ਏਡੀਬੀ ਨੇ ਭਾਰਤ ਦੀ ਵਿਕਾਸ ਦਰ ਦਾ ਅਨੁਮਾਨ ਘਟਾ ਕੇ 6.5 ਫ਼ੀਸਦ ਕੀਤਾ
ਨਵੀਂ ਦਿੱਲੀ, 11 ਦਸੰਬਰ
ਏਸ਼ਿਆਈ ਵਿਕਾਸ ਬੈਂਕ (ਏਡੀਬੀ) ਨੇ ਨਿੱਜੀ ਨਿਵੇਸ਼ ਅਤੇ ਮਕਾਨਾਂ ਦੀ ਮੰਗ ’ਚ ਉਮੀਦ ਤੋਂ ਘੱਟ-ਵਾਧਾ ਹੋਣ ਕਾਰਨ ਚਾਲੂ ਵਿੱਤੀ ਸਾਲ 2024-25 ਲਈ ਭਾਰਤ ਦੀ ਆਰਥਿਕ ਵਿਕਾਸ ਦਰ ਦਾ ਅਨੁਮਾਨ ਸੱਤ ਫੀਸਦ ਤੋਂ ਘਟਾ ਕੇ 6.5 ਫੀਸਦ ਕਰ ਦਿੱਤਾ ਹੈ। ਬਹੁਪੱਖੀ ਵਿਕਾਸ ਬੈਂਕ ਨੇ ਵਿੱਛੀ ਸਾਲ 2025-26 ਲਈ ਭਾਰਤ ਦੇ ਵਿਕਾਸ ਅਨੁਮਾਨ ਨੂੰ ਵੀ ਘੱਟ ਕਰ ਦਿੱਤਾ ਹੈ। ਏਸ਼ਿਆਈ ਵਿਕਾਸ ਆਊਟਲੁੱਕ (ਏਡੀਓ) ਦੀ ਅੱਜ ਜਾਰੀ ਰਿਪੋਰਟ ਅਨੁਸਾਰ ਅਮਰੀਕੀ ਵਪਾਰ, ਵਿੱਤ ਤੇ ਪਰਵਾਸ ਨੀਤੀਆਂ ’ਚ ਤਬਦੀਲੀ ਨਾਲ ਵਿਕਾਸਸ਼ੀਲ ਏਸ਼ੀਆ ਤੇ ਪ੍ਰਸ਼ਾਂਤ ਖੇਤਰ ’ਚ ਵਿਕਾਸ ਪ੍ਰਭਾਵਿਤ ਹੋ ਸਕਦਾ ਹੈ ਅਤੇ ਮਹਿੰਗਾਈ ਵੱਧ ਸਕਦੀ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਏਸ਼ੀਆ ਤੇ ਪ੍ਰਸ਼ਾਂਤ ਖੇਤਰ ਦੇ ਅਰਥਚਾਰਿਆਂ ਦੇ 2024 ’ਚ 4.9 ਫੀਸਦ ਦੀ ਦਰ ਨਾਲ ਵਧਣ ਦਾ ਅਨੁਮਾਨ ਹੈ, ਜੋ ਏਡੀਬੀ ਵੱਲੋਂ ਸਤੰਬਰ ’ਚ ਲਗਾਏ ਗਏ ਪੰਜ ਫੀਸਦ ਦੇ ਅਨੁਮਾਨ ਤੋਂ ਥੋੜਾ ਘੱਟ ਹੈ। ਏਡੀਬੀ ਨੇ ਕਿਹਾ, ‘ਨਿੱਜੀ ਨਿਵੇਸ਼ ਤੇ ਮਕਾਨਾਂ ਦੀ ਮੰਗ ’ਚ ਉਮੀਦ ਨਾਲੋਂ ਘੱਟ ਵਾਧਾ ਹੋਣ ਨਾਲ ਭਾਰਤ ਦੀ ਵਿਕਾਸ ਦਰ ਚਾਲੂ ਵਿੱਤੀ ਸਾਲ ’ਚ 6.5 ਫੀਸਦ ਰਹਿਣ ਦਾ ਅਨੁਮਾਨ ਹੈ। ਪਹਿਲਾਂ ਭਾਰਤੀ ਅਰਥਚਾਰੇ ਦੇ ਸੱਤ ਫੀਸਦ ਦੀ ਦਰ ਨਾਲ ਵਧਣ ਦਾ ਅਨੁਮਾਨ ਸੀ।’ ਏਡੀਬੀ ਨੇ ਅਗਲੇ ਵਿੱਤੀ ਸਾਲ ਲਈ ਵੀ ਵਿਕਾਸ ਦਰ ਦਾ ਅਨੁਮਾਨ 7.2 ਫੀਸਦ ਤੋਂ ਘਟਾ ਕੇ ਸੱਤ ਫੀਸਦ ਕਰ ਦਿੱਤਾ ਹੈ।
ਆਰਬੀਆਈ ਨੇ ਵੀ ਘਟਾਇਆ ਸੀ ਅਨੁਮਾਨ
ਲੰਘੇ ਹਫ਼ਤੇ ਆਰਬੀਆਈ ਨੇ ਵੀ ਚਾਲੂ ਵਿੱਤੀ ਸਾਲ ਲਈ ਵਿਕਾਸ ਦਾ ਅਨੁਮਾਨ 7.2 ਫੀਸਦ ਤੋਂ ਘਟਾ ਕੇ 6.6 ਫੀਸਦ ਕਰ ਦਿੱਤਾ ਸੀ। ਕੇਂਦਰੀ ਬੈਂਕ ਨੇ ਆਰਥਿਕ ਗਤੀਵਿਧੀਆਂ ’ਚ ਸੁਸਤੀ ਤੇ ਖੁਰਾਕ ਪਦਾਰਥਾਂ ਦੀਆਂ ਕੀਮਤਾਂ ’ਚ ਤੇਜ਼ੀ ਨੂੰ ਦੇਖਦਿਆਂ ਮਹਿੰਗਾਈ ਦਾ ਅਨੁਮਾਨ ਵਧਾ ਕੇ 4.8 ਫੀਸਦ ਕਰ ਦਿੱਤਾ ਸੀ। -ਪੀਟੀਆਈ