ਆਦਿੱਤਿਆਨਾਥ ਵੱਲੋਂ ਨੋਇਡਾ ਹਵਾਈ ਅੱਡੇ ਦਾ ਨਿਰੀਖਣ
ਘਰੇਲੂ ਟਰਮੀਨਲ, ਉਦਘਾਟਨੀ ਸਮਾਰੋਹ ਵਾਲੀ ਥਾਂ ਅਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ
ਮੁੱਖ ਮੰਤਰੀ ਯੋਗੀ ਆਦਿੱਤਿਨਾਥ ਨੇ ਗੌਤਮ ਬੁੱਧ ਨਗਰ ਜ਼ਿਲ੍ਹੇ ਦੇ ਜੇਵਰ ’ਚ ਬਣਾਏ ਜਾ ਰਹੇ ਨੋਇਡਾ ਕੌਮਾਂਤਰੀ ਹਵਾਈ ਅੱਡੇ ਦਾ ਨਿਰੀਖਣ ਕੀਤਾ। ਇਸ ਦੌਰਾਨ ਉਨ੍ਹਾਂ ਨੇ ਘਰੇਲੂ ਟਰਮੀਨਲ, ਉਦਘਾਟਨੀ ਸਮਾਰੋਹ ਵਾਲੀ ਥਾਂ, ਸੁਰੱਖਿਆ ਪ੍ਰਬੰਧਨ, ਆਵਾਜਾਈ ਪ੍ਰਬੰਧ ਅਤੇ ਵੱਖ-ਵੱਖ ਨਿਰਮਾਣ ਕਾਰਜਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ।
ਅਧਿਕਾਰਤ ਬਿਆਨ ਮੁਤਾਬਿਕ, ਮੁੱਖ ਮੰਤਰੀ ਨੇ ਹਵਾਈ ਅੱਡੇ ਦੇ ਬੋਰਡ ਰੂਮ ਵਿੱਚ ਜ਼ਿਲ੍ਹਾ ਤੇ ਪੁਲੀਸ ਪ੍ਰਸ਼ਾਸਨ, ਨੋਇਡਾ ਇੰਟਰਨੈਸ਼ਨਲ ਏਅਰਪੋਰਟ ਲਿਮਿਟਡ ਅਤੇ ਹਵਾਈ ਅੱਡੇ ਦਾ ਨਿਰਮਾਣ ਕਰ ਰਹੀ ਏਜੰਸੀ ਦੇ ਅਧਿਕਾਰੀਆਂ ਨਾਲ ਉੱਚ ਪੱਧਰੀ ਸਮੀਖਿਆ ਮੀਟਿੰਗ ਕੀਤੀ। ਮੀਟਿੰਗ ਵਿੱਚ ਪ੍ਰਾਜੈਕਟ ਦੀ ਪ੍ਰਗਤੀ, ਆਗਾਮੀ ਕਾਰਜ ਯੋਜਨਾ ਅਤੇ ਉਦਘਾਟਨੀ ਸਮਾਰੋਹ ਦੀਆਂ ਤਿਆਰੀਆਂ ਬਾਰੇ ਪੇਸ਼ਕਾਰੀ ਰਾਹੀਂ ਵਿਸਥਾਰ ’ਚ ਜਾਣਕਾਰੀ ਦਿੱਤੀ ਗਈ। ਮੁੱਖ ਮੰਤਰੀ ਨੇ ਨਿਰਦੇਸ਼ ਦਿੱਤਾ ਕਿ ਯਾਤਰੀਆਂ ਨੂੰ ਸੁਰੱਖਿਅਤ, ਸਹਿਜ ਅਤੇ ਆਸਾਨ ਤਜਰਬਾ ਦੇਣ ਲਈ ਸਾਰੀਆਂ ਤਿਆਰੀਆਂ ਨਿਰਧਾਰਤ ਸਮਾਂ ਸੀਮਾ ਵਿੱਚ ਪੂਰੀਆਂ ਕੀਤੀਆਂ ਜਾਣ। ਉਨ੍ਹਾਂ ਕਿਹਾ, ‘‘ਨੋਇਡਾ ਕੌਮਾਂਤਰੀ ਹਵਾਈ ਅੱਡਾ ਸੂਬੇ ਦੇ ਵਿਕਾਸ ਦਾ ਪ੍ਰਤੀਕ ਬਣ ਰਿਹਾ ਹੈ। ਇਸ ਦੇ ਨਿਰਮਾਣ ਵਿੱਚ ਗੁਣਵੱਤਾ, ਸਮਾਂਬੱਧਤਾ ਅਤੇ ਬਿਹਤਰ ਤਾਲਮੇਲ ਸਭ ਤੋਂ ਪਹਿਲੀ ਤਰਜੀਹ ਹੋਣੀ ਚਾਹੀਦੀ ਹੈ। ਉਦਘਾਟਨੀ ਸਮਾਰੋਹ ਦੀਆਂ ਤਿਆਰੀਆਂ ਵਿੱਚ ਕਿਸੇ ਤਰ੍ਹਾਂ ਦੀ ਲਾਪ੍ਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।’’ ਪ੍ਰਸਤਾਵਿਤ ਜਨ ਸਭਾ ਅਤੇ ਰੈਲੀ ਦੀਆਂ ਤਿਆਰੀਆਂ ਦੀ ਸਮੀਖਿਆ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਰੈਲੀ ਵਾਲੀ ਥਾਂ ’ਤੇ ਜ਼ਮੀਨ ਪੱਧਰੀ ਕਰਨ, ਸਾਫ਼-ਸਫ਼ਾਈ, ਰੋਸ਼ਨੀ ਦਾ ਪ੍ਰਬੰਧ, ਪੁਲੀਸ ਸੁਰੱਖਿਆ, ਪੀਣ ਵਾਲੇ ਪਾਣੀ, ਪਖਾਨਿਆਂ ਅਤੇ ਹੋਰ ਸਾਰੀਆਂ ਬੁਨਿਆਦੀ ਸਹੂਲਤਾਂ ਦੀ ਸਮੁੱਚੀ ਵਿਵਸਥਾ ਯਕੀਨੀ ਬਣਾਈ ਜਾਵੇ।
ਮੁੱਖ ਮੰਤਰੀ ਨੇ ਹਵਾਈ ਅੱਡਾ ਕੰਪਲੈਕਸ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਸੁੰਦਰੀਕਰਨ, ਸਵੱਛਤਾ ਅਤੇ ਯਾਤਰੀਆਂ ਲਈ ਸਹੂਲਤਾਂ ਨੂੰ ਮਜ਼ਬੂਤ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕੌਮਾਂਤਰੀ ਹਵਾਈ ਅੱਡੇ ਨੂੰ ਜੋੜਨ ਵਾਲੇ ਸੜਕੀ ਮਾਰਗ ਅਤੇ ਮੈਟਰੋ ਪ੍ਰਾਜੈਕਟਾਂ ਨੂੰ ਸਮੇਂ ਸਿਰ ਪੂਰਾ ਕਰਨ ਅਤੇ ਆਵਾਜਾਈ ਤੇ ਸੁਰੱਖਿਆ ਪ੍ਰਬੰਧਨ ਲਈ ਠੋਸ ਤੇ ਤਾਲਮੇਲ ਵਾਲੀ ਕਾਰਜ ਯੋਜਨਾ ਤਿਆਰ ਕਰਨ ’ਤੇ ਜ਼ੋਰ ਦਿੱਤਾ।

