ਭੋਪਾਲ, 23 ਮਈ
ਇੱਥੇ ਇਕ ਕਾਰ ਦਰੱਖਤ ਨਾਲ ਟਕਰਾ ਗਈ ਜਿਸ ਕਾਰਨ ਤਿੰਨ ਜਣੇ ਹਲਾਕ ਹੋ ਗਏ ਤੇ ਇਕ ਜ਼ਖ਼ਮੀ ਹੋ ਗਿਆ। ਪੁਲੀਸ ਨੇ ਦੱਸਿਆ ਕਿ ਮੱਧ ਪ੍ਰਦੇਸ਼ ਦੇ ਭੋਪਾਲ ਜ਼ਿਲ੍ਹੇ ਵਿੱਚ ਇਕ ਕਾਰ ਸ਼ੁੱਕਰਵਾਰ ਤੜਕੇ ਇੱਕ ਦਰੱਖਤ ਨਾਲ ਟਕਰਾਉਣ ਤੋਂ ਬਾਅਦ ਬਿਜਲੀ ਦੇ ਖੰਭੇ ਵਿਚ ਜਾ ਵੱਜੀ ਜਿਸ ਕਾਰਨ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਇੱਕ ਹੋਰ ਜ਼ਖ਼ਮੀ ਹੋ ਗਿਆ। ਇਕ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਜ਼ਿਲ੍ਹਾ ਹੈੱਡਕੁਆਰਟਰ ਤੋਂ ਕਰੀਬ 15 ਕਿਲੋਮੀਟਰ ਦੂਰ ਖਜੂਰੀ ਸੜਕ ਪੁਲੀਸ ਸਟੇਸ਼ਨ ਅਧੀਨ ਆਉਂਦੇ ਖੇਤਰ ਵਿਚ ਸਵੇਰੇ ਤਿੰਨ ਵਜੇ ਵਾਪਰਿਆ।
ਬੈਰਾਗੜ੍ਹ ਦੇ ਸਹਾਇਕ ਪੁਲੀਸ ਕਮਿਸ਼ਨਰ ਆਦਿਤਿਆ ਰਾਜ ਸਿੰਘ ਠਾਕੁਰ ਨੇ ਫ਼ੋਨ ’ਤੇ ਏਜੰਸੀ ਨੂੰ ਦੱਸਿਆ ਕਿ ਕਾਰ ਹਾਦਸੇ ਵਿਚ ਮਰਨ ਵਾਲੇ ਤਿੰਨ ਨੌਜਵਾਨਾਂ ਦੀ ਉਮਰ 25 ਤੋਂ 30 ਸਾਲ ਦਰਮਿਆਨ ਸੀ। ਉਨ੍ਹਾਂ ਦੱਸਿਆ ਕਿ ਕਾਰ ਦੇ ਚੌਥੇ ਸਵਾਰ ਨੂੰ ਗੰਭੀਰ ਸੱਟਾਂ ਲੱਗੀਆਂ ਸਨ, ਉਸ ਨੂੰ ਹਸਪਤਾਲ ਲਿਜਾਇਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਕਾਰ ਖੰਭੇ ਨਾਲ ਟਕਰਾਉਣ ਤੋਂ ਪਹਿਲਾਂ ਸੜਕ ਕਿਨਾਰੇ ਦਰੱਖਤ ਨਾਲ ਟਕਰਾ ਗਈ। ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਕੀਤੀ ਜਾ ਰਹੀ ਹੈ ਅਤੇ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ। ਇਹ ਹਾਲੇ ਸਪਸ਼ਟ ਨਹੀਂ ਹੋਇਆ ਕਿ ਕਾਰ ਸਵਾਰ ਕਿੱਥੇ ਜਾ ਰਹੇ ਸਨ। ਪੀਟੀਆਈ