ਅਫ਼ਗਾਨਿਸਤਾਨ ਦੇ ਵਿਦੇਸ਼ ਮੰਤਰੀ ਆਮਿਰ ਖਾਨ ਮੁੱਤਕੀ ਅੱਜ ਇੱਥੇ ਕੌਮੀ ਰਾਜਧਾਨੀ ਪੁੱਜੇ। ਅਫ਼ਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਅਸ਼ਰਫ ਗਨੀ ਦੇ ਸੱਤਾ ਤੋਂ ਹਟਣ ਅਤੇ ਤਾਲਿਬਾਨ ਦੇ ਸੱਤਾ ਆਪਣੇ ਹੱਥ ਵਿੱਚ ਲੈਣ ਤੋਂ ਚਾਰ ਸਾਲਾਂ ਬਾਅਦ ਤਾਲਿਬਾਨ ਸਰਕਾਰ ਦੇ ਕਿਸੇ ਆਗੂ ਦਾ ਕਾਬੁਲ ਤੋਂ ਭਾਰਤ ਦਾ ਇਹ ਪਹਿਲਾ ਉੱਚ ਪੱਧਰੀ ਦੌਰਾ ਹੈ।ਮਾਮਲੇ ਤੋਂ ਜਾਣੂ ਲੋਕਾਂ ਨੇ ਦੱਸਿਆ ਕਿ ਮੁੱਤਕੀ ਆਪਣੇ ਛੇ ਰੋਜ਼ਾ ਭਾਰਤ ਦੌਰੇ ਦੌਰਾਨ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਅਤੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨਾਲ ਵਿਆਪਕ ਗੱਲਬਾਤ ਕਰਨਗੇ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਣਧੀਰ ਜੈਸਵਾਲ ਨੇ ਸੋਸ਼ਲ ਮੀਡੀਆ ’ਤੇ ਕਿਹਾ, ‘‘ਅਫ਼ਗਾਨਿਸਤਾਨ ਦੇ ਵਿਦੇਸ਼ ਮੰਤਰੀ ਆਮਿਰ ਖਾਨ ਮੁੱਤਕੀ ਦਾ ਨਵੀਂ ਦਿੱਲੀ ਪੁੱਜਣ ’ਤੇ ਨਿੱਘਾ ਸਵਾਗਤ ਹੈ।’’ ਉਨ੍ਹਾਂ ਕਿਹਾ, ‘‘ਅਸੀਂ ਉਨ੍ਹਾਂ ਦੇ ਨਾਲ ਦੁਵੱਲੇ ਸਬੰਧਾਂ ਅਤੇ ਖੇਤਰੀ ਮੁੱਦਿਆਂ ’ਤੇ ਚਰਚਾ ਕਰਨ ਲਈ ਉਤਸ਼ਾਹਿਤ ਹਾਂ।’’ ਮਾਮਲੇ ਤੋਂ ਜਾਣੂ ਲੋਕਾਂ ਨੇ ਦੱਸਿਆ ਕਿ ਮੁੱਤਕੀ ਦੇ ਪ੍ਰੋਗਰਾਮਾਂ ਵਿੱਚ ਦਾਰੁਲ ਉਲੂਮ ਦੇਵਬੰਦ ਮਦਰਸਾ ਅਤੇ ਤਾਜਮਹਿਲ ਦਾ ਦੌਰਾ ਵੀ ਸ਼ਾਮਲ ਹੈ।