Air India crash viral Video: ਜਹਾਜ਼ ਹਾਦਸੇ ਦੀ ਵਾਇਰਲ ਵੀਡੀਓ ਬਣਾਉਣ ਵਾਲੇ ਮੁੰਡੇ ਨੇ ਬਿਆਨ ਦਰਜ ਕਰਵਾਏ
ਅਹਿਮਦਾਬਾਦ, 14 ਜੂਨ
ਅਹਿਮਦਾਬਾਦ ਵਿੱਚ ਇੱਕ 17 ਸਾਲਾ ਲੜਕੇ ਨੇ ਅਣਜਾਣੇ ਵਿੱਚ ਹੀ ਵੀਰਵਾਰ ਦੇ ਭਿਆਨਕ ਏਅਰ ਇੰਡੀਆ AI 171 ਜਹਾਜ਼ ਹਾਦਸੇ ਦਾ ਵਾਇਰਲ ਵੀਡੀਓ ਬਣਾਇਆ ਸੀ, ਜਿਸ ਨੇ ਸ਼ਨਿੱਚਰਵਾਰ ਨੂੰ ਪੁਲੀਸ ਕੋਲ ਆਪਣਾ ਬਿਆਨ ਦਰਜ ਕਰਵਾਇਆ ਹੈ। ਇਸ ਅੱਲ੍ਹੜ ਮੁੰਡੇ ਦੀ ਪਛਾਣ ਆਰੀਅਨ ਵਜੋਂ ਹੋਈ ਹੈ, ਜਿਸ ਨੇ ਆਪਣਾ ਤਜਰਬਾ ਸਾਂਝਾ ਕੀਤਾ। ਉਹ ਇਸ ਘਟਨਾ ਤੋਂ ਬਾਅਦ ਜ਼ਾਹਰਾ ਤੌਰ 'ਤੇ ਦੁਖੀ ਸੀ ਅਤੇ ਇਸ ਦਾ ਝਟਕਾ ਸਹਿਣ ਲਈ ਜੂਝ ਰਿਹਾ ਸੀ।
ਉਸਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਆਪਣੇ ਕਿਰਾਏ ਦੇ ਘਰ ਦੇ ਨੇੜੇ ਆਪਣੇ ਮੋਬਾਈਲ ਫੋਨ 'ਤੇ ਜਹਾਜ਼ ਦੀ ਫਿਲਮ ਬਣਾ ਰਿਹਾ ਸੀ, ਇਸ ਗੱਲੋਂ ਪੂਰੀ ਤਰ੍ਹਾਂ ਅਣਜਾਣ ਕਿ ਜਹਾਜ਼ ਜਲਦੀ ਹੀ ‘ਅੱਗ ਦੇ ਗੋਲੇ’ ਵਿੱਚ ਬਦਲ ਜਾਵੇਗਾ। ਉਸਦੀ ਵੀਡੀਓ ਤੁਰੰਤ ਵਾਇਰਲ ਹੋ ਗਈ। ਇਸ ਵੀਡੀਓ ਨੇ ਫ਼ੌਰੀ ਤੌਰ ’ਤੇ ਇਸ ਤ੍ਰਾਸਦੀ ਦੇ ਦ੍ਰਿਸ਼ ਪੇਸ਼ ਕੀਤੇ ਸਨ।
ਅਹਿਮਦਾਬਾਦ ਕ੍ਰਾਈਮ ਬ੍ਰਾਂਚ ਨੇ ਕਿਹਾ ਕਿ ਆਰੀਅਨ ਦਾ ਬਿਆਨ ਦਰਜ ਕੀਤਾ ਗਿਆ ਸੀ। ਪੁਲੀਸ ਨੇ ਇੱਕ ਸੰਖੇਪ ਬਿਆਨ ਜਾਰੀ ਕੀਤਾ ਕਿਉਂਕਿ ਸ਼ੁਰੂਆਤੀ ਤੌਰ ’ਤੇ ਅਜਿਹਾ ਭੁਲੇਖਾ ਸੀ ਕਿ ਪੁਲੀਸ ਨੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਸੀ।
ਹਾਲਾਂਕਿ, ਪੁਲੀਸ ਨੇ ਸਪੱਸ਼ਟੀਕਰਨ ਦਿੱਤਾ ਅਤੇ ਕਿਹਾ ਕਿ "ਇਸ ਵੀਡੀਓ ਬਣਾਉਣ ਸਬੰਧੀ ਕਿਸੇ ਨੂੰ ਵੀ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ। ਇੱਕ ਮੋਬਾਈਲ ਵੀਡੀਓ ਦੀ ਸਕਰੀਨ ਰਿਕਾਰਡਿੰਗ ਵਾਇਰਲ ਹੋ ਗਈ। ਵੀਡੀਓ ਬਣਾਉਣ ਵਾਲੇ ਨਾਬਾਲਗ ਨੇ ਪੁਲੀਸ ਨੂੰ ਵੀਡੀਓ ਦੇ ਵੇਰਵੇ ਦਿੱਤੇ ਹਨ।’’
ਪੁਲੀਸ ਨੇ ਦੱਸਿਆ, "ਉਹ ਆਪਣੇ ਪਿਤਾ ਨਾਲ ਗਵਾਹ ਵਜੋਂ ਬਿਆਨ ਦੇਣ ਲਈ ਆਇਆ ਸੀ। ਫਿਰ ਉਸ ਨੂੰ ਉਸਦੇ ਪਿਤਾ ਨਾਲ ਭੇਜ ਦਿੱਤਾ ਗਿਆ। ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਗਈ ਤੇ ਨਾ ਹੀ ਕਿਸੇ ਨੂੰ ਹਿਰਾਸਤ ਵਿਚ ਲਿਆ ਗਿਆ ਹੈ।"
ਭਿਆਨਕ ਪਲਾਂ ਨੂੰ ਯਾਦ ਕਰਦਿਆਂ ਆਰੀਅਨ ਨੇ ਕਿਹਾ ਕਿ ਉਸਦੀ ਰਿਕਾਰਡਿੰਗ ਦੇ 24 ਸਕਿੰਟਾਂ ਦੇ ਅੰਦਰ ਹੀ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਉਸ ਨੇ ਕਿਹਾ, "ਮੈਨੂੰ ਬਹੁਤ ਡਰ ਲੱਗਿਆ। ਸਭ ਤੋਂ ਪਹਿਲਾਂ ਮੇਰੀ ਬਣਾਈ ਵੀਡੀਓ ਮੇਰੀ ਭੈਣ ਵੀਡੀਓ ਨੇ ਦੇਖੀ। ਮੈਂ ਜੋ ਦੇਖਿਆ ਉਸ ਤੋਂ ਮੈਨੂੰ ਬਹੁਤ ਡਰ ਲੱਗਦਾ ਹੈ।"
ਉਸਦੀ ਭੈਣ ਨੇ ਆਪਣੇ ਭਰਾ ਲਈ ਚਿੰਤਾ ਜ਼ਾਹਰ ਕਰਦਿਆਂ ਕਿਹਾ, "ਆਰੀਅਨ ਨੇ ਮੈਨੂੰ ਵੀਡੀਓ ਦਿਖਾਇਆ ਅਤੇ ਮੈਨੂੰ ਦੱਸਿਆ ਕਿ ਉਹ ਇੱਥੇ ਨਹੀਂ ਰਹਿਣਾ ਚਾਹੁੰਦਾ ਕਿਉਂਕਿ ਇਹ ਖ਼ਤਰਨਾਕ ਹੈ। ਉਹ ਬਹੁਤ ਡਰਿਆ ਹੋਇਆ ਹੈ। ਉਹ ਠੀਕ ਤਰ੍ਹਾਂ ਬੋਲ ਨਹੀਂ ਸਕਦਾ।" -ਪੀਟੀਆਈ