ਸਮਝਦਾਰ ਕਪਤਾਨ ਰਣਨੀਤੀ ਬਦਲਦਾ ਹੈ, ਖੇਡ ਨਹੀਂ: ਉਮਰ ਅਬਦੁੱਲਾ
Not the one who changes game midway: CM Omar in J-K Assembly
ਜੰਮੂ, 20 ਮਾਰਚ
ਭਾਜਪਾ ਨਾਲ ਨੇੜਤਾ ਵਧਾਉਣ ਦੇ ਕਿਆਸਾਂ ਦਰਮਿਆਨ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਅੱਜ ਕਿਹਾ ਕਿ ਉਨ੍ਹਾਂ ਨੂੰ ਪਾਲੇ ਬਦਲਣ ਦੀ ਆਦਤ ਨਹੀਂ ਹੈ। ਅਬਦੁੱਲਾ ਨੇ ਜ਼ੋਰ ਦੇ ਕੇ ਆਖਿਆ ਕਿਹਾ ਕਿ ਸਮਝਦਾਰ ਕਪਤਾਨ ਰਣਨੀਤੀ ਬਦਲਦਾ ਹੈ ਖੇਡ ਨਹੀਂ।
ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਆਪਣੀ ਰਣਨੀਤੀ ਵਿਚ ਬਦਲਾਅ ਜ਼ਰੂਰ ਕੀਤਾ ਹੈ। ਅਬਦੁੱਲਾ ਨੇ ਕਿਹਾ ਕਿ ਉਹ ਕਿਸੇ ਵੀ ਮੁੱਦੇ ’ਤੇ ਗੱਲਬਾਤ ਕਰਨ ਤੋਂ ਨਹੀਂ ਡਰਦੇ। ਉਨ੍ਹਾਂ ਭਾਜਪਾ ਨੂੰ ਚੁਣੌਤੀ ਦਿੱਤੀ ਕਿ ਉਹ ਇਹ ਸਾਬਤ ਕਰਨ ਕਿ ਉਨ੍ਹਾਂ ਦੀ ਪਾਰਟੀ ਨੈਸ਼ਨਲ ਕਾਨਫਰੰਸ ਨੇ ਆਖਰੀ ਡੋਗਰਾ ਸਮਰਾਟ ਮਹਾਰਾਜਾ ਹਰੀ ਸਿੰਘ ਦਾ ਕਦੇ ਨਿਰਾਦਰ ਕੀਤਾ ਸੀ।
ਜੰਮੂ ਕਸ਼ਮੀਰ ਅਸੈਂਬਲੀ ਵਿਚ ਆਪਣੇ ਵਿਭਾਗਾਂ ਲਈ ‘ਗ੍ਰਾਂਟਾਂ ਦੀ ਮੰਗ’ ਬਾਰੇ ਚਰਚਾ ਨੂੰ ਸਮੇਟਦਿਆਂ ਮੁੱਖ ਮੰਤਰੀ ਨੇ ਭਰੋਸਾ ਜਤਾਇਆ ਕਿ ਉਹ ਆਪਣੇ ਕਾਰਜਕਾਲ ਦੀ ਮਿਆਦ ਪੂਰੀ ਹੋਣ ਮਗਰੋਂ ਜੇਤੂ ਬਣ ਕੇ ਉਭਰਨਗੇ।
ਅਬਦੁੱਲਾ ਨੇ ਵਿਰੋਧੀ ਧਿਰ ਭਾਜਪਾ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ, ‘‘ਇਕ ਸਮਝਦਾਰ ਕਪਤਾਨ ਤੇ ਖਿਡਾਰੀ ਉਹ ਹੈ ਜੋ ਖ਼ੁਦ ਨੂੰ ਹਾਲਾਤ ਮੁਤਾਬਕ ਢਾਲ ਲਏ। ਆਪਣੀ ਰਣਨੀਤੀ ਬਦਲੇ ਖੇਡ ਨਹੀਂ। ਮੈਂ ਖੇਡ ਨਹੀਂ ਬਦਲੀ ਕਿਉਂਕਿ ਮੈਂ ਅਜੇ ਵੀ ਸਫ਼ੇਦ ਕ੍ਰਿਕਟਿੰੰਗ ਵਰਦੀ ਪਾਉਂਦਾ ਹਾਂ।’’
ਅਬਦੁੱਲਾ ਨੇ ਕਿਹਾ, ‘‘ਮੈਂ ਤੇਜ਼ ਗੇਂਦਬਾਜ਼ੀ ਕਰ ਰਿਹਾ ਸੀ ਕਿਉਂਕਿ ਆਸਟਰੇਲੀਅਨ ਪਿੱਚਾਂ ਮਦਦਗਾਰ ਹਨ, ਪਰ ਬੀਸੀਸੀਆਈ ਦੀਆਂ ਪਿੱਚਾਂ ਸਪਿੰਨ ਲਈ ਹਨ ਤੇ ਹੁਣ ਮੈਂ ਸਪਿੰਨ ਗੇਂਦਬਾਜ਼ੀ ਕਰ ਰਿਹਾ ਹਾਂ। ਇਥੇ ਇਕੋ ਇਕ ਮੰਤਵ ਅਸੀਂ ਜੇਤੂ ਰਹੀਏ।’’ -ਪੀਟੀਆਈ

