Adjournment notice ‘ਡੱਲੇਵਾਲ ਬਹੁਤ ਬਿਮਾਰ’, ‘ਆਪ’ ਦੇ ਮਲਵਿੰਦਰ ਕੰਗ ਵੱਲੋਂ ਕਿਸਾਨੀ ਮੁੱਦਿਆਂ ’ਤੇ ਚਰਚਾ ਲਈ ਲੋਕ ਸਭਾ ’ਚ ਕੰਮ ਰੋਕੂ ਮਤੇ ਦਾ ਨੋਟਿਸ
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 22ਵੇਂ ਦਿਨ ਵੀ ਜਾਰੀ
ਆਦਿਤੀ ਟੰਡਨ
ਨਵੀਂ ਦਿੱਲੀ, 18 ਦਸੰਬਰ
ਸ੍ਰੀ ਆਨੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਪੰਜਾਬ ਤੇ ਹਰਿਆਣਾ ਦੇ ਸ਼ੰਭੂ ਤੇ ਖਨੌਰੀ ਬਾਰਡਰਾਂ ’ਤੇ ਚੱਲ ਰਹੇ ਕਿਸਾਨ ਅੰਦੋਲਨਾਂ ਤੇ ਕਿਸਾਨ ਭਾਈਚਾਰੇ ਨਾਲ ਜੁੜੇ ਮਸਲਿਆਂ ’ਤੇ ਚਰਚਾ ਦੀ ਮੰਗ ਨੂੰ ਲੈ ਕੇ ਲੋਕ ਸਭਾ ਵਿਚ ਕੰਮ ਰੋਕੂ ਮਤੇ ਦਾ ਨੋਟਿਸ ਦਿੱਤਾ ਹੈ। ਕੰਗ ਨੇ ਨੋਟਿਸ ਵਿਚ ਕਿਹਾ ਕਿ ਪਿਛਲੇ 22 ਦਿਨਾਂ ਤੋਂ ਮਰਨ ਵਰਤ ਉੱਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ (70) ਬਹੁਤ ਬਿਮਾਰ ਹਨ ਤੇ ਡਾਕਟਰਾਂ ਮੁਤਾਬਕ ਉਨ੍ਹਾਂ ਦੀ ਹਾਲਤ ਬੇਹੱਦ ਨਾਜ਼ੁਕ ਹੈ। ਕੰਗ ਨੇ ਕਿਸਾਨਾਂ ਦੇ ਮਸਲੇ ’ਤੇ ਚਰਚਾ ਦੀ ਮੰਗ ਨੂੰ ਲੈ ਕੇ ਸਦਨ ਦਾ ਹੋਰ ਕੰਮਕਾਜ ਰੋਕਣ ਦੀ ਮੰਗ ਕਰਦਿਆਂ ਕਿਹਾ, ‘‘ਕਿਸਾਨ ਦੇਸ਼ ਦੀ ਰੀੜ੍ਹ ਦੀ ਹੱਡੀ ਹਨ ਤੇ ਉਨ੍ਹਾਂ ਨੂੰ ਕਈ ਮੁਸ਼ਕਲਾਂ ਦਰਪੇਸ਼ ਹਨ।’’ ਇਸ ਤੋਂ ਪਹਿਲਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਖੇਤੀ ਬਾਰੇ ਸੰਸਦੀ ਕਮੇਟੀ ਨੇ ਲੰਘੇ ਦਿਨ ਸੰਸਦ ਨੂੰ ਆਪਣੀ ਰਿਪੋਰਟ ਵਿਚ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਦੀ ਸਿਫਾਰਸ਼ ਕਰਦਿਆਂ ਇਸ ਨੂੰ ਕਿਸਾਨਾਂ ਲਈ ਅਹਿਮ ਪੇਸ਼ਕਦਮੀ ਤੇ ਗੇਮਚੇਂਜਰ ਕਰਾਰ ਦਿੱਤਾ ਸੀ।

