ਪ੍ਰਸੂਤਾ ਪੀੜ ਨਾਲ ਤੜਫ਼ ਰਹੀ ਮਹਿਲਾ ਨੂੰ ਸਾੜ੍ਹੀ ਦਾ ਝੋਲਾ ਬਣਾ ਕੇ ਹਸਪਤਾਲ ਪਹੁੰਚਾਇਆ
ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ’ਚ ਗਰਭਵਤੀ ਮਹਿਲਾ, ਜੋ ਪ੍ਰਸੂਤਾ ਪੀੜ ਨਾਲ ਤੜਫ ਰਹੀ ਸੀ, ਨੂੰ ਹਸਪਤਾਲ ਪਹੁੰਚਾਉਣ ਲਈ ਸਾੜ੍ਹੀ ਦੀ ਮਦਦ ਨਾਲ ਝੂਲਾ ਬਣਾ ਕੇ ਕਈ ਕਿਲੋਮੀਟਰਾਂ ਦਾ ਫ਼ਾਸਲਾ ਤੈਅ ਕੀਤਾ ਗਿਆ। ਦਿਲ-ਦਹਿਲ ਦੇਣ ਵਾਲਾ ਗਰਭਵਤੀ ਮਹਿਲਾ ਮਨੀਸ਼ਾ ਭਾਵਰ ਦਾ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਖ਼ੂਬ ਵਾਇਰਲ ਹੋ ਰਿਹਾ ਹੈ। ਮਨੀਸ਼ਾ ਭਾਵਰ ਨੁੂੰ ਸਮੇਂ ਸਿਰ ਡਾਕਟਰੀ ਸਹਾਇਤਾ ਦੇਣ ਲਈ ਕੀਤੀ ਗਈ ਇਸ ਕੋਸ਼ਿਸ਼ ਨੇ ਪੇਂਡੂ ਇਲਾਕਿਆਂ ਵਿੱਚ ਬੁਨਿਆਦੀ ਢਾਂਚੇ ਦੀ ਘਾਟ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ।
ਮੁੰਬਈ ਤੋਂ 100 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਬਾਵਾਰਪਾੜਾ (ਸ਼ਾਹਾਪੁਰ) ਦੀ ਮਨੀਸ਼ਾ ਭਾਵਰ ਨੁੂੰ ਘਰ ਵਿੱਚ ਹੀ ਪ੍ਰਸੂਤਾ ਪੀੜ ਹੋਈ। ਐਂਬੂਲੈਂਸ ਦਾ ਪ੍ਰਬੰਧ ਨਾ ਹੋਣ ਕਰਕੇ ਮਹਿਲਾ ਦੇ ਰਿਸ਼ਤੇਦਾਰਾਂ ਤੇ ਗੁਆਂਢੀਆਂ ਨੇ ਸਾੜ੍ਹੀ ਦੀ ਮਦਦ ਨਾਲ ਝੂਲਾ ਬਣਾ ਕੇ ਬੜੀ ਮੁਸ਼ੱਕਤ ਨਾਲ ਉਸ ਨੁੂੰ ਨੇੜਲੇ ਹਸਪਤਾਲ ਪਹੁੰਚਾਇਆ।
ਗੁੱਸੇ ਵਿੱਚ ਆਏ ਪਿੰਡ ਵਾਸੀ ਨੇ ਕਿਹਾ, "ਸਾਡੇ ਪਿੰਡ ਤੋਂ ਮੁੱਖ ਜ਼ਿਲ੍ਹਾ ਸੜਕ ਤੱਕ ਚਿੱਕੜ ਨਾਲ ਭਰਿਆ ਰਸਤਾ ਹੈ। ਅਸੀਂ ਸੰਪਰਕ ਸੜਕ ਬਣਾਉਣ ਦੀ ਮੰਗ ਕੀਤੀ ਹੈ, ਪਰ ਅਜੇ ਤੱਕ ਮਸਲਾ ਹੱਲ ਨਹੀਂ ਹੋਇਆ।’’
ਇੱਕ ਹੋਰ ਮੁਕਾਮੀ ਵਿਅਕਤੀ ਨੇ ਕਿਹਾ ਕਿ ਲੋਕ ਸੜਕਾਂ, ਬਿਜਲੀ ਅਤੇ ਸਿਹਤ ਸੇਵਾਵਾਂ ਵਰਗੀਆਂ ਬੁਨਿਆਦੀ ਸਹੂਲਤਾਂ ਦੀ ਮੰਗ ਕਰ ਰਹੇ ਹਨ । ਪਰ ਅਜੇ ਤੱਕ ਕੋਈ ਸੁਣਵਾਈ ਨਹੀਂ ਹੋਈ। ਮਹਿਲਾਵਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ਹਾਲਾਤ ਵਿੱਚ ਉਨ੍ਹਾਂ ਦੀ ਸਿਹਤ ਤੇ ਜਾਨ ਦਾਅ ’ਤੇ ਲੱਗੀਆਂ ਹੁੰਦੀਆਂ ਹਨ।
ਕਬਾਇਲੀ ਵਿਭਾਗ ਦੇ ਅਧਿਕਾਰੀ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਵਿੱਚ ਸ਼ਾਹਾਪੁਰ ਅਤੇ ਗੁਆਂਢੀ ਪਾਲਘਰ ਜ਼ਿਲ੍ਹੇ ਵਰਗੇ ਕਬਾਇਲੀ ਖੇਤਰਾਂ ਵਿੱਚ ਕਈ ਅਜਿਹੇ ਮਾਮਲੇ ਸਾਹਮਣੇ ਆਏ ਹਨ ਜਿੱਥੇ ਗਰਭਵਤੀ ਔਰਤਾਂ ਸਮੇਂ ਸਿਰ ਹਸਪਤਾਲ ਨਾ ਪਹੁੰਚਣ ਜਾਂ ਸਹੀ ਇਲਾਜ ਨਾ ਮਿਲਣ ਕਾਰਨ ਆਪਣੀਆਂ ਜਾਨਾਂ ਗੁਆ ਬੈਠੀਆਂ ਹਨ। ਦੂਰ-ਦੁਰਾਡੇ ਪਿੰਡਾਂ ਅਤੇ ਬਸਤੀਆਂ ਨਾਲ ਸੰਪਰਕ ਨੂੰ ਬਿਹਤਰ ਬਣਾਉਣ ਲਈ ਯਤਨ ਕੀਤੇ ਜਾ ਰਹੇ ਹਨ। ਮੌਨਸੂਨ ਖਤਮ ਹੋਣ ਤੋਂ ਬਾਅਦ ਸੜਕਾਂ ਦੀ ਮੁਰੰਮਤ ਦਾ ਕੰਮ ਕੀਤਾ ਜਾਵੇਗਾ, ਜਿਸ ਨਾਲ ਸਥਾਨਕ ਲੋਕਾਂ ਨੂੰ ਮਦਦ ਮਿਲੇਗੀ। -ਪੀਟੀਆਈ