ਅਮਰਨਾਥ ਯਾਤਰਾ ਲਈ 7,200 ਸ਼ਰਧਾਲੂਆਂ ਦਾ ਜਥਾ ਰਵਾਨਾ
ਜੰਮੂ, 6 ਜੁਲਾਈ
ਦੱਖਣੀ ਕਸ਼ਮੀਰ ਦੀਆਂ ਹਿਮਾਲਿਆ ਪਹਾੜੀਆਂ ’ਚ ਸਥਿਤ ਅਮਰਨਾਥ ਗੁਫ਼ਾ ਦੇ ਦਰਸ਼ਨਾਂ ਲਈ ਭਾਰੀ ਮੀਂਹ ਦੌਰਾਨ ਅੱਜ ਤੜਕੇ 7,200 ਤੋਂ ਵੱਧ ਯਾਤਰੀਆਂ ਦਾ ਨਵਾਂ ਜਥਾ ਬੇਸ ਕੈਂਪ ਤੋਂ ਰਵਾਨਾ ਹੋਇਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਲੰਘੀ 3 ਜੁਲਾਈ ਤੋਂ ਸ਼ੁਰੂ ਹੋਈ 38 ਦਿਨਾਂ ਸਾਲਾਨਾ ਯਾਤਰਾ ਦੌਰਾਨ ਹੁਣ ਤੱਕ 50,000 ਹਜ਼ਾਰ ਤੋਂ ਵੱਧ ਸ਼ਰਧਾਲੂ ਅਮਰਨਾਥ ਗੁਫ਼ਾ ਦੇ ਦਰਸ਼ਨ ਕਰ ਚੁੱਕੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਸਖਤ ਸੁਰੱਖਿਆ ਪ੍ਰਬੰਧਾਂ ਹੇਠ 7,208 ਸ਼ਰਧਾਲੂਆਂ ਦਾ ਪੰਜਵਾਂ ਜਥਾ, ਜਿਸ ਵਿੱਚ 1,587 ਔਰਤਾਂ ਤੇ 30 ਬੱਚੇ ਸ਼ਾਮਲ ਸਨ, ਭਗਵਤੀ ਕੈਂਪ ਤੋਂ ਦੋ ਵੱਖਰੇ ਕਾਫਲਿਆਂ ਦੇ ਰੂਪ ’ਚ ਤੜਕੇ 3.35 ਤੋਂ 4.15 ਵਜੇ ਦੇ ਦਰਮਿਆਨ ਰਵਾਨਾ ਹੋਇਆ। ਇਹ ਬੁੱਧਵਾਰ ਤੋਂ ਬਾਅਦ ਹੁਣ ਤੱਕ ਦਾ ਸਭ ਤੋਂ ਵੱਡਾ ਜਥਾ ਹੈ। ਹੁਣ ਤੱਕ ਜੰਮੂ ਤੋਂ ਕੁੱਲ 31,736 ਸ਼ਰਧਾਲੂ ਵਾਦੀ ਲਈ ਰਵਾਨਾ ਹੋ ਚੁੱਕੇ ਹਨ। ਅਧਿਕਾਰੀਆਂ ਨੇ ਦੱਸਿਆ ਕਿ 147 ਗੱਡੀਆਂ ਦਾ ਪਹਿਲਾ ਕਾਫ਼ਲਾ 3,199 ਸ਼ਰਧਾਲੂਆਂ ਨੂੰ ਲੈ ਕੇ ਬਾਲਟਾਲ ਮਾਰਗ ਤੋਂ ਰਵਾਨਾ ਹੋਇਆ, ਜਦਕਿ 160 ਵਾਹਨਾਂ ਨਾਲ ਦੂਜਾ ਕਾਫ਼ਲਾ 4,009 ਸ਼ਰਧਾਲੂਆਂ ਨੂੰ ਲੈ ਕੇ ਰਵਾਇਤੀ ਪਹਿਲਗਾਮ ਮਾਰਗ ਤੋਂ ਨਿਕਲਿਆ। ਜੰਮੂ ਦੇ ਕਈ ਇਲਾਕਿਆਂ ’ਚ ਸਾਰੀ ਰਾਤ ਪਏ ਮੀਂਹ ਦੇ ਬਾਵਜੂਦ ਸ਼ਰਧਾਲੂਆਂ ’ਚ ਯਾਤਰਾ ਲਈ ਕਾਫੀ ਉਤਸ਼ਾਹ ਸੀ। -ਪੀਟੀਆਈ