ਅਡਾਨੀ ਗੁਰੱਪ ਮਾਣਹਾਨੀ ਸ਼ਿਕਾਇਤ: ਪੱਤਰਕਾਰ ਅਭਿਸਾਰ ਸ਼ਰਮਾ ਤੇ ਪਰੂਲੇਕਰ ਨੂੰ ਨੋਟਿਸ
ਗਾਂਧੀਨਗਰ ਦੀ ਅਦਾਲਤ ਨੇ ਅਡਾਨੀ ਗਰੁੱਪ ਵੱਲੋਂ ਅਪਰਾਧਕ ਮਾਣਹਾਨੀ ਸ਼ਿਕਾਇਤਾਂ ਦਾਇਰ ਕਰਨ ਮਗਰੋਂ ਪੱਤਰਕਾਰ ਅਭਿਸਾਰ ਸ਼ਰਮਾ ਤੇ ਰਾਜੂ ਪਰੂਲੇਕਰ ਨੂੰ 20 ਸਤੰਬਰ ਨੂੰ ਵਿਅਕਤੀਗਤ ਤੌਰ ’ਤੇ ਪੇਸ਼ ਹੋਣ ਲਈ ਨੋਟਿਸ ਜਾਰੀ ਕੀਤੇ ਹਨ। ਕਾਰੋਬਾਰੀ ਗਰੁੱਪ ਨੇ ਯੂਟਿਊਬਰ ਅਭਿਸਾਰ ਸ਼ਰਮਾ ਅਤੇ ਬਲੌਗਰ ਪਰੂਲੇਕਰ ’ਤੇ ਉਸ ਦੀ ਸਾਖ ਨੂੰ ਢਾਹ ਲਾਉਣ ਲਈ ਇਤਰਾਜ਼ਯੋਗ ਸਮੱਗਰੀ ਫੈਲਾਉਣ ਦਾ ਦੋਸ਼ ਲਾਇਆ ਹੈ।
ਅਡਾਨੀ ਗਰੁੱਪ ਵਲੋਂ ਜਾਰੀ ਬਿਆਨ ਮੁਤਾਬਕ ਗਾਂਧੀਨਗਰ ’ਚ ਫਸਟ ਕਲਾਸ ਨਿਆਂਇਕ ਮੈਜਿਸਟਰੇਟ ਪੀ ਐੱਸ ਅਦਾਲਜ ਦੀ ਅਦਾਲਤ ਨੇ ਦੋਵਾਂ ਵਿਅਕਤੀਆਂ ਨੂੰ ਨੋਟਿਸ ਜਾਰੀ ਕਰਕੇ 20 ਸਤੰਬਰ ਨੂੰ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ ਹੈ। ਬਿਆਨ ’ਚ ਕਿਹਾ ਗਿਆ, ‘‘ਸ਼ਿਕਾਇਤਾਂ 18 ਅਗਸਤ ਨੂੰ ਅਭਿਸਾਰ ਸ਼ਰਮਾ ਵੱਲੋਂ ਅਪਲੋਡ ਕੀਤੀ ਗਈ ਯੂਟਿਊਬ ਵੀਡੀਓ ਬਾਰੇ ਹੈ, ਜਿਸ ਵਿੱਚ ਦੋਸ਼ ਲਾਇਆ ਗਿਆ ਹੈ ਕਿ ਅਸਾਮ ’ਚ ਹਜ਼ਾਰਾਂ ਵਿਘੇ ਜ਼ਮੀਨ ਅਡਾਨੀ ਨੂੰ ਅਲਾਟ ਕੀਤੀ ਗਈ ਹੈ ਅਤੇ ਕੰਪਨੀ ਨੂੰ ਕਥਿਤ ਰਾਜਨੀਤਕ ਪੱਖਪਾਤ ਨਾਲ ਜੋੜਿਆ ਗਿਆ ਹੈ। ਇਸ ਦੇ ਨਾਲ ਹੀ ਜਨਵਰੀ 2025 ਵਿੱਚ ਪਰੂਲੇਕਰ ਵੱਲੋਂ ਟਵੀਟ ਕਰਕੇ ਜ਼ਮੀਨ ਹੜੱਪਣ, ਘਪਲੇ ਤੇ ਗਲਤ ਲਾਭ ਲੈਣ ਵਰਗੇ ਦਾਅਵੇ ਕੀਤੇ ਗਏ ਸਨ।’’ ਬਿਆਨ ’ਚ ਅਡਾਨੀ ਗਰੁੱਪ ਨੇ ਦੋਸ਼ਾਂ ਨੂੰ ‘ਬੇਬੁਨਿਆਦ ਤੇ ਭਰਮਾਊ’ ਕਰਾਰ ਦਿੰਦਿਆਂ ਖਾਰਜ ਕੀਤਾ ਹੈ।