Air India flight: ਕੋਪਨਹੇਗਨ ਤੋਂ ਦਿੱਲੀ ਆ ਰਹੀ ਏਅਰ ਇੰਡੀਆ ਦੀ ਉਡਾਣ ’ਚ ਘਸੁੰਨ-ਮੁੱਕੀ ਹੋਏ ਯਾਤਰੀ
ਭੋਜਨ ਪਰੋਸਣ ਵੇਲੇ ਦੋਹਾਂ ਸੀਟਾਂ ਵਿਚਾਲੇ ਥਾਂ ਨੂੰ ਲੈ ਕੇ ਹੋਇਆ ਤਕਰਾਰ
ਮੁੰਬਈ, 22 ਦਸੰਬਰ
Copenhagen-Delhi flight: ਏਅਰ ਇੰਡੀਆ ਦੀ ਕੋਪਨਹੇਗਨ (ਡੈਨਮਾਰਕ) ਤੋਂ ਦਿੱਲੀ ਆ ਰਹੀ ਉਡਾਣ ਵਿਚ ਸਵਾਰ ਦੋ ਯਾਤਰੀ ਆਰਮਰੈਸਟ ਸਪੇਸ (ਦੋਵਾਂ ਸੀਟਾਂ ਵਿਚਾਲੇ ਬਾਂਹ ਰੱਖਣ ਲਈ ਬਣਾਈ ਥਾਂ) ਨੂੰ ਲੈ ਕੇ ਘਸੁੰਨ-ਮੁੱਕੀ ਹੋ ਗਏ। ਇਕ ਸੂਤਰ ਨੇ ਦੱਸਿਆ ਕਿ ਇਹ ਉਡਾਣ ਅੱਜ ਸਵੇਰ ਸਾਢੇ ਸੱਤ ਵਜੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਉਤਰੀ ਸੀ। ਏਅਰ ਇੰਡੀਆ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਕੋਪਨਹੇਗਨ-ਦਿੱਲੀ ਉਡਾਣ ਵਿਚ ਦੋ ਯਾਤਰੀਆਂ ਦਰਮਿਆਨ ਕਿਸੇ ਮੁੱਦੇ ਨੂੰ ਲੈ ਕੇ ਬਹਿਸ ਹੋਈ ਸੀ, ਜਿਸ ਨੂੰ ਬਾਅਦ ’ਚ ਸੁਲਝਾ ਲਿਆ ਗਿਆ ਜਦਕਿ ਸੂਤਰ ਨੇ ਦੱਸਿਆ ਕਿ ਦੋਵਾਂ ਯਾਤਰੀਆਂ ਨੇ ਇਕੌਨਮੀ ਕਲਾਸ ਵਿੱਚ ਉਦੋਂ ਆਰਮਰੈਸਟ ਸਪੇਸ ਨੂੰ ਲੈ ਕੇ ਬਹਿਸ ਸ਼ੁਰੂ ਕਰ ਦਿੱਤੀ ਜਦੋਂ ਜਹਾਜ਼ ਦਾ ਅਮਲਾ ਸਨੈਕਸ ਤੇ ਭੋਜਨ ਪਰੋਸ ਰਿਹਾ ਸੀ। ਇਸ ਤੋਂ ਬਾਅਦ ਦੋਵੇਂ ਜਣੇ ਬਹਿਸ ਪਏ ਤੇ ਬਾਅਦ ਵਿਚ ਹੱਥੋਪਾਈ ਵੀ ਹੋਏ ਪਰ ਕੈਬਿਨ ਕਰਿਊ ਦੇ ਇਕ ਮੈਂਬਰ ਨੇ ਇੱਕ ਯਾਤਰੀ ਨੂੰ ਦੂਜੀ ਸੀਟ ’ਤੇ ਬਿਠਾ ਕੇ ਮਾਮਲਾ ਸ਼ਾਂਤ ਕੀਤਾ।
ਜਦੋਂ ਜਹਾਜ਼ ਦਿੱਲੀ ਵਿੱਚ ਲੈਂਡ ਕਰਨ ਵਾਲਾ ਸੀ ਤਾਂ ਯਾਤਰੀ ਪਹਿਲਾਂ ਬੈਠੀ ਸੀਟ ਤੋਂ ਆਪਣਾ ਸਮਾਨ ਲੈਣ ਲਈ ਆਇਆ ਤਾਂ ਉਨ੍ਹਾਂ ਦਰਮਿਆਨ ਮੁੜ ਬਹਿਸ ਛਿੜ ਗਈ ਜੋ ਹੱਥੋਪਾਈ ਵਿਚ ਬਦਲ ਗਈ। ਇਸ ਉਡਾਣ ਦਾ ਨੰਬਰ ਏਆਈ158 (ਕੋਪਨਹੇਗਨ-ਦਿੱਲੀ) ਸੀ ਜਿਸ ਵਿਚ ਸਵਾਰ ਯਾਤਰੀਆਂ ਦੀ ਗਿਣਤੀ ਦਾ ਪਤਾ ਨਹੀਂ ਲੱਗ ਸਕਿਆ। ਪੀਟੀਆਈ

