੇ ਵਿੱਚ ‘ਬਲੈਕ ਬਾਕਸ’ ਦੀ ਭਾਲ ਕਰਨ ਲਈ ਤਾਇਨਾਤ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਆਫ਼ ਪੁਲੀਸ (ਜ਼ੋਨ 4) ਕਨਨ ਦੇਸਾਈ ਨੇ ਕਿਹਾ ਕਿ ‘ਬਲੈਕ ਬਾਕਸ’ ਲੱਭਣ ਦਾ ਕੰਮ ਚੱਲ ਰਿਹਾ ਹੈ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਜਹਾਜ਼ ਦਾ ਕੋਈ ਡਿਜੀਟਲ ਵੀਡੀਓ ਰਿਕਾਰਡਰ ਨਹੀਂ ਮਿਲਿਆ ਹੈ।
ਸੂਤਰਾਂ ਨੇ ਦੱਸਿਆ ਕਿ ਬੀਜੇ ਮੈਡੀਕਲ ਕਾਲਜ ਹੋਸਟਲ, ਜਿੱਥੇ ਜਹਾਜ਼ ਹਾਦਸਾਗ੍ਰਸਤ ਹੋਇਆ ਸੀ, ਦੇ ਸੀ.ਸੀ.ਟੀ.ਵੀ. ਕੈਮਰਿਆਂ ਦਾ ਡੀ.ਵੀ.ਆਰ. (ਡਿਜੀਟਲ ਵੀਡੀਓ ਰਿਕਾਰਡਰ) ਪੁਲੀਸ ਨੇ ਕਬਜ਼ੇ ਵਿੱਚ ਲੈ ਲਿਆ ਹੈ। ਫਾਇਰ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਜਹਾਜ਼ ਦੇ ‘ਬਲੈਕ ਬਾਕਸ’ ਦਾ ਪਤਾ ਲਗਾਉਣ ਵਿੱਚ ਸਹਾਇਤਾ ਕਰਨ ਲਈ ਕਿਹਾ ਗਿਆ ਹੈ।
ਡਿਪਟੀ ਚੀਫ਼ ਫਾਇਰ ਅਫ਼ਸਰ ਧਰੂਮਿਤ ਗਾਂਧੀ ਨੇ ਦੱਸਿਆ, ‘‘ਸਾਡੀ ਟੀਮ ਫੋਰੈਂਸਿਕ ਅਤੇ ਸਿਵਲ ਐਵੀਏਸ਼ਨ ਮਾਹਿਰਾਂ ਦੀ ਟੀਮ ਦੀ ਮਦਦ ਕਰ ਰਹੀ ਹੈ।’’ ‘ਬਲੈਕ ਬਾਕਸ’ ਇੱਕ ਛੋਟਾ ਜਿਹਾ ਉਪਕਰਨ ਹੈ ਜੋ ਉਡਾਣ ਦੌਰਾਨ ਜਹਾਜ਼ ਬਾਰੇ ਜਾਣਕਾਰੀ ਰਿਕਾਰਡ ਕਰਦਾ ਹੈ। ਇਹ ਹਵਾਬਾਜ਼ੀ ਹਾਦਸਿਆਂ ਦੀ ਜਾਂਚ ਵਿੱਚ ਮਦਦ ਕਰਦਾ ਹੈ। -ਪੀਟੀਆਈ