ਸਿਖਲਾਈ ਦੌਰਾਨ ਅਗਨੀਵੀਰ ਜਸ਼ਨਪ੍ਰੀਤ ਸਿੰਘ ਦੀ ਮੌਤ
ਨੇੜਲੇ ਪਿੰਡ ਲੋਹਗੜ੍ਹ ਦੇ ਅਗਨੀਵੀਰ ਦੀ ਝਾਰਖੰਡ ਦੀ ਰਾਮਗੜ੍ਹ ਛਾਉਣੀ ਵਿੱਚ ਪੰਜਾਬ ਰੈਜੀਮੈਂਟਲ ਸੈਂਟਰ ’ਤੇ ਸਿਖਲਾਈ ਦੌਰਾਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਜਸ਼ਨਪ੍ਰੀਤ ਸਿੰਘ (21) ਪੁੱਤਰ ਸੁਰਜੀਤ ਸਿੰਘ ਵਾਸੀ ਲੋਹਗੜ੍ਹ ਜ਼ਿਲ੍ਹਾ ਫਿਰੋਜ਼ਪੁਰ ਵਜੋਂ ਹੋਈ ਹੈ। ਮ੍ਰਿਤਕ ਦੇ ਛੋਟੇ ਭਰਾ...
ਨੇੜਲੇ ਪਿੰਡ ਲੋਹਗੜ੍ਹ ਦੇ ਅਗਨੀਵੀਰ ਦੀ ਝਾਰਖੰਡ ਦੀ ਰਾਮਗੜ੍ਹ ਛਾਉਣੀ ਵਿੱਚ ਪੰਜਾਬ ਰੈਜੀਮੈਂਟਲ ਸੈਂਟਰ ’ਤੇ ਸਿਖਲਾਈ ਦੌਰਾਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਜਸ਼ਨਪ੍ਰੀਤ ਸਿੰਘ (21) ਪੁੱਤਰ ਸੁਰਜੀਤ ਸਿੰਘ ਵਾਸੀ ਲੋਹਗੜ੍ਹ ਜ਼ਿਲ੍ਹਾ ਫਿਰੋਜ਼ਪੁਰ ਵਜੋਂ ਹੋਈ ਹੈ। ਮ੍ਰਿਤਕ ਦੇ ਛੋਟੇ ਭਰਾ ਕਰਨ ਨੇ ਦੱਸਿਆ ਕਿ ਜਸ਼ਨਪ੍ਰੀਤ ਅਪਰੈਲ ਮਹੀਨੇ ਫ਼ੌਜ ਵਿੱਚ ਅਗਨੀਵੀਰ ਵਜੋਂ ਭਰਤੀ ਹੋਇਆ ਸੀ ਅਤੇ ਉਹ ਪਹਿਲੀ ਮਈ ਤੋਂ ਰਾਮਗੜ੍ਹ ਛਾਉਣੀ ਵਿੱਚ ਸਿਖਲਾਈ ਲੈ ਰਿਹਾ ਸੀ।
ਕਰਨ ਨੇ ਦੱਸਿਆ ਕਿ ਜਸ਼ਨਪ੍ਰੀਤ ਪੰਜਾਬ ਰੈਜੀਮੈਂਟਲ ਸੈਂਟਰ ’ਤੇ ਰੁਟੀਨ ਸਰੀਰਕ ਸਿਖਲਾਈ ਦੌਰਾਨ ਗਰਾਊਂਡ ਦੇ ਚੱਕਰ ਲਾ ਰਿਹਾ ਸੀ। ਇਸ ਦੌਰਾਨ ਉਸ ਨੇ ਸਾਹ ਲੈਣ ਵਿੱਚ ਤਕਲੀਫ ਮਹਿਸੂਸ ਕੀਤੀ। ਸਿਹਤ ਵਿਗੜਨ ਮਗਰੋਂ ਉਸ ਨੂੰ ਮਿਲਟਰੀ ਹਸਪਤਾਲ ਰਾਮਗੜ੍ਹ ਦਾਖ਼ਲ ਕਰਵਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਜਸ਼ਨਪ੍ਰੀਤ ਸਿੰਘ ਦੇ ਪਿਤਾ ਸੁਰਜੀਤ ਸਿੰਘ ਦੀ ਤਕਰੀਬਨ ਪੰਜ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ। ਹੁਣ ਪਰਿਵਾਰ ਵਿੱਚ ਛੋਟਾ ਭਰਾ ਕਰਨ ਅਤੇ ਉਸ ਦੀ ਮਾਤਾ ਅਮਰਜੀਤ ਕੌਰ ਹਨ। ਉਸ ਦੀ ਮੌਤ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ।

