AIR INDIA-CHICAGO FLIGHT ਏਅਰ ਇੰਡੀਆ ਦੀ ਉਡਾਣ ਦਸ ਘੰਟੇ ਹਵਾ ’ਚ ਰਹਿਣ ਮਗਰੋਂ ਤਕਨੀਕੀ ਨੁਕਸ ਕਰਕੇ ਸ਼ਿਕਾਗੋ ਪਰਤੀ
ਨਵੀਂ ਦਿੱਲੀ/ਮੁੰਬਈ, 6 ਮਾਰਚ
ਏਅਰ ਇੰਡੀਆ ਦੀ ਸ਼ਿਕਾਗੋ ਤੋਂ ਦਿੱਲੀ ਆ ਰਹੀ ਉਡਾਣ ਨੂੰ ਤਕਨੀਕੀ ਨੁਕਸ ਕਰਕੇ ਅਮਰੀਕੀ ਸ਼ਹਿਰ ਮੋੜ ਦਿੱਤਾ ਗਿਆ ਹੈ। ਉਂਝ ਮੁੜਨ ਤੋਂ ਪਹਿਲਾਂ ਏਅਰ ਇੰਡੀਆ ਦੀ ਉਡਾਣ ਦਸ ਘੰਟਿਆਂ ਲਈ ਹਵਾ ਵਿਚ ਸੀ। ਉਂਝ ਇਸ ਪੂਰੇ ਘਟਨਾਕ੍ਰਮ ਤੋਂ ਜਾਣੂ ਸਰੋਤ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ ਕਿ ਜਹਾਜ਼ ਨੂੰ ਮੋੜਨਾ ਪਿਆ ਕਿਉਂਕਿ ਇਸ ਦੇ ਬਹੁਤੇ ਪਖਾਨੇ ਬੰਦ ਹੋ ਗਏ ਸਨ।
ਫਲਾਈਟ ਟਰੈਕਿੰਗ ਵੈੱਬਸਾਈਟ ਫਲਾਈਟਰਡਾਰ24.ਕਾਮ ਉੱਤੇ ਉਪਲਬਧ ਜਾਣਕਾਰੀ ਮੁਤਾਬਕ ਬੋਇੰਗ 777-337ਈਆਰ ਜਹਾਜ਼ ਦਸ ਘੰਟੇ ਤੋਂ ਵੱਧ ਸਮਾਂ ਹਵਾ ਵਿਚ ਰਹਿਣ ਮਗਰੋਂ ਸ਼ਿਕਾਗੋ ਦੇ ਓਆਰਡੀ ਹਵਾਈ ਅੱਡੇ ’ਤੇ ਮੁੜ ਆਇਆ। ਏਅਰ ਇੰਡੀਆ ਦੀ ਉਡਾਣ ਵਿਚ ਕੁੱਲ 10 ਪਖਾਨੇ ਹਨ ਜਿਨ੍ਹਾਂ ਵਿਚੋਂ ਦੋ ਪਹਿਲੀ ਸ਼੍ਰੇਣੀ ਦੇ ਯਾਤਰੀਆਂ ਲਈ ਹਨ। ਜਹਾਜ਼ ਵਿਚ ਫਸਟ, ਬਿਜ਼ਨਸ ਤੇ ਇਕਾਨਮੀ ਕਲਾਸ ਸਣੇ 340 ਤੋਂ ਵੱਧ ਸੀਟਾਂ ਹਨ। ਸੂਤਰਾਂ ਨੇ ਕਿਹਾ ਕਿ ਜਹਾਜ਼ ਦਾ ਇਕੋ ਪਖਾਨਾ ਕੰਮ ਕਰ ਰਿਹਾ ਸੀ।
ਸੰਪਰਕ ਕਰਨ ਉੱਤੇ ਏਅਰ ਇੰਡੀਆ ਦੇ ਤਰਜਮਾਨ ਨੇ ਕਿਹਾ ਕਿ ਏਅਰ ਇੰਡੀਆ ਦੀ ਸ਼ਿਕਾਗੋ ਤੋਂ ਦਿੱਲੀ ਜਾ ਰਹੀ ਉਡਾਣ ਏਆਈ126 ਤਕਨੀਕੀ ਨੁਕਸ ਕਰਕੇ 6 ਮਾਰਚ ਨੂੰ ਸ਼ਿਕਾਗੋ ਪਰਤ ਆਈ। ਤਰਜਮਾਨ ਨੇ ਬਿਆਨ ਵਿਚ ਕਿਹਾ, ‘‘ਸ਼ਿਕਾਗੋ ਪੁੱਜਣ ਮਗਰੋਂ ਸਾਰੇ ਯਾਤਰੀਆਂ ਤੇ ਅਮਲੇ ਦੇ ਮੈਂਬਰਾਂ ਨੂੰ ਆਮ ਵਾਂਗ ਜਹਾਜ਼ ਤੋਂ ਉਤਾਰ ਕੇ ਖੱਜਲ ਖੁਆਰੀ ਤੋਂ ਬਚਾਉਣ ਲਈ ਰਿਹਾਇਸ਼ ਆਦਿ ਦਾ ਪ੍ਰਬੰਧ ਕੀਤਾ ਗਿਆ ਹੈ। ਯਾਤਰੀਆਂ ਨੂੰ ਉਨ੍ਹਾਂ ਦੀ ਮੰਜ਼ਿਲ ’ਤੇ ਪਹੁੰਚਾਉਣ ਲਈ ਬਦਲਵੇਂ ਪ੍ਰਬੰਧ ਵੀ ਕੀਤੇ ਗਏ ਹਨ।’’ ਤਰਜਮਾਨ ਨੇ ਕਿਹਾ ਕਿ ਯਾਤਰੀਆਂ ਨੂੰ ਟਿਕਟ ਰੱਦ ਕਰਨ ਬਦਲੇ ਪੂਰੇ ਰੀਫੰਡ ਤੇ ਕੰਪਲੀਮੈਂਟਰੀ ਰੀਸ਼ਡਿਊਲਿੰਗ ਦੀ ਵੀ ਪੇਸ਼ਕਸ਼ ਕੀਤੀ ਗਈ ਹੈ। -ਪੀਟੀਆਈ