ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਮੁੱਢਲੇ ਸਿਹਤ ਸੰਭਾਲ ਢਾਂਚੇ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਸ਼ੁਰੂ ਕੀਤੇ ਗਏ ‘ਆਮ ਆਦਮੀ ਕਲੀਨਿਕ’ ਲੋਕਾਂ ਲਈ ਵਰਦਾਨ ਸਾਬਤ ਹੋ ਰਹੇ ਹਨ। ਇਨ੍ਹਾਂ ਕਲੀਨਿਕਾਂ ਰਾਹੀਂ ਲੋਕ ਆਪਣੇ ਘਰਾਂ ਦੇ ਨੇੜੇ ਹੀ ਮੁਫ਼ਤ ਇਲਾਜ ਤੇ ਟੈਸਟ ਕਰਵਾ ਰਹੇ ਹਨ। 15 ਅਗਸਤ 2022 ਨੂੰ ਸ਼ੁਰੂਆਤ ਤੋਂ ਬਾਅਦ ਹੁਣ ਤੱਕ ਇਨ੍ਹਾਂ ਕਲੀਨਿਕਾਂ ਵਿੱਚ 4.20 ਕਰੋੜ ਤੋਂ ਵੱਧ ਲੋਕ ਆਪਣਾ ਇਲਾਜ ਕਰਵਾ ਚੁੱਕੇ ਹਨ; 2.29 ਕਰੋੜ ਲੋਕਾਂ ਦੇ ਮੁਫ਼ਤ ਵਿੱਚ ਟੈਸਟ ਕੀਤੇ ਗਏ ਹਨ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਆਮ ਆਦਮੀ ਕਲੀਨਿਕਾਂ ਵਿੱਚ ਰੋਜ਼ਾਨਾ ਲਗਭਗ 73,000 ਮਰੀਜ਼ ਇਲਾਜ ਕਰਵਾ ਰਹੇ ਹਨ, ਜਿਸ ਨਾਲ ਹਰ ਕਲੀਨਿਕ ਵਿੱਚ ਰੋਜ਼ਾਨਾ ਔਸਤਨ 83 ਮਰੀਜ਼ ਆ ਰਹੇ ਹਨ। ਕੁੱਲ 4.20 ਕਰੋੜ ਮਰੀਜ਼ਾਂ ਵਿੱਚੋਂ 1.50 ਕਰੋੜ ਵਿਅਕਤੀ ਪਹਿਲੀ ਵਾਰ ਆਏ ਸਨ; 2.7 ਕਰੋੜ ਮਰੀਜ਼ਾਂ ਨੇ ਦੁਬਾਰਾ ਆ ਕੇ ਆਪਣਾ ਇਲਾਜ ਕਰਵਾਇਆ। ਕਲੀਨਿਕਾਂ ਦੀ ਕੁੱਲ ਓ ਪੀ ਡੀ ਵਿੱਚ 54 ਫ਼ੀਸਦੀ ਔਰਤਾਂ ਸ਼ਾਮਿਲ ਹਨ। ਇਸ ਤੋਂ ਇਲਾਵਾ 13.9 ਫ਼ੀਸਦੀ ਮਰੀਜ਼ ਬੱਚੇ, 61.3 ਫ਼ੀਸਦ ਬਾਲਗ ਅਤੇ 24.8 ਫ਼ੀਸਦ ਬਜ਼ੁਰਗ ਹਨ।
ਸਿਹਤ ਮੰਤਰੀ ਨੇ ਦੱਸਿਆ ਕਿ ਇਸ ਵੇਲੇ ਪੰਜਾਬ ਵਿੱਚ ਕੁੱਲ 881 ਆਮ ਆਦਮੀ ਕਲੀਨਿਕ ਕਾਰਜਸ਼ੀਲ ਹਨ, ਜਿਨ੍ਹਾਂ ਵਿੱਚੋਂ 316 ਸ਼ਹਿਰੀ ਅਤੇ 565 ਪੇਂਡੂ ਖੇਤਰਾਂ ਵਿੱਚ ਸਥਾਪਿਤ ਕੀਤੇ ਗਏ ਹਨ। ਇਨ੍ਹਾਂ ਕਲੀਨਿਕਾਂ ਵਿੱਚ ਮਰੀਜ਼ਾਂ ਨੂੰ 107 ਕਿਸਮਾਂ ਦੀਆਂ ਦਵਾਈਆਂ ਅਤੇ 47 ਕਿਸਮਾਂ ਦੇ ਡਾਇਗਨੌਸਟਿਕ ਟੈਸਟ ਬਿਲਕੁਲ ਮੁਫ਼ਤ ਮੁਹੱਈਆ ਕਰਵਾਏ ਜਾਂਦੇ ਹਨ। ਇੱਥੇ ਆਉਣ ਵਾਲੇ 98 ਫ਼ੀਸਦੀ ਮਰੀਜ਼ਾਂ ਨੂੰ ਕਲੀਨਿਕ ਤੋਂ ਹੀ ਮੁਫ਼ਤ ਦਵਾਈਆਂ ਮਿਲ ਜਾਂਦੀਆਂ ਹਨ।