ਜਮਹੂਰੀ ਆਜ਼ਾਦੀ ਦੀ ਦੁਰਵਰਤੋਂ ਕਰਨ ਵਾਲਿਆਂ ਦੀ ਜਵਾਬਦੇਹੀ ਨਿਰਧਾਰਿਤ ਹੋਵੇ: ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਰਤਾਨਵੀ ਸਰਜ਼ਮੀਨ ’ਤੇ ਖਾਲਿਸਤਾਨ ਪੱਖੀ ਅਨਸਰਾਂ ਦੀਆਂ ਵਧਦੀਆਂ ਸਰਗਰਮੀਆਂ ’ਤੇ ਫ਼ਿਕਰ ਜਤਾਉਂਦਿਆਂ ਅੱਜ ਜ਼ੋਰ ਦੇ ਕੇ ਆਖਿਆ ‘ਕੱਟੜਵਾਦੀ ਵਿਚਾਰਧਾਰਾ’ ਰੱਖਣ ਵਾਲੀਆਂ ਤਾਕਤਾਂ ਨੂੰ ਜਮਹੂਰੀ ਆਜ਼ਾਦੀ ਦੀ ਦੁਰਵਰਤੋਂ ਤੋਂ ਰੋਕਿਆ ਜਾਵੇ ਤੇ ਉਨ੍ਹਾਂ ਦੀ ਜਵਾਬਦੇਹੀ ਨਿਰਧਾਰਿਤ ਕੀਤੀ ਜਾਵੇ।
ਪ੍ਰਧਾਨ ਮੰਤਰੀ ਨੇ ਵਿਜੈ ਮਾਲਿਆ, ਨੀਰਵ ਮੋਦੀ ਤੇ ਲਲਿਤ ਮੋਦੀ ਦੇ ਅਸਿੱਧੇ ਹਵਾਲੇ ਨਾਲ ਅਜਿਹੇ ਅਰਬਾਂਪਤੀ ਭਗੌੜਿਆਂ ਦੀ ਹਵਾਲਗੀ ਦੀ ਮੰਗ ਕਰਦਿਆਂ ਕਿਹਾ ਕਿ ਦੋਵਾਂ ਦੇਸ਼ਾਂ ਦੀਆਂ ਸਬੰਧਤ ਏਜੰਸੀਆਂ ਇਸ ਮੁੱਦੇ ’ਤੇ ਨੇੜੇ ਹੋ ਕੇ ਸਹਿਯੋਗ ਤੇ ਕੰਮ ਕਰਦੀਆਂ ਰਹਿਣਗੀਆਂ। ਸ੍ਰੀ ਮੋਦੀ ਲੰਡਨ ਤੋਂ ਉੱਤਰ ਪੱਛਮ ਵੱਲ 50 ਕਿਲੋਮੀਟਰ ਦੂਰ ਆਪਣੇ ਬਰਤਾਨਵੀ ਹਮਰੁਤਬਾ ਕੀਰ ਸਟਾਰਮਰ ਦੀ ਰਿਹਾਇਸ਼ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਪ੍ਰਧਾਨ ਮੰਤਰੀ ਮੋਦੀ ਨੇ ਸਟਾਰਮਰ ਦੀ ਮੌਜੂਦਗੀ ਵਿਚ ਸਾਫ਼ ਕਰ ਦਿੱਤਾ ਕਿ ਦੋਵੇਂ ਮੁਲਕ ਇਸ ਗੱਲੋਂ ਇਕਮਤ ਹਨ ਕਿ ‘ਅਤਿਵਾਦ ਖਿਲਾਫ਼ ਲੜਾਈ ਲਈ ਦੋਹਰੇ ਮਾਪਦੰਡਾਂ ਲਈ ਕੋਈ ਥਾਂ ਨਹੀਂ ਹੋ ਸਕਦੀ।’ ਉਨ੍ਹਾਂ ਯੂਕੇ ਵੱਲੋਂ ਪਹਿਲਗਾਮ ਦਹਿਸ਼ਤੀ ਹਮਲੇ ਦੀ ਨਿਖੇਧੀ ਲਈ ਬਰਤਾਨਵੀ ਸਰਕਾਰ ਦਾ ਧੰਨਵਾਦ ਕੀਤਾ।
ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋੋਦੀ ਆਪਣੀ ਫੇਰੀ ਦੇ ਦੂਜੇ ਦਿਨ ਅੱਜ ਬਰਤਾਨੀਆਂ ਦੇ ਸਮਰਾਟ ਚਾਰਲਸ -3 ਨੁੂੰ ਵੀ ਮਿਲੇ। ਕਿੰਗ ਚਾਰਲਸ ਨੇ Sandringham House ਵਿੱਚ ਭਾਰਤੀ ਪ੍ਰਧਾਨ ਮੰਤਰੀ ਦਾ ਨਿੱਘਾ ਸਵਾਗਤ ਕੀਤਾ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਯੂਕੇ ਦੇ Sandringham ਅਸਟੇਟ ਵਿਚ ਬਰਤਾਨਵੀ ਸਮਰਾਟ ਚਾਰਲਸ 3 ਨਾਲ ਮੁਲਾਕਾਤ ਕੀਤੀ।
ਇਹ ਮੁਲਾਕਾਤ ਭਾਰਤ-ਯੂਕੇ ਮੁਕਤ ਵਪਾਰ ਸਮਝੌਤੇ ’ਤੇ ਦਸਤਖਤ ਕਰਨ ਤੋਂ ਕੁਝ ਘੰਟਿਆਂ ਬਾਅਦ ਹੋਈ ਹੈ, ਜੋ ਕਿ ਇੱਕ ਮਹੱਤਵਪੂਰਨ ਕੂਟਨੀਤਕ ਪਲ ਸੀ, ਜੋ ਦੋਵਾਂ ਦੇਸ਼ਾਂ ਵਿਚਕਾਰ ਦੁਵੱਲੇ ਸਬੰਧਾਂ ਦੀ ਮਜ਼ਬੂਤੀ ਨੂੰ ਉਜਾਗਰ ਕਰਦਾ ਹੈ।
ਬ੍ਰਿਟਿਸ਼ ਸ਼ਾਹੀ ਪਰਿਵਾਰ ਨੇ X ’ਤੇ ਇੱਕ ਪੋਸਟ ਵਿੱਚ ਕਿਹਾ ਕਿ ਸਮਰਾਟ ਚਾਰਲਸ III ਨੇ ਵੀਰਵਾਰ ਦੁਪਹਿਰ ਨੂੰ Sandringham ਹਾਊਸ ਵਿਖੇ ਪ੍ਰਧਾਨ ਮੰਤਰੀ ਮੋਦੀ ਦਾ ਸਵਾਗਤ ਕੀਤਾ। ਮੀਟਿੰਗ ਦੌਰਾਨ ਬਰਤਾਨਵੀ ਸਮਰਾਟ ਨੂੰ ਇਸ ਪਤਝੜ ਵਿੱਚ ਲਗਾਏ ਜਾਣ ਵਾਲੇ ਇੱਕ ਸਪੈਲਿੰਗ ਭੇਟ ਕੀਤੀ ਗਈ, ਜੋ ਕਿ ਪ੍ਰਧਾਨ ਮੰਤਰੀ ਮੋਦੀ ਦੀ ਵਾਤਾਵਰਣ ਪਹਿਲਕਦਮੀ -ਏਕ ਪੇੜ ਮਾਂ ਕੇ ਨਾਮ’ ਤੋਂ ਪ੍ਰੇਰਿਤ ਹੈ, ਇੱਕ ਮੁਹਿੰਮ ਜੋ ਵਿਅਕਤੀਆਂ ਨੂੰ ਇਕ ਵਿਅਕਤੀ ਦੇ ਸਨਮਾਨ ਵਿੱਚ ਇੱਕ ਰੁੱਖ ਲਗਾਉਣ ਲਈ ਉਤਸ਼ਾਹਿਤ ਕਰਦੀ ਹੈ।