ਅਦਾਕਾਰ ਸਤੀਸ਼ ਸ਼ਾਹ ਦਾ ਅੱਜ ਦੁਪਹਿਰ ਪਰਿਵਾਰਕ ਮੈਂਬਰਾਂ, ਦੋਸਤਾਂ ਅਤੇ ਫਿਲਮ ਤੇ ਟੈਲੀਵਿਜ਼ਨ ਸਨਅਤ ਦੀਆਂ ਹਸਤੀਆਂ ਦੀ ਹਾਜ਼ਰੀ ’ਚ ਸਸਕਾਰ ਕੀਤਾ ਗਿਆ। ਸ਼ਾਹ ਦੀ ਅੰਤਿਮ ਯਾਤਰਾ ਸਮੇਂ ਅਦਾਕਾਰ ਨਸੀਰੂਦੀਨ ਸ਼ਾਹ ਅਤੇ ਉਨ੍ਹਾਂ ਦੀ ਪਤਨੀ ਰਤਨਾ ਪਾਠਕ ਸ਼ਾਹ, ਪ੍ਰਸ਼ੰਸਕ ਤੇ ਫਿਲਮ ਜਗਤ ਦੇ ਹੋਰ ਲੋਕ ਸ਼ਾਮਲ ਹੋਏ। ਰਤਨਾ ਪਾਠਕ ਸ਼ਾਹ ਨੇ ‘ਸਾਰਾਭਾਈ ਵਰਸਿਜ਼ ਸਾਰਾਭਾਈ’ ’ਚ ਸਤੀਸ਼ ਸ਼ਾਹ ਨਾਲ ਕੰਮ ਕੀਤਾ ਸੀ। ਸਤੀਸ਼ ਸ਼ਾਹ ਦਾ ਬੀਤੇ ਦਿਨ 74 ਸਾਲ ਦੀ ਉਮਰ ’ਚ ਗੁਰਦੇ ਦੀ ਬਿਮਾਰੀ ਕਾਰਨ ਦੇਹਾਂਤ ਹੋ ਗਿਆ ਸੀ। ਸ਼ਾਹ ਦੀ ਦੇਹ ਅੱਜ ਸਵੇਰੇ ਕਰੀਬ 11 ਵਜੇ ਐਂਬੂਲੈਂਸ ਰਾਹੀਂ ਬਾਂਦਰਾ (ਪੂਰਬ) ਸਥਿਤ ਉਨ੍ਹਾਂ ਦੇ ਘਰ ਲਿਆਂਦੀ ਗਈ ਜਿੱਥੋਂ ਫੁੱਲਾਂ ਨਾਲ ਸਜਾਏ ਗਏ ਵਾਹਨ ’ਚ ਉਨ੍ਹਾਂ ਦੀ ਲਾਸ਼ ਸਸਕਾਰ ਲਈ ਵਿਲੇ ਪਾਰਲੇ ਖੇਤਰ ਸਥਿਤ ਪਵਨ ਹੰਸ ਸ਼ਮਸ਼ਾਨਘਾਟ ਲਿਜਾਈ ਗਈ।
ਸ਼ਾਹ ਦੀ ਅੰਤਿਮ ਯਾਤਰ ਸਮੇਂ ਅਦਾਕਾਰ ਸੁਮਿਤ ਰਾਘਵਨ, ਅਨੰਗ ਦੇਸਾਈ, ਪਰੇਸ਼ ਗਨਾਤਰਾ, ਨਿਰਮਾਤਾ ਜੇ ਡੀ ਮਜੇਠੀਆ, ਲੇਖਕ-ਨਿਰਦੇਸ਼ਕ ਆਤਿਸ਼ ਕਪਾੜੀਆ ਅਤੇ ਅਦਾਕਾਰ-ਨਿਰਦੇਸ਼ਕ ਦੇਵੇਨ ਭੋਜਾਨੀ ਸਮੇਤ ਸ਼ੋਅ ਨਾਲ ਜੁੜੀ ਟੀਮ ਦੇ ਹੋਰ ਮੈਂਬਰ ਵੀ ਸ਼ਾਮਲ ਹੋਏ। ਇਸ ਮੌਕੇ ਮਰਹੂਮ ਅਦਾਕਾਰ ਦੇ ਕਰੀਬੀ ਮਿੱਤਰ ਤੇ ਸਹਿਕਰਮੀ ਜਿਵੇਂ ਪੰਕਜ ਕਪੂਰ, ਸੁਪ੍ਰਿਆ ਪਾਠਕ, ਰੂਪਾਲੀ ਗਾਂਗੁਲੀ ਤੇ ਰਾਜੇਸ਼ ਕੁਮਾਰ, ਸਵਰੂਪ ਸੰਪਤ, ਸੁਰੇਸ਼ ਓਬਰਾਏ, ਪੂਨਮ ਢਿੱਲੋਂ, ਨੀਲ ਨਿਤਿਨ ਮੁਕੇਸ਼, ਦਿਲੀਪ ਜੋਸ਼ੀ ਆਦਿ ਹਾਜ਼ਰ ਸਨ।

