Ahmedabad plane crash: 163 ਪੀੜਤਾਂ ਦੀ ਪਛਾਣ ਹੋਈ, 124 ਲਾਸ਼ਾਂ ਪਰਿਵਾਰਾਂ ਨੂੰ ਸੌਂਪੀਆਂ
ਬਾਕੀ ਲਾਸ਼ਾਂ ਦੀ ਡੀਐੱਨਏ ਟੈਸਟਿੰਗ ਦਾ ਅਮਲ ਅੱਜ ਸ਼ਾਮੀਂ ਜਾਂ ਬੁੱਧਵਾਰ ਸਵੇਰ ਤੱਕ ਪੂਰਾ ਹੋਣ ਦਾ ਦਾਅਵਾ
ਅਹਿਮਦਾਬਾਦ, 17 ਜੂਨ
ਅਹਿਮਦਾਬਾਦ ਵਿਚ ਏਅਰ ਇੰਡੀਆ ਜਹਾਜ਼ ਹਾਦਸੇ ਦੇ ਪੰਜ ਦਿਨਾਂ ਮਗਰੋਂ ਹੁਣ ਤੱਕ 163 ਪੀੜਤਾਂ ਦੀ ਡੀਐੱਨਏ ਟੈਸਟ ਜ਼ਰੀਏ ਪਛਾਣ ਕਰ ਲਈ ਗਈ ਹੈ ਤੇ ਇਨ੍ਹਾਂ ਵਿਚੋਂ 124 ਲਾਸ਼ਾਂ ਸਬੰਧਤ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ। ਇਸ ਹਾਦਸੇ ਵਿਚ ਜਹਾਜ਼ ਸਵਾਰ 241 ਵਿਅਕਤੀਆਂ ਸਣੇ ਕੁੱਲ 270 ਵਿਅਕਤੀਆਂ ਦੀ ਮੌਤ ਹੋ ਗਈ ਸੀ। ਅਥਾਰਿਟੀਜ਼ ਵੱਲੋਂ ਬਾਕੀ ਬਚਦੀਆਂ ਮ੍ਰਿਤਕ ਦੇਹਾਂ ਦੀ ਪਛਾਣ ਲਈ ਡੀਐੱਨਏ ਟੈਸਟ ਕੀਤੇ ਜਾ ਰਹੇ ਹਨ ਕਿਉਂਕਿ ਇਨ੍ਹਾਂ ਵਿਚੋਂ ਬਹੁਤੀਆਂ ਲਾਸ਼ਾਂ ਬੁਰੀ ਤਰ੍ਹਾਂ ਝੁਲਸ ਗਈਆਂ ਹਨ ਤੇ ਪਛਾਣ ਤੋਂ ਪਰ੍ਹੇ ਹਨ।
ਅਹਿਮਦਾਬਾਦ ਸਿਵਲ ਹਸਪਤਾਲ ਦੇ ਡਾ.ਰਾਕੇਸ਼ ਜੋਸ਼ੀ ਨੇ ਪੱਤਰਕਾਰਾਂ ਨੂੰ ਦੱਸਿਆ, ‘‘ਹੁਣ ਤੱਕ 163 ਡੀਐੱਨਏ ਨਮੂਨੇ ਮੈਚ ਕੀਤੇ ਜਾ ਚੁੱਕੇ ਹਨ, ਅਤੇ 124 ਲਾਸ਼ਾਂ ਸਬੰਧਤ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਹਨ। ਬਾਕੀ ਬਚਦੀਆਂ ਲਾਸ਼ਾਂ ਵੀ ਜਲਦੀ ਵਾਰਸਾਂ ਨੂੰ ਸੌਂਪ ਦੇਵਾਂਗੇ।’’ ਜੋਸ਼ੀ ਨੇ ਕਿਹਾ ਕਿ ਜਹਾਜ਼ ਹਾਦਸੇ ਮਗਰੋਂ 71 ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ, ਜਿਨ੍ਹਾਂ ਵਿਚੋਂ 9 ਜਣੇ ਮੌਜੂਦਾ ਸਮੇਂ ਇਲਾਜ ਅਧੀਨ ਹਨ ਜਦੋਂ ਦੋ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ।
ਜੋਸ਼ੀ ਨੇ ਉਨ੍ਹਾਂ ਰਿਪੋਰਟਾਂ ਨੂੰ ਖਾਰਜ ਕਰ ਦਿੱਤਾ ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਸਿਵਲ ਹਸਪਤਾਲ ਨਾਲ ਸਬੰਧਤ ਬੀਜੇ ਮੈਡੀਕਲ ਕਾਲਜ ਦੇ ਦੋ ਹੋਰ ਐੱਮਬੀਬੀਐੱਸ ਵਿਦਿਆਰਥੀਆਂ ਦੀ ਹਾਦਸੇ ਵਿੱਚ ਮੌਤ ਹੋ ਗਈ ਹੈ। ਜੋਸ਼ੀ ਨੇ ਕਿਹਾ, ‘‘ਮੈਂ ਸਪੱਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਹਾਦਸੇ ਵਿੱਚ ਬੀਜੇਐਮਸੀ ਦੇ ਸਿਰਫ਼ ਚਾਰ ਵਿਦਿਆਰਥੀ ਮਾਰੇ ਗਏ ਸਨ ਅਤੇ ਇਸ ਗਿਣਤੀ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ। ਜਿਹੜੇ ਦੋ ਡਾਕਟਰਾਂ ਦੀ ਮੌਤ ਹੋਈ ਸੀ, ਉਨ੍ਹਾਂ ਵਿੱਚੋਂ ਇੱਕ ਫਲਾਈਟ ਵਿੱਚ ਸਵਾਰ ਸੀ ਜਦੋਂ ਕਿ ਦੂਜਾ ਸੂਰਤ ਤੋਂ ਸੀ ਅਤੇ ਆਪਣੀ ਭੈਣ ਨੂੰ ਮਿਲਣ ਲਈ ਹੋਸਟਲ ਆਇਆ ਸੀ ਤੇ ਉਸ ਦਾ ਵਿਆਹ ਇੱਕ ਰੈਜ਼ੀਡੈਂਟ ਡਾਕਟਰ ਨਾਲ ਹੋਇਆ ਸੀ।’’
ਉਨ੍ਹਾਂ ਆਸ ਜਤਾਈ ਕਿ ਜਹਾਜ਼ ਹਾਦਸੇ ਦੇ ਸਾਰੇ ਪੀੜਤਾਂ ਦੀ ਡੀਐੱਨਏ ਟੈਸਟਿੰਗ ਦਾ ਅਮਲ ਮੰਗਲਵਾਰ ਸ਼ਾਮੀਂ ਜਾਂ ਬੁੁੱਧਵਾਰ ਸਵੇਰ ਤੱਕ ਪੂਰਾ ਹੋ ਜਾਵੇਗਾ। ਕਾਬਿਲੇਗੌਰ ਹੈ ਕਿ 12 ਜੂਨ ਨੂੰ ਅਹਿਮਦਾਬਾਦ ਤੋਂ ਲੰਡਨ ਜਾ ਰਿਹਾ ਏਅਰ ਇੰਡੀਆ ਦਾ ਜਾਹਜ਼ ਉਡਾਣ ਭਰਨ ਤੋਂ ਕੁਝ ਮਿੰਟਾਂ ਅੰਦਰ ਅਹਿਮਦਾਬਾਦ ਦੇ ਮੈਡੀਕਲ ਕਾਲਜ ਕੰਪਲੈਕਸ ’ਤੇ ਕਰੈਸ਼ ਹੋ ਗਿਆ ਸੀ। ਹਾਦਸੇ ਵਿਚ ਜਹਾਜ਼ ਸਵਾਰ 214 ਯਾਤਰੀਆਂ ਤੇ ਜ਼ਮੀਨ ’ਤੇ 29 ਵਿਅਕਤੀਆਂ ਦੀ ਜਾਨ ਜਾਂਦੀ ਰਹੀ ਸੀ। -ਪੀਟੀਆਈ