DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਭਾਰਤ ਵੱਲੋਂ ਅਮਰੀਕਾ ਸਣੇ ਹੋਰ ਮੁਲਕਾਂ ਤੱਕ ਪਹੁੰਚ

ਭਾਰਤ ਨੇ ਕੈਨੇਡਾ ’ਤੇ ਪੁਖਤਾ ਜਾਣਕਾਰੀ ਮੁਹੱਈਆ ਨਾ ਕਰਵਾਉਣ ਦਾ ਲਾਇਆ ਦੋਸ਼
  • fb
  • twitter
  • whatsapp
  • whatsapp
Advertisement

ਸੰਦੀਪ ਦੀਕਸ਼ਿਤ

ਨਵੀਂ ਦਿੱਲੀ, 22 ਸਤੰਬਰ

Advertisement

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਸਿੱਖ ਵੱਖਵਾਦੀ ਆਗੂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਪਿੱਛੇ ਕਥਿਤ ਭਾਰਤੀ ਏਜੰਟਾਂ ਦਾ ਹੱਥ ਹੋਣ ਦੇ ਦੋਸ਼ਾਂ ਮਗਰੋਂ ਭਾਰਤ ਨੇ ਅਮਰੀਕਾ ਸਣੇ ਹੋਰਨਾਂ ਮੁਲਕਾਂ ਤੱਕ ਪਹੁੰਚ ਕੀਤੀ ਹੈ। ਇਨ੍ਹਾਂ ਮੁਲਕਾਂ ਤੱਕ ਰਸਾਈ ਦਾ ਮੁੱਖ ਮੰਤਵ ਟਰੂਡੋ ਨੂੰ ਆਪਣੇ ਦੋਸ਼ਾਂ ਨੂੰ ਆਲਮੀ ਪੱਧਰ ’ਤੇ ਪ੍ਰਚਾਰਨ ਤੋਂ ਰੋਕਣਾ ਹੈ। ਭਾਰਤੀ ਕੂਟਨੀਤਕਾਂ ਨੇ ਯੂਕੇ, ਫਰਾਂਸ ਤੇ ਜਰਮਨੀ ਤੱਕ ਪਹੁੰਚ ਕਰਦਿਆਂ ਸਾਫ਼ ਕਰ ਦਿੱਤਾ ਕਿ ਕੈਨੇਡਾ ਜਦੋਂ ਤੱਕ ਉਪਰੋਕਤ ਦੋਸ਼ਾਂ ਸਬੰਧੀ ਪੁਖਤਾ ਜਾਣਕਾਰੀ ਮੁਹੱਈਆ ਨਹੀਂ ਕਰਵਾਉਂਦਾ, ਉਦੋਂ ਤੱਕ ਇਸ ਮਾਮਲੇ ਵਿਚ ਸਹਿਯੋਗ ਕਰਨਾ ਸੰਭਵ ਨਹੀਂ ਹੈ। ਭਾਰਤ ਨੇ ਦਾਅਵਾ ਕੀਤਾ ਕਿ ਉਸ ਨੇ ਟਰੂਡੋ ਸਰਕਾਰ ਨੂੰ ਕੈਨੇਡਾ ਵਿਚ ਗੈਂਗਸਟਰਾਂ ਨੂੰ ਸੁਰੱਖਿਅਤ ਲੁਕਣਗਾਹਾਂ ਮੁਹੱਈਆ ਕੀਤੇ ਜਾਣ ਬਾਰੇ ਪੁਖਤਾ ਜਾਣਕਾਰੀ ਦਿੱਤੀ ਹੈ। ਭਾਰਤ ਨੇ ਕਿਹਾ ਕਿ ਫਰਜ਼ੀ ਪਾਸਪੋਰਟਾਂ ’ਤੇ ਭਾਰਤ ਤੋਂ ਫਰਾਰ ਹੋਏ ਗੈਂਗਸਟਰਾਂ ਨੂੰ ਉਥੇ ਪਨਾਹ ਦਿੱਤੀ ਜਾਂਦੀ ਹੈ। ਭਾਰਤੀ ਕੂਟਨੀਤਕਾਂ ਨੇ ਅਮਰੀਕਾ ਸਣੇ ਹੋਰਨਾਂ ਮੁਲਕਾਂ ਨੂੰ ਇਹ ਗੱਲ ਵੀ ਦੱਸੀ ਕਿ ਕਿਵੇਂ ਕੈਨੇਡਾ ਨੇ ਪਿਛਲੇ ਤਿੰਨ ਦਹਾਕਿਆਂ ਤੋਂ ਦਹਿਸ਼ਤਗਰਦਾਂ/ਗੈਂਗਸਟਰਾਂ ਦੀ ਹਵਾਲਗੀ ਸਬੰਧੀ ਉਸ ਦੀਆਂ ਅਪੀਲਾਂ ’ਤੇ ਕੌਈ ਗੌਰ ਨਹੀਂ ਕੀਤਾ। ਸੂਤਰਾਂ ਨੇ ਕਿਹਾ ਕਿ ਭਾਰਤ ਸਰਕਾਰ ਨੇ ਸਾਫ਼ ਕਰ ਦਿੱਤਾ ਹੈ ਕਿ ਉਸ ਨੂੰ ਨਿੱਝਰ ਹੱਤਿਆ ਮਾਮਲੇ ਵਿੱਚ ਕੈਨੇਡਾ ਤੋਂ ਪੁਖਤਾ ਜਾਣਕਾਰੀ ਦੀ ਉਡੀਕ ਹੈ, ਪਰ ਹਾਲ ਦੀ ਘੜੀ ਅਜਿਹਾ ਕੁਝ ਨਹੀਂ ਮਿਲਿਆ। ਇਸ ਦੌਰਾਨ ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਸ਼ਾਮਲ ਹੋਣ ਲਈ ਨਿਊ ਯਾਰਕ ਪੁੱਜੇ ਭਾਰਤੀ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੇ ਵੀ ਆਪਣੇ ਪੱਧਰ ’ਤੇ ‘ਕੁਆਡ’ ਸਣੇ ਹੋਰ ਮੁਲਕਾਂ ਨਾਲ ਕੈਨੇਡਾ ਦੇ ਦੋਸ਼ਾਂ ਖਿਲਾਫ ਰਾਬਤਾ ਕਰਨਾ ਸ਼ੁਰੂ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ ਉਹ ਅਮਰੀਕਾ ਦੀ ਆਪਣੀ ਨੌਂ ਦਿਨਾਂ ਫੇਰੀ ਦੌਰਾਨ ਅਮਰੀਕੀ ਹਮਰੁਤਬਾ ਐਂਥਨੀ ਬਲਿੰਕਨ ਸਣੇ ਹੋਰਨਾਂ ਆਗੂਆਂ ਨਾਲ ਵੀ ਇਸ ਮੁੱਦੇ ’ਤੇ ਗੱਲ ਕਰਨਗੇ। ਅਮਰੀਕਾ ਨੇ ਹਾਲਾਂਕਿ ਲੰਘੇ ਦਿਨ ਕਿਹਾ ਸੀ ਕਿ ਉਹ ਨਿੱਝਰ ਦੀ ਹੱਤਿਆ ਵਿੱਚ ਭਾਰਤ ਦੀ ਸ਼ਮੂਲੀਅਤ ਦੇ ਦੋਸ਼ਾਂ ਦੀ ਜਾਂਚ ਨੂੰ ਲੈ ਕੇ ਕੈਨੇਡਾ ਵੱਲੋਂ ਕੀਤੇ ਯਤਨਾਂ ਦੀ ਹਮਾਇਤ ਕਰਦਾ ਹੈ। ਅਮਰੀਕਾ ਦੇ ਕੌਮੀ ਸੁਰੱਖਿਆ ਸਲਾਹਕਾਰ ਜੈਕ ਸੁਲੀਵਾਨ ਨੇ ਕਿਹਾ ਕਿ ਕਿਸੇ ਵੀ ਮੁਲਕ ਨੂੰ ਅਜਿਹੀਆਂ ਸਰਗਰਮੀਆਂ ਲਈ ‘ਵਿਸ਼ੇਸ਼ ਛੋਟ’ ਨਹੀਂ ਦਿੱਤੀ ਜਾ ਸਕਦੀ। ਬਾਇਡਨ ਸਰਕਾਰ ਨੇ ਹਾਲਾਂਕਿ ਇਸ ਗੱਲ ਦੀ ਪੁਸ਼ਟੀ ਜਾਂ ਇਨਕਾਰ ਨਹੀਂ ਕੀਤਾ ਕਿ ਫਾਈਵ ਆਈਜ਼ ਵੱਲੋਂ ਸਿਗਨਲਜ਼ ਇੰਟੈਲੀਜੈਂਸ ਮੁਹੱਈਆ ਕੀਤੀ ਗਈ ਹੈ। ਉਧਰ ਕੈਨੇਡੀਅਨ ਸਰਕਾਰ ਵਿਚਲੇ ਸੂਤਰਾਂ ਦੇ ਹਵਾਲੇ ਨਾਲ ਇਕ ਮੀਡੀਆ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਕੈਨੇਡਾ ਵੱਲੋਂ ਸਿੱਖ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੀ ਸਰੀ ਵਿੱਚ ਹੱਤਿਆ ’ਚ ਭਾਰਤ ਦੀ ਕਥਿਤ ਸ਼ਮੂਲੀਅਤ ਦੇ ਦੋਸ਼ਾਂ ਦਾ ਆਧਾਰ ਮਨੁੱਖੀ ਤੇ ਸਿਗਨਲਜ਼ ਇੰਟੈਲੀਜੈਂਸ ਅਤੇ ਓਟਵਾ ਦੇ ਫਾਈਵ ਆਈ ਇੰਟੈਲੀਜੈਂਸ ਨੈੱਟਵਰਕ ਤੋਂ ਮਿਲੀ ਜਾਣਕਾਰੀ ਹੈ। ਇਸ ਦੌਰਾਨ ਨਿਊਯਾਰਕ ’ਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਿੱਖ ਵੱਖਵਾਦੀ ਆਗੂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਮਾਮਲੇ ਦੀ ਜਾਂਚ ਲਈ ਭਾਰਤ ਤੋਂ ਸਹਿਯੋਗ ਮੰਗਿਆ ਹੈ। ਉਂਜ ਟਰੂਡੋ ਨੇ ਕਿਹਾ ਕਿ ਕੈਨੇਡਾ ਆਪਣੇ ਸਬੂਤ ਜਨਤਕ ਨਹੀਂ ਕਰੇਗਾ। ਅਮਰੀਕਾ ਦੇ ਕੌਮੀ ਸੁਰੱਖਿਆ ਸਲਾਹਕਾਰ ਜੈਕ ਸੁਲੀਵਨ ਨੇ ਵ੍ਹਾਈਟ ਹਾਊਸ ਵਿੱਚ ਨਿਊਜ਼ ਕਾਨਫਰੰਸ ਦੌਰਾਨ ਕਿਹਾ ਕਿ ਅਮਰੀਕਾ ੲਿਸ ਮਸਲੇ ’ਤੇ ਲਗਾਤਾਰ ਕੈਨੇਡਾ ਦੇ ਸੰਪਰਕ ਵਿੱਚ ਸੀ। ਉਨ੍ਹਾਂ ਕਿਹਾ, ‘‘ਮੈਂ ਕੂਟਨੀਤਕਾਂ ਦਰਮਿਆਨ ਹੋਈ ਗੱਲਬਾਤ ਵਿਚ ਨਹੀਂ ਜਾਵਾਂਗਾ, ਪਰ ਅਸੀਂ ਆਪਣੇ ਕੈਨੇਡੀਅਨ ਹਮਰੁਤਬਾ ਦੇ ਲਗਾਤਾਰ ਸੰਪਰਕ ਵਿੱਚ ਸੀ। ਅਸੀਂ ਇਸ ਜਾਂਚ ਦੀ ਹਮਾਇਤ ਕਰਦੇ ਹਾਂ ਤੇ ਅਸੀਂ ਭਾਰਤ ਸਰਕਾਰ ਦੇ ਸੰਪਰਕ ਵਿੱਚ ਵੀ ਹਾਂ। ਅਸੀਂ ਇਨ੍ਹਾਂ ਦੋਸ਼ਾਂ ਤੋਂ ਵੱਡੇ ਫਿਕਰਮੰਦ ਹਾਂ ਤੇ ਅਸੀਂ ਚਾਹੁੰਦੇ ਹਾਂ ਕਿ ਇਸ ਜਾਂਚ ਨੂੰ ਅੱਗੇ ਲਿਜਾਂਦਾ ਜਾਵੇ ਤੇ ਸਾਜ਼ਿਸ਼ਘਾੜਿਆਂ ਨੂੰ ਸਜ਼ਾਵਾਂ ਮਿਲਣ।’’ ਕੈਨੇਡੀਅਨ ਬਰਾਡਕਾਸਟਿੰਗ ਕਾਰਪੋਰੇਸ਼ਨ ਦੀ ਡਿਵੀਜ਼ਨ ਸੀਬੀਸੀ ਨਿਊਜ਼ ਨੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਕੈਨੇਡੀਅਨ ਸਰਕਾਰ ਨੇ ਨਿੱਝਰ ਹੱਤਿਆ ਮਾਮਲੇ ਦੀ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਹੀ ਜਾਂਚ ਦੌਰਾਨ ਮਨੁੱਖੀ ਤੇ ਸਿਗਨਲਜ਼ ਇੰਟੈਲੀਜੈਂਸ ਇਕੱਤਰ ਕੀਤੀ ਹੈ। ਕੈਨੇਡੀਅਨ ਸਰਕਾਰ ਵਿਚਲੇ ਸੂਤਰਾਂ ਨੇ ਕਿਹਾ ਕਿ ਇਸ ਇੰਟੈਲੀਜੈਂਸ ਵਿੱਚ ਭਾਰਤੀ ਅਧਿਕਾਰੀਆਂ, ਜਿਨ੍ਹਾਂ ਵਿਚ ਕੈਨੇਡਾ ’ਚ ਮੌਜੂਦ ਭਾਰਤੀ ਕੂਟਨੀਤਕ ਵੀ ਸ਼ਾਮਲ ਹਨ, ਵਿਚਾਲੇ ਹੋਈ ਗੱਲਬਾਤ ਵੀ ਸ਼ਾਮਲ ਹੈ। ਸਰਕਾਰੀ ਬਰਾਡਕਾਸਟਰ ਨੇ ਕਿਹਾ ਕਿ ਇਹ ਇੰਟੈਲੀਜੈਂਸ ਇਕੱਲੀ ਕੈਨੇਡਾ ਤੋਂ ਨਹੀਂ ਆਈ। ਇਸ ਵਿਚੋਂ ਕੁਝ ਜਾਣਕਾਰੀ ਫਾਈਵ ਆਈਜ਼ ਇੰਟੈਲੀਜੈਂਸ ਅਲਾਇੰਸ ਦੇ ਇਕ ਬੇਨਾਮ ਭਾਈਵਾਲ ਵੱਲੋਂ ਮੁਹੱਈਆ ਕਰਵਾਈ ਗਈ ਹੈ। ਕੈਨੇਡਾ ਦਾ ਕੌਮੀ ਸੁਰੱਖਿਆ ਤੇ ਇੰਟੈਲੀਜੈਂਸ ਐਡਵਾਈਜ਼ਰ ਜੌਡੀ ਥੌਮਸ ਮੱਧ ਅਗਸਤ, ਸਤੰਬਰ ਅਤੇ ਫਿਰ ਟਰੂਡੋ ਤੇ ਉਨ੍ਹਾਂ ਦੇ ਭਾਰਤੀ ਹਮਰੁਤਬਾ ਨਰਿੰਦਰ ਮੋਦੀ ਵਿਚਾਲੇ ਹੋਈ ਤਲਖ਼ ਮੀਟਿੰਗ ਦੌਰਾਨ ਭਾਰਤ ਵਿੱਚ ਸੀ। ਰਿਪੋਰਟ ਵਿੱਚ ਕਿਹਾ ਗਿਆ, ‘‘ਕੈਨੇਡਿਆਈ ਸੂਤਰਾਂ ਨੇ ਕਿਹਾ ਕਿ ਬੰਦ ਕਮਰਾ ਮੀਟਿੰਗਾਂ ਦੌਰਾਨ ਜ਼ੋਰ ਪਾਉਣ ’ਤੇ ਕਿਸੇ ਵੀ ਭਾਰਤੀ ਅਧਿਕਾਰੀ ਨੇ ਇਸ ਕੇਸ ਨੂੰ ਲੈ ਕੇ ਦੋਸ਼ਾਂ ਤੋਂ ਇਨਕਾਰ ਨਹੀਂ ਕੀਤਾ, ਕਿ ਕੈਨੇਡਾ ਦੀ ਧਰਤੀ ’ਤੇ ਇੱਕ ਕੈਨੇਡੀਅਨ ਨਾਗਰਿਕ ਦੀ ਹੱਤਿਆ ਵਿੱਚ ਭਾਰਤ ਸਰਕਾਰ ਦੀ ਸ਼ਮੂਲੀਅਤ ਦਾ ਸੁਝਾਅ ਦੇਣ ਦੇ ਸਬੂਤ ਹਨ।’’ ਇਸ ਦੌਰਾਨ ਕੈਨੇਡਾ ਦੀ ਉਪ ਪ੍ਰਧਾਨ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਨੇ ਕਿਹਾ ਕਿ ਉਹ ਇੰਟੈਲੀਜੈਂਸ ਰਿਪੋਰਟ ਬਾਰੇ ਕੋਈ ਟਿੱਪਣੀ ਨਹੀਂ ਕਰਨਗੇ, ਕਿਉਂਕਿ ਇਸ ਨਾਲ ਜਾਂਚ ਦਾ ਅਮਲ ਪ੍ਰਭਾਵਿਤ ਹੋ ਸਕਦਾ ਹੈ। ਭਾਰਤੀ ਵਿਜ਼ਟਰਾਂ ਲਈ ਵੀਜ਼ਾ ਦੇ ਅਮਲ ਨੂੰ ਰੋਕਣ ਬਾਰੇ ਉਨ੍ਹਾਂ ਕਿਹਾ ਕਿ ਹਾਲ ਦੀ ਘੜੀ ਸਾਡਾ ਧਿਆਨ ਹੱਤਿਆਰਿਆਂ ਨੂੰ ਨਿਆਂ ਦੇ ਕਟਹਿਰੇ ’ਚ ਖੜ੍ਹਾਉਣਾ ਹੈ। -ਪੀਟੀਆਈ

ਮੀਡੀਆ ’ਚ ਜਾਣਕਾਰੀ ਲੀਕ ਹੋਣ ’ਤੇ ਟਰੂਡੋ ਨੇ ਸੰਸਦ ’ਚ ਕੀਤਾ ਮਾਮਲੇ ਦਾ ਖੁਲਾਸਾ

ਟਰੂਡੋ ਸਰਕਾਰ ’ਚ ਮੰਤਰੀ ਤੇ ਸਾਬਕਾ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੇ ਕਿਹਾ ਕਿ ਪ੍ਰਧਾਨ ਮੰਤਰੀ (ਟਰੂਡੋ) ਨੇ ਨਿੱਝਰ ਹੱਤਿਆ ਮਾਮਲੇ ਵਿੱਚ ਭਾਰਤ ’ਤੇ ਜਨਤਕ ਤੌਰ ਉੱਤੇ ਦੋਸ਼ ਲਾਏ ਕਿਉਂਕਿ ਉਨ੍ਹਾਂ ਨੂੰ ਪਤਾ ਲੱਗ ਗਿਆ ਸੀ ਕਿ ਇਹ ਕਹਾਣੀ ਜਲਦੀ ਹੀ ਮੀਡੀਆ ਰਾਹੀਂ ਬਾਹਰ ਆਉਣ ਵਾਲੀ ਹੈ। ਸੱਜਣ, ਜੋ ਵੈਨਕੂਵਰ ਦੱਖਣੀ ਤੋਂ ਲਿਬਰਲ ਪਾਰਟੀ ਦੇ ਸੰਸਦ ਮੈਂਬਰ ਹਨ, ਨੇ ਕਿਹਾ ਕਿ ਨਿੱਝਰ ਦੀ ਹੱਤਿਆ ਨੂੰ ਲੈ ਕੇ ਜਾਂਚ ਜਾਰੀ ਹੈ, ਪਰ ਟਰੂਡੋ ਇਹ ਯਕੀਨੀ ਬਣਾਉਣਾ ਚਾਹੁੰਦਾ ਸੀ ਕਿ ਇਹ ਕਹਾਣੀ ਮੀਡੀਆ ਜ਼ਰੀਏ ਲੋਕਾਂ ਤੱਕ ਪੁੱਜਣ ਤੋਂ ਪਹਿਲਾਂ ਕੈਨੇਡੀਅਨਾਂ ਤੱਕ ‘ਸਹੀ ਜਾਣਕਾਰੀ’ ਪੁੱਜੇ। ਉਨ੍ਹਾਂ ਕਿਹਾ ਕਿ ਜਾਂਚ ਕਿਸੇ ਤਣ ਪੱਤਣ ਲੱਗਣ ਤੋਂ ਪਹਿਲਾਂ ਇਸ ਮਸਲੇ ਨੂੰ ਜਨਤਕ ਕਰਨ ਦਾ ਫੈਸਲਾ ਸਬੰਧਤ ਏਜੰਸੀਆਂ ਦੇ ਸਲਾਹ ਮਸ਼ਵਰੇ ਨਾਲ ਲਿਆ ਗਿਆ ਹੈ। ਸੱਜਣ, ਜੋ ਖ਼ੁਦ ਇਕ ਸਿੱਖ ਹਨ, ਨੇ ਕਿਹਾ, ‘‘ਕੈਨੇਡੀਅਨਾਂ ਨੂੰ ਸ਼ਾਂਤ ਰੱਖਣਾ ਸਾਡੀ ਸਿਖਰਲੀ ਤਰਜੀਹ ਹੈ। ਅਤੇ ਇਹ ਵੀ ਇਕ ਕਾਰਨ ਹੈ ਕਿ ਪ੍ਰਧਾਨ ਮੰਤਰੀ ਨੂੰ ਜਨਤਕ ਤੌਰ ’ਤੇ ਇਹ ਮਸਲਾ ਚੁੱਕਣਾ ਪਿਆ। ਇਸ ਦਾ ਇਕੋ ਇਕ ਮੰਤਵ ਕੈਨੇਡੀਅਨਾਂ ਨੂੰ ਭਰੋਸਾ ਦੇਣਾ ਤੇ ਉਨ੍ਹਾਂ ਨੂੰ ਸ਼ਾਂਤ ਕਰਨਾ ਹੈ...ਤਾਂ ਕਿ ਕੋਈ ਉਨ੍ਹਾਂ ਨੂੰ ਜਾਣਕਾਰੀ ਦੇ ਆਧਾਰ ’ਤੇ ਵੰਡ ਨਾ ਸਕੇ, ਕਿਉਂਕਿ ਅਸੀਂ ਬੀਤੇ ਵਿੱਚ ਅਜਿਹਾ ਹੁੰਦਾ ਵੇਖਿਆ ਹੈ।’’

ਬਾਇਡਨ ਨੇ ਜੀ-20 ਦੌਰਾਨ ਪ੍ਰਧਾਨ ਮੰਤਰੀ ਮੋਦੀ ਕੋਲ ਚੁੱਕਿਆ ਸੀ ਮਸਲਾ

ਨਿਊ ਯਾਰਕ: ਦਿ ਫਾਇਨਾਂਸ਼ੀਅਲ ਟਾਈਮਜ਼ ਨੇ ਆਪਣੀ ਇਕ ਰਿਪੋਰਟ ਵਿੱਚ ਦਾਅਵਾ ਕੀਤਾ ਹੈ ਕਿ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਤੇ ਹੋਰਨਾਂ ਆਲਮੀ ਆਗੂਆਂ ਨੇ ਸਿੱਖ ਵੱਖਵਾਦੀ ਆਗੂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਵਿੱਚ ਭਾਰਤੀ ਏਜੰਟਾਂ ਦੀ ਕਥਿਤ ਸ਼ਮੂਲੀਅਤ ਬਾਰੇ ਕੈਨੇਡਿਆਈ ਦਾਅਵੇ ਨੂੰ ਲੈ ਕੇ ਇਸੇ ਮਹੀਨੇ ਨਵੀਂ ਦਿੱਲੀ ਵਿੱਚ ਹੋਏ ਜੀ-20 ਸਿਖਰ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਆਪਣੇ ਫਿਕਰ ਜਤਾਏ ਸਨ। ਰੋਜ਼ਨਾਮਚੇ ਨੇ ਕਿਹਾ ਕਿ ਫਾਈਵ ਆਈਜ਼ ਇੰਟੈਲੀਜੈਂਸ ਸ਼ੇਅਰਿੰਗ ਨੈੱਟਵਰਕ ਵਿੱਚ ਸ਼ਾਮਲ ਮੈਂਬਰ ਮੁਲਕਾਂ- ਅਮਰੀਕਾ, ਯੂਕੇ, ਕੈਨੇਡਾ, ਆਸਟਰੇਲੀਆ ਤੇ ਨਿਊਜ਼ੀਲੈਂਡ ਨੇ ਸ੍ਰੀ ਮੋਦੀ ਕੋਲ ਨਿੱਝਰ ਦੀ ਹੱਤਿਆ ਦਾ ਮਸਲਾ ਰੱਖਿਆ ਸੀ। ਰੋਜ਼ਨਾਮਚੇ ਨੇ ਕਿਹਾ ਕਿ ਕੈਨੇਡਾ ਨੇ ਫਾਈਵ ਆਈਜ਼ ਵਿਚਲੇ ਆਪਣੇ ਭਾਈਵਾਲਾਂ ਨੂੰ ਅਪੀਲ ਕੀਤੀ ਸੀ ਕਿ ਉਹ ੲਿਹ ਮਸਲਾ ਸਿੱਧੇ ਤੌਰ ’ਤੇ ਸ੍ਰੀ ਮੋਦੀ ਨਾਲ ਵਿਚਾਰਨ। ਟਰੂਡੋ ਦੀ ਅਪੀਲ ਮਗਰੋਂ ਆਗੂਆਂ ਨੇ ਜੀ-20 ਸਿਖਰ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਮੋਦੀ ਕੋਲ ਫਿਕਰ ਜਤਾਇਆ ਸੀ। ਉਧਰ ਅਮਰੀਕਾ ਦੇ ਕੌਮੀ ਸੁਰੱਖਿਆ ਸਲਾਹਕਾਰ ਜੈਕ ਸੁਲੀਵਨ ਨੇ ਵੀਰਵਾਰ ਨੂੰ ਕਿਹਾ ਸੀ ਕਿ ਉਹ ਇਸ ਮਾਮਲੇ ਨੂੰ ਲੈ ਕੇ ਭਾਰਤ ਦੇ ਸੰਪਰਕ ਵਿੱਚ ਹਨ। -ਰਾਇਟਰਜ਼

Advertisement
×