‘ਆਪ’ ਨੇ ਪਾਰਟੀ ਵਿਧਾਇਕ ਦੀ ਹਿਰਾਸਤ ਨੂੰ ਚੁਣੌਤੀ ਦੇਣ ਲਈ ਕਾਨੂੰਨੀ ਟੀਮ ਬਣਾਈ
ਆਮ ਆਦਮੀ ਪਾਰਟੀ ਨੇ ਪਾਰਟੀ ਦੀ ਜੰਮੂ ਕਸ਼ਮੀਰ ਇਕਾਈ ਦੇ ਪ੍ਰਧਾਨ ਅਤੇ ਮੌਜੂਦਾ ਵਿਧਾਇਕ ਮਹਿਰਾਜ ਮਲਿਕ ਨੂੰ ਜਨਤਕ ਸੁਰੱਖਿਆ ਐਕਟ (ਪੀ ਐੱਸ ਏ) ਵਰਗੇ ਸਖ਼ਤ ਕਾਨੂੰਨ ਤਹਿਤ ਹਿਰਾਸਤ ’ਚ ਲਏ ਜਾਣ ਨੂੰ ਚੁਣੌਤੀ ਦੇਣ ਵਾਸਤੇ 10 ਮੈਂਬਰੀ ਕਾਨੂੰਨੀ ਟੀਮ ਦਾ ਗਠਨ ਕੀਤਾ ਹੈ।
37 ਸਾਲਾ ਮਲਿਕ ਨੂੰ 8 ਸਤੰਬਰ ਨੂੰ ਡੋਡਾ ਜ਼ਿਲ੍ਹੇ ਵਿੱਚ ਜਨਤਕ ਵਿਵਸਥਾ ਨੂੰ ਭੰਗ ਕਰਨ ਦੇ ਦੋਸ਼ ਹੇਠ ਹਿਰਾਸਤ ਵਿੱਚ ਲਿਆ ਗਿਆ ਸੀ। ਉਨ੍ਹਾਂ ਦੀ ਹਿਰਾਸਤ ਤੋਂ ਬਾਅਦ ਹਿੰਸਕ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ ਸਨ, ਜਿਸ ਮਗਰੋਂ ਪ੍ਰਸ਼ਾਸਨ ਨੇ ਪਾਬੰਦੀਆਂ ਲਗਾ ਦਿੱਤੀਆਂ ਅਤੇ ਮੋਬਾਈਲ ਇੰਟਰਨੈੱਟ ਤੇ ਬਰਾਡਬੈਂਡ ਸੇਵਾਵਾਂ ਬੰਦ ਕਰ ਦਿੱਤੀਆਂ ਸਨ। ‘ਆਪ’ ਦੇ ਸੀਨੀਅਰ ਆਗੂ ਅਤੇ ਦਿੱਲੀ ਦੇ ਸਾਬਕਾ ਮੰਤਰੀ ਇਮਰਾਨ ਹੁਸੈਨ ਨੇ ‘ਐਕਸ’ ਉੱਤੇ ਪਾਈ ਇੱਕ ਪੋਸਟ ਵਿੱਚ ਮਲਿਕ ਦੇ ਕੇਸ ਨੂੰ ਅਦਾਲਤ ਵਿੱਚ ਲੜਨ ਲਈ ਕਾਨੂੰਨੀ ਟੀਮ ਦਾ ਐਲਾਨ ਕੀਤਾ ਹੈ।
ਹੁਸੈਨ ਨੇ ਕਿਹਾ, ‘‘ਵਿਧਾਇਕ ਮਹਿਰਾਜ ਮਲਿਕ ਨਾਲ ਪਾਰਟੀ ਮਜ਼ਬੂਤੀ ਨਾਲ ਖੜ੍ਹੀ ਹੈ, ਜਿਨ੍ਹਾਂ ਨੂੰ ਪੀ ਐੱਸ ਏ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਮਜ਼ਬੂਤ ਕਾਨੂੰਨੀ ਟੀਮ ਦੀ ਅਗਵਾਈ ਸੀਨੀਅਰ ਵਕੀਲ ਨਿਰਮਲ ਕੇ ਕੋਤਵਾਲ ਕਰ ਰਹੇ ਹਨ। ਟੀਮ ਵਿੱਚ ਵਕੀਲ ਮੁਜ਼ੱਫਰ ਖਾਨ, ਸ਼ੇਖ ਸ਼ਕੀਲ ਅਹਿਮਦ ਅਤੇ ਅੱਪੂ ਸਿੰਘ (ਸਹਾਇਕ ਵਕੀਲ) ਸ਼ਾਮਲ ਹਨ, ਜਿਨ੍ਹਾਂ ਦਾ ਸਹਿਯੋਗ ਅਰਵਿੰਦ ਬੰਦਰਾਲ, ਜੋਗਿੰਦਰ ਸਿੰਘ ਠਾਕੁਰ, ਗੌਰਵ ਸਾਰੰਗਲ, ਸੰਦੀਪ ਸ਼ਰਮਾ, ਆਸਿਮ ਹਾਸ਼ਮੀ ਅਤੇ ਐੱਮ ਤਾਰਿਕ ਮੁਗਲ ਕਰ ਰਹੇ ਹਨ।’’
ਹਫ਼ਤੇ ਮਗਰੋਂ ਇੰਟਰਨੈੱਟ ਸੇਵਾਵਾਂ ਬਹਾਲ
ਡੋਡਾ/ਜੰਮੂ: ਹਾਲਾਤ ਸੁਖਾਵੇਂ ਹੋਣ ਮਗਰੋਂ ਅਧਿਕਾਰੀਆਂ ਨੇ ਕਰੀਬ ਇਕ ਹਫ਼ਤੇ ਮਗਰੋਂ ਅੱਜ ਜੰਮੂ ਕਸ਼ਮੀਰ ਦੇ ਡੋਡਾ ਜ਼ਿਲ੍ਹੇ ’ਚ ਬ੍ਰਾਡਬੈਂਡ ਇੰਟਰਨੈੱਟ ਸੇਵਾਵਾਂ ਬਹਾਲ ਕਰ ਦਿੱਤੀਆਂ। ਪੁਲੀਸ ਅਧਿਕਾਰੀਆਂ ਨੇ ਸ਼ਨਿਚਰਵਾਰ ਨੂੰ ਸਮਾਜ ਦੇ ਵੱਖ ਵੱਖ ਵਰਗਾਂ ਦੇ ਮੈਂਬਰਾਂ ਨਾਲ ਮੀਟਿੰਗ ਕੀਤੀ ਸੀ ਜਿਸ ਮਗਰੋਂ ਅੱਜ ਬਾਜ਼ਾਰ ਵੀ ਖੁੱਲ੍ਹ ਗਏ। ਡੀਆਈਜੀ ਸ੍ਰੀਧਰ ਪਾਟਿਲ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸ਼ਰਾਰਤੀ ਅਨਸਰਾਂ ’ਤੇ ਨਜ਼ਰ ਰੱਖਣ। -ਪੀਟੀਆਈ