Ahmedabad plane crash: 190 ਪੀੜਤਾਂ ਦੀ ਪਛਾਣ ਹੋਈ, 159 ਲਾਸ਼ਾਂ ਪਰਿਵਾਰਾਂ ਨੂੰ ਸੌਂਪੀਆਂ
190 victims identified, 159 bodies handed over to kin
ਅਹਿਮਦਾਬਾਦ, 18 ਜੂਨ
ਅਹਿਮਦਾਬਾਦ ਵਿਚ ਏਅਰ ਇੰਡੀਆ ਜਹਾਜ਼ ਹਾਦਸੇ ਦੇ ਛੇ ਦਿਨਾਂ ਮਗਰੋਂ ਹੁਣ ਤੱਕ 190 ਪੀੜਤਾਂ ਦੀ ਡੀਐੱਨਏ ਟੈਸਟ ਜ਼ਰੀਏ ਪਛਾਣ ਕਰ ਲਈ ਗਈ ਹੈ ਤੇ ਇਨ੍ਹਾਂ ਵਿਚੋਂ 159 ਲਾਸ਼ਾਂ ਸਬੰਧਤ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ। ਇਸ ਹਾਦਸੇ ਵਿਚ ਜਹਾਜ਼ ਸਵਾਰ 241 ਵਿਅਕਤੀਆਂ ਸਣੇ ਕੁੱਲ 270 ਵਿਅਕਤੀਆਂ ਦੀ ਮੌਤ ਹੋ ਗਈ ਸੀ। ਅਥਾਰਿਟੀਜ਼ ਵੱਲੋਂ ਬਾਕੀ ਬਚਦੀਆਂ ਮ੍ਰਿਤਕ ਦੇਹਾਂ ਦੀ ਪਛਾਣ ਲਈ ਡੀਐੱਨਏ ਟੈਸਟ ਕੀਤੇ ਜਾ ਰਹੇ ਹਨ ਕਿਉਂਕਿ ਇਨ੍ਹਾਂ ਵਿਚੋਂ ਬਹੁਤੀਆਂ ਲਾਸ਼ਾਂ ਬੁਰੀ ਤਰ੍ਹਾਂ ਝੁਲਸ ਗਈਆਂ ਹਨ ਤੇ ਪਛਾਣ ਤੋਂ ਪਰ੍ਹੇ ਹਨ।
ਅਹਿਮਦਾਬਾਦ ਸਿਵਲ ਹਸਪਤਾਲ ਦੇ ਡਾ.ਰਾਕੇਸ਼ ਜੋਸ਼ੀ ਨੇ ਪੱਤਰਕਾਰਾਂ ਨੂੰ ਦੱਸਿਆ, ‘‘ਬੁੱਧਵਾਰ ਸਵੇਰੇ ਤੱਕ 190 ਡੀਐੱਨਏ ਨਮੂਨੇ ਮੈਚ ਕੀਤੇ ਜਾ ਚੁੱਕੇ ਹਨ, ਅਤੇ 159 ਲਾਸ਼ਾਂ ਸਬੰਧਤ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ। ਬਾਕੀ ਬਚਦੀਆਂ ਲਾਸ਼ਾਂ ਵੀ ਜਲਦੀ ਵਾਰਸਾਂ ਨੂੰ ਸੌਂਪ ਦੇਵਾਂਗੇ।’’ ਜੋਸ਼ੀ ਨੇ ਕਿਹਾ ਕਿ ਜਹਾਜ਼ ਹਾਦਸੇ ਮਗਰੋਂ 71 ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ, ਜਿਨ੍ਹਾਂ ਵਿਚੋਂ 9 ਜਣੇ ਮੌਜੂਦਾ ਸਮੇਂ ਇਲਾਜ ਅਧੀਨ ਹਨ ਜਦੋਂ ਦੋ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਕਾਬਿਲੇਗੌਰ ਹੈ ਕਿ 12 ਜੂਨ ਨੂੰ ਅਹਿਮਦਾਬਾਦ ਤੋਂ ਲੰਡਨ ਜਾ ਰਿਹਾ ਏਅਰ ਇੰਡੀਆ ਦਾ ਜਾਹਜ਼ ਉਡਾਣ ਭਰਨ ਤੋਂ ਕੁਝ ਮਿੰਟਾਂ ਅੰਦਰ ਅਹਿਮਦਾਬਾਦ ਦੇ ਮੈਡੀਕਲ ਕਾਲਜ ਕੰਪਲੈਕਸ ’ਤੇ ਕਰੈਸ਼ ਹੋ ਗਿਆ ਸੀ। ਹਾਦਸੇ ਵਿਚ ਜਹਾਜ਼ ਸਵਾਰ 214 ਯਾਤਰੀਆਂ ਤੇ ਜ਼ਮੀਨ ’ਤੇ 29 ਵਿਅਕਤੀਆਂ ਦੀ ਜਾਨ ਜਾਂਦੀ ਰਹੀ ਸੀ। -ਪੀਟੀਆਈ