ਨਵੀਂ ਦਿੱਲੀ, 30 ਮਈ
ਕਾਂਗਰਸ ਆਗੂ ਸ਼ਸ਼ੀ ਥਰੂਰ ਮਗਰੋਂ ਹੁਣ ਇਕ ਹੋਰ ਸੀਨੀਅਰ ਆਗੂ ਸਲਮਾਨ ਖੁਰਸ਼ੀਦ ਨੇ ਮੋਦੀ ਸਰਕਾਰ ਦਾ ਪੱਖ ਪੂਰਿਆ ਹੈ। ਇੰਡੋਨੇਸ਼ੀਆ ਗਏ ਭਾਰਤੀ ਵਫ਼ਦ ’ਚ ਸ਼ਾਮਲ ਖੁਰਸ਼ੀਦ ਨੇ ਕੇਂਦਰ ਵੱਲੋਂ ਜੰਮੂ ਕਸ਼ਮੀਰ ’ਚੋਂ ਧਾਰਾ 370 ਰੱਦ ਕੀਤੇ ਜਾਣ ਦੇ ਫ਼ੈਸਲੇ ਨੂੰ ਸਹੀ ਠਹਿਰਾਇਆ ਹੈ। ਉਨ੍ਹਾਂ ਕਿਹਾ ਹੈ ਕਿ ਮਕਬੂਜ਼ਾ ਕਸ਼ਮੀਰ (ਪੀਓਕੇ) ਭਾਰਤ ਹਵਾਲੇ ਕੀਤਾ ਜਾਣਾ ਚਾਹੀਦਾ ਹੈ। ਖੁਰਸ਼ੀਦ ਨੇ ਕਿਹਾ, ‘‘ਭਾਰਤ ਨੇ ਸਪੱਸ਼ਟ ਆਖਿਆ ਹੈ ਕਿ ਪਾਕਿਸਤਾਨ ਨਾਲ ਸਿੰਧ ਜਲ ਸੰਧੀ ਸਮੇਤ ਹੋਰ ਮੁੱਦਿਆਂ ’ਤੇ ਗੱਲਬਾਤ ਤਾਂ ਹੀ ਹੋ ਸਕਦੀ ਹੈ ਜਦੋਂ ਉਹ ਸ਼ਾਂਤੀ ਬਾਰੇ ਆਪਣੀ ਵਚਨਬੱਧਤਾ ਸਪੱਸ਼ਟ ਕਰੇ। ਪਾਕਿਸਤਾਨ ਸ਼ਾਂਤੀ ਦੀ ਰਾਹ ’ਚ ਰੋੜਾ ਬਣਿਆ ਹੋਇਆ ਹੈ ਕਿਉਂਕਿ ਉਹ ਭਾਰਤ ’ਤੇ ਲਗਾਤਾਰ ਹਮਲੇ ਕਰਦਾ ਆ ਰਿਹਾ ਹੈ।’’ ਇਸ ਮਗਰੋਂ ਭਾਜਪਾ ਤਰਜਮਾਨ ਸ਼ਹਿਜ਼ਾਦ ਪੂਨਾਵਾਲਾ ਨੇ ਕਿਹਾ ਕਿ ਕਾਂਗਰਸ ਦੇ ਸੀਨੀਅਰ ਆਗੂ ਸਲਮਾਨ ਖੁਰਸ਼ੀਦ ਨੇ ਕਬੂਲ ਕੀਤਾ ਹੈਕਿ ਧਾਰਾ 370 ਵੱਡੀ ਗਲਤੀ ਸੀ। ਪੂਨਾਵਾਲਾ ਨੇ ਕਿਹਾ, ‘‘ਸੀਨੀਅਰ ਕਾਂਗਰਸ ਆਗੂ ਸਲਮਾਨ ਖੁਰਸ਼ੀਦ ਨੇ ਮੰਨ ਲਿਆ ਹੈ ਕਿ ਕਿਵੇਂ ਪਾਕਿਸਤਾਨ ਪ੍ਰਸਤੀ, ਪੱਥਰਬਾਜ਼ੀ ਅਤੇ ਪਾਕਿਸਤਾਨ ਦੀ ਸਮੱਸਿਆ ਵੱਧ ਰਹੀ ਸੀ। ਹੁਣ ਧਾਰਾ 370 ਖ਼ਤਮ ਹੋਣ ਨਾਲ ਉਥੇ ਖੁਸ਼ਹਾਲੀ ਆ ਗਈ ਹੈ। ਧਾਰਾ 370 ਤਤਕਾਲੀ ਸਰਕਾਰਾਂ ਖਾਸ ਕਰਕੇ ਨਹਿਰੂ ਦੀ ਵੱਡੀ ਗਲਤੀ ਸੀ ਜਿਸ ਨੂੰ ਸਲਮਾਨ ਖੁਰਸ਼ੀਦ ਨੇ ਖੁਦ ਮੰਨਿਆ ਹੈ।’’ ਉਧਰ ਭਾਜਪਾ ਦੇ ਕੌਮੀ ਤਰਜਮਾਨ ਸੰਬਿਤ ਪਾਤਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਰਾਹੁਲ ਗਾਂਧੀ ਅਤੇ ਤਿਲੰਗਾਨਾ ਦੇ ਮੁੱਖ ਮੰਤਰੀ ਰੇਵੰਤ ਰੈੱਡੀ ਸਮੇਤ ਹੋਰ ਸੀਨੀਅਰ ਕਾਂਗਰਸ ਆਗੂਆਂ ਨੇ ਅਕਸਰ ਇਹ ਸਵਾਲ ਕੀਤੇ ਹਨ ਕਿ ‘ਅਪਰੇਸ਼ਨ ਸਿੰਧੂਰ’ ਦੌਰਾਨ ਕਿੰਨੇ ਰਾਫ਼ਾਲ ਜੈੱਟ ਡਿੱਗੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਜੈਰਾਮ ਰਮੇਸ਼ ਨੇ ਤਾਂ ਵਿਦੇਸ਼ ’ਚ ਸਰਬ-ਪਾਰਟੀ ਵਫ਼ਦਾਂ ’ਚ ਸ਼ਾਮਲ ਆਗੂਆਂ ਦੀ ਤੁਲਨਾ ਦਹਿਸ਼ਤਗਰਦਾਂ ਨਾਲ ਕਰ ਦਿੱਤੀ ਹੈ। ਪਾਤਰਾ ਨੇ ਕਿਹਾ, ‘‘ਕਾਂਗਰਸੀ ਆਗੂ ਪਾਕਿਸਤਾਨ ਦੇ ‘ਬੱਬਰ’ ਅਤੇ ਭਾਰਤ ਦੇ ‘ਗੱਬਰ’ ਹਨ। ਉਨ੍ਹਾਂ ਦਾ ਹਸ਼ਰ ਵੀ ਸ਼ੋਅਲੇ ਫਿਲਮ ਦੇ ਡਾਕੂ ਵਾਂਗ ਹੋਵੇਗਾ। ਭਾਰਤ ਦੀ ਜੈ ਅਤੇ ਵੀਰਤਾ ਕਾਰਨ ਗੱਬਰ ਦੀ ਹਾਰ ਤੈਅ ਹੈ।’’ ਪਾਤਰਾ ਨੇ ਉਨ੍ਹਾਂ ਮੀਡੀਆ ਰਿਪੋਰਟਾਂ ਦਾ ਖੰਡਨ ਕੀਤਾ ਕਿ ਹੁਕਮਰਾਨ ਭਾਜਪਾ ਨੇ ਮੋਦੀ ਸਰਕਾਰ ਦੀ ਵਰ੍ਹੇਗੰਢ ਮਨਾਉਣ ਲਈ ਔਰਤਾਂ ਨੂੰ ਸਿੰਧੂਰ ਵੰਡਣ ਦੀ ਯੋਜਨਾ ਉਲੀਕੀ ਹੈ। -ਏਐੱਨਆਈ/ਪੀਟੀਆਈ
ਥਰੂਰ ਨੇ ਪਾਕਿ ਦੀ ਹਮਾਇਤ ਲਈ ਕੋਲੰਬੀਆ ਨਾਲ ਨਾਰਾਜ਼ਗੀ ਜਤਾਈ
ਬੋਗੋਟਾ: ਕਾਂਗਰਸੀ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਪਹਿਲਗਾਮ ਦਹਿਸ਼ਤੀ ਹਮਲੇ ਦੇ ਜਵਾਬ ’ਚ ਭਾਰਤ ਵੱਲੋਂ ਕੀਤੇ ਗਏ ਹਮਲਿਆਂ ਮਗਰੋਂ ਪਾਕਿਸਤਾਨ ’ਚ ਜਾਨੀ ਨੁਕਸਾਨ ’ਤੇ ਕੋਲੰਬੀਆ ਵੱਲੋਂ ਅਫ਼ਸੋਸ ਜਤਾਏ ਜਾਣ ’ਤੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਪਾਕਿਸਤਾਨ ਨੂੰ ਬੇਨਕਾਬ ਕਰਨ ਲਈ ਕੋਲੰਬੀਆ ਪੁੱਜੇ ਸਰਬ-ਪਾਰਟੀ ਵਫ਼ਦ ਦੀ ਅਗਵਾਈ ਕਰ ਰਹੇ ਥਰੂਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਅਤਿਵਾਦ ਬਾਰੇ ਭਾਰਤ ਦੇ ਸਟੈਂਡ ਅਤੇ ‘ਅਪਰੇਸ਼ਨ ਸਿੰਧੂਰ’ ਦੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਭਾਜਪਾ ਦੇ ਸੰਸਦ ਮੈਂਬਰ ਤੇਜਸਵੀ ਸੂਰਿਆ ਨੇ ਦੱਸਿਆ, ‘‘ਥਰੂਰ ਨੇ ਅਤਿਵਾਦ ਬਾਰੇ ਭਾਰਤ ਦੇ ਸਟੈਂਡ ਦੀ ਜਾਣਕਾਰੀ ਦਿੰਦਿਆਂ ਕੋਲੰਬੀਆ ਵੱਲੋਂ ਭਾਰਤ ’ਚ ਅਤਿਵਾਦ ਦੇ ਪੀੜਤਾਂ ਨਾਲ ਹਮਦਰਦੀ ਜਤਾਉਣ ਦੀ ਬਜਾਏ ਪਾਕਿਸਤਾਨ ਨਾਲ ਅਫ਼ਸੋਸ ਜਤਾਉਣ ’ਤੇ ਆਪਣੀ ਨਿਰਾਸ਼ਾ ਪ੍ਰਗਟਾਈ।’’ ਉਧਰ ਡੀਐੱਮਕੇ ਆਗੂ ਕਨੀਮੋੜੀ ਕਰੁਣਾਨਿਧੀ ਦੀ ਅਗਵਾਈ ਹੇਠ ਸਰਬ-ਪਾਰਟੀ ਵਫ਼ਦ ਅਤਿਵਾਦ ਬਰਦਾਸ਼ਤ ਨਾ ਕਰਨ ਸਬੰਧੀ ਭਾਰਤ ਦੀ ਨੀਤੀ ਤੋਂ ਜਾਣੂ ਕਰਾਉਣ ਲਈ ਲਾਤਵੀਆ ਪਹੁੰਚ ਗਿਆ ਹੈ। ਵਫ਼ਦ ਦਾ ਭਾਰਤੀ ਸਫ਼ੀਰ ਨਮਰਤਾ ਐੱਸ. ਕੁਮਾਰ ਨੇ ਸਵਾਗਤ ਕੀਤਾ। -ਪੀਟੀਆਈ