ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਲਾਲੂ ਪ੍ਰਸਾਦ ਨੇ ਕਿਹਾ ਕਿ ਹੁਕਮਰਾਨ ਧਿਰ ਐੱਨ ਡੀ ਏ ਬਿਹਾਰ ’ਚ ਵਿਧਾਨ ਸਭਾ ਚੋਣਾਂ ਮਗਰੋਂ ਭੱਜ ਜਾਵੇਗਾ। ਸਾਬਕਾ ਮੁੱਖ ਮੰਤਰੀ ਨੇ ‘ਐਕਸ’ ’ਤੇ ਆਪਣੇ ਮਜ਼ਾਹੀਆ ਅੰਦਾਜ਼ ’ਚ ਐੱਨ ਡੀ ਏ ਨੂੰ ਘੇਰਿਆ। ਉਨ੍ਹਾਂ ਲਿਖਿਆ, ‘‘6 ਔਰ 11, ਐੱਨ ਡੀਏ 9 2 11.’ ਉਨ੍ਹਾਂ ਬਿਹਾਰ ’ਚ ਵਿਧਾਨ ਸਭਾ ਚੋਣਾਂ ਦੋ ਗੇੜਾਂ 6 ਅਤੇ 11 ਨਵੰਬਰ ਨੂੰ ਹੋਣ ਦੇ ਹਵਾਲੇ ਨਾਲ ਇਹ ਗੱਲ ਆਖੀ। ਉਪ ਮੁੱਖ ਮੰਤਰੀ ਅਤੇ ਭਾਜਪਾ ਆਗੂ ਸਮਰਾਟ ਚੌਧਰੀ ਨੇ ਇਸ ਬਿਆਨ ’ਤੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਚੋਣਾਂ ਦੇ ਨਤੀਜੇ 14 ਨਵੰਬਰ ਨੂੰ ਬਾਲ ਦਿਵਸ ਮੌਕੇ ਆਉਣਗੇ ਅਤੇ ਲਾਲੂ ਯਾਦਵ ਜਾਣਦੇ ਹਨ ਕਿ ਬਿਹਾਰ ਦੀ ਸਿਆਸਤ ’ਚ ਉਸ ਦਿਨ ‘ਬੱਚਾ’ ਕੌਣ ਹੋਵੇਗਾ। ਹਿੰਦੁਸਤਾਨ ਅਵਾਮ ਮੋਰਚਾ ਦੇ ਪ੍ਰਧਾਨ ਜੀਤਨ ਰਾਮ ਮਾਂਝੀ ਦੇ ਪੁੱਤਰ ਅਤੇ ਮੰਤਰੀ ਸੰਤੋਸ਼ ਕੁਮਾਰ ਸੁਮਨ ਨੇ ਕਿਹਾ ਕਿ ਲਾਲੂ ਨੇ ਇਹ ਭਵਿੱਖਬਾਣੀ ਆਪਣੇ ਲਈ ਕੀਤੀ ਹੋਵੇਗੀ ਪਰ ਉਹ ਗਲਤੀ ਨਾਲ ਐੱਨ ਡੀ ਏ ਲਿਖ ਗਏ ਹੋਣਗੇ। ਸੁਮਨ ਨੇ ਕਿਹਾ ਕਿ ਤੇਜਸਵੀ ਯਾਦਵ ਨੇ 20 ਮਹੀਨਿਆਂ ’ਚ ਬਦਲਾਅ ਦਾ ਵਾਅਦਾ ਕੀਤਾ ਹੈ ਪਰ ਉਹ ਬਿਹਾਰ ਨੂੰ 40 ਸਾਲ ਪਿੱਛੇ ਧੱਕ ਦੇਵੇਗਾ।