ਅਮਰਨਾਥ ਯਾਤਰਾ ਲਈ 7500 ਤੋਂ ਵੱਧ ਸ਼ਰਧਾਲੂਆਂ ਦਾ ਜਥਾ ਰਵਾਨਾ
ਜੰਮੂ: ਦੱਖਣੀ ਕਸ਼ਮੀਰ ਵਿੱਚ ਅਮਰਨਾਥ ਗੁਫ਼ਾ ਮੰਦਰ ਦੇ ਦਰਸ਼ਨਾਂ ਲਈ 7500 ਤੋਂ ਵੱਧ ਤੀਰਥਯਾਤਰੀਆਂ ਦਾ ਜਥਾ ਅੱਜ ਤੜਕੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਰਵਾਨਾ ਹੋਇਆ। ਇਸ 3,880 ਮੀਟਰ ਉੱਚੇ ਧਾਰਮਿਕ ਸਥਾਨ ਦੀ 38 ਦਿਨਾ ਯਾਤਰਾ 3 ਜੁਲਾਈ ਨੂੰ ਸ਼ੁਰੂ ਹੋਈ ਸੀ। ਇਸ ਯਾਤਰਾ ਲਈ ਪਹਿਲਾ ਰੂਟ ਅਨੰਤਨਾਗ ਜ਼ਿਲ੍ਹੇ ਵਿੱਚ ਰਵਾਇਤੀ ਨੂਨਵਾਨ-ਪਹਿਲਗਾਮ ਰਸਤਾ ਹੈ, ਜੋ 48 ਕਿਲੋਮੀਟਰ ਲੰਮਾ ਹੈ ਜਦੋਂਕਿ ਦੂਜਾ ਗੰਦਰਬਲ ਜ਼ਿਲ੍ਹੇ ਵਿਚਲਾ ਬਾਲਟਾਲ ਰੂਟ ਹੈ, ਜੋ ਪਹਿਲੇ ਰੂਟ ਦੇ ਮੁਕਾਬਲੇ 14 ਕਿਲੋਮੀਟਰ ਛੋਟਾ ਹੈ। ਅਧਿਕਾਰੀਆਂ ਨੇ ਦੱਸਿਆ ਕਿ 7541 ਸ਼ਰਧਾਲੂਆਂ ਦਾ ਸੱਤਵਾਂ ਜਥਾ ਤੜਕੇ 2.55 ਅਤੇ 4.05 ਵਜੇ ਦਰਮਿਆਨ ਸਖ਼ਤ ਸੁਰੱਖਿਆ ਹੇਠ ਇੱਥੇ ਭਗਵਤੀ ਬੇਸ ਕੈਂਪ ਤੋਂ 309 ਵਾਹਨਾਂ ਦੇ ਵੱਖ-ਵੱਖ ਕਾਫ਼ਲਿਆਂ ਰਾਹੀਂ ਰਵਾਨਾ ਹੋਇਆ। ਇਸ ਜਥੇ ਵਿੱਚ 5516 ਪੁਰਸ਼ ਅਤੇ 1765 ਔਰਤਾਂ ਸ਼ਾਮਲ ਹਨ। ਯਾਤਰਾ 9 ਅਗਸਤ ਨੂੰ ਸਮਾਪਤ ਹੋਵੇਗੀ। ਉਪ ਰਾਜਪਾਲ ਮਨੋਜ ਸਿਨਹਾ ਨੇ 2 ਜੁਲਾਈ ਨੂੰ ਜੰਮੂ ਤੋਂ ਪਹਿਲੇ ਜਥੇ ਨੂੰ ਰਵਾਨਾ ਕੀਤਾ ਸੀ। ਉਦੋਂ ਤੋਂ ਹੁਣ ਤੱਕ 47,902 ਸ਼ਰਧਾਲੂ ਜੰਮੂ ਬੇਸ ਕੈਂਪ ਤੋਂ ਅਮਰਨਾਥ ਯਾਤਰਾ ਲਈ ਰਵਾਨਾ ਹੋ ਚੁੱਕੇ ਹਨ। -ਪੀਟੀਆਈ