ਦੁੱਖਾਂ ਦੀ ਝੜੀ: ਕਰੋ ਪੂਜਾ ਇਸ ‘ਰਾਣੀ’ ਦੀ, ਜੋ ਸਿਦਕ ਦਾ ਦੀਵਾ ਬਾਲੀ ਖੜ੍ਹੀ
ਪੂਜਾ ਰਾਣੀ ਕੋਲ ਹਿੰਮਤ ਵੀ ਹੈ ਅਤੇ ਹੌਸਲਾ ਵੀ। ਉਸ ਤੋਂ ਵੱਡਾ ਸਿਦਕ ਹੈ, ਜੋ ਉਸ ਨੂੰ ਡੋਲਣ ਨਹੀਂ ਦੇ ਰਿਹਾ। ਇਸ ਹੋਣਹਾਰ ਧੀ ਦਾ ‘ਝੁੱਗੀ-ਝੌਂਪੜੀ’ ਹੀ ਸਿਰਨਾਵਾਂ ਹੈ। ਜਦੋਂ ਵੀ ਮੀਂਹ ਆਫ਼ਤ ਬਣਦੇ ਨੇ, ਇਸ ਬੱਚੀ ਦੀ ਜ਼ਿੰਮੇਵਾਰੀ ਦੀ ਬੇੜੀ ਤੂਫ਼ਾਨ ਨਾਲ ਭਿੜਦੀ ਹੈ। ਬਰਨਾਲਾ ’ਚ ਸੈਂਕੜੇ ਝੁੱਗੀਆਂ ਹਨ, ਜਿਨ੍ਹਾਂ ’ਚ ਤਿੰਨ ਦਿਨਾਂ ਤੋਂ ਪਾਣੀ ਹੀ ਪਾਣੀ ਹੈ। ਇਨ੍ਹਾਂ ਝੁੱਗੀਆਂ ਦੇ ਚੁੱਲ੍ਹੇ ਬੁਝ ਗਏ ਹਨ ਤੇ ਉਮੀਦਾਂ ’ਤੇ ਪਾਣੀ ਫਿਰ ਗਿਆ ਹੈ। ਜਦੋਂ ਪਾਣੀ ਗੋਡੇ ਗੋਡੇ ਹੋਵੇ, ਦਰੱਖਤ ’ਤੇ ਪੰਚਿੰਗ ਬੈਗ ਲਟਕ ਰਿਹਾ ਹੋਵੇ ਤੇ ਪੂਜਾ ਰਾਣੀ ਪਾਣੀ ’ਚ ਪੰਚ ਮਾਰ ਰਹੀ ਹੋਵੇ ਤਾਂ ਧਿਆਨ ਖਿੱਚਿਆ ਜਾਣਾ ਸੁਭਾਵਿਕ ਹੀ ਹੈ।
ਮੁੱਕੇਬਾਜ਼ ਪੂਜਾ ਰਾਣੀ ਦਾ ਆਲ੍ਹਣਾ ਪਾਣੀ ’ਚ ਰੁੜ੍ਹ ਗਿਆ ਹੈ। ਝੌਂਪੜੀ ਦਾ ਚੁੱਲ੍ਹਾ ਵੀ ਬੁਝ ਗਿਆ ਹੈ ਪਰ ਪੂਜਾ ਰਾਣੀ ਦੇ ਅੰਦਰ ਬਲਦੀ ਚਿਣਗ ਹਾਲੇ ਵੀ ਕਾਇਮ ਹੈ। ਤਿੰਨ ਦਿਨਾਂ ਤੋਂ ਪੈ ਰਹੇ ਮੀਂਹ ’ਚ ਝੁੱਗੀਆਂ ਦਾ ਸਾਰਾ ਸਾਮਾਨ ਰੁੜ੍ਹ ਚੁੱਕਿਆ ਹੈ। ਮੁੱਕੇਬਾਜ਼ ਪੂਜਾ ਰਾਣੀ ਇਨ੍ਹਾਂ ਮੁਸ਼ਕਲਾਂ ਦੇ ਬਾਵਜੂਦ ਪ੍ਰੈਕਟਿਸ ਜਾਰੀ ਰੱਖ ਰਹੀ ਹੈ। ਪੂਜਾ ਰਾਣੀ ਕੋਲ ਢੇਰ ਪ੍ਰਾਪਤੀਆਂ ਹਨ। ਉਸ ਕੋਲ ਕਿੱਕ ਮੁੱਕੇਬਾਜ਼ੀ ਵਿੱਚ ਛੋਟੇ ਵੱਡੇ 25 ਮੈਡਲ ਹਨ। ਉਸ ਨੇ 2023 ’ਚ ਰਾਂਚੀ ’ਚ ਹੋਈ ਕੌਮੀ ਚੈਂਪੀਅਨਸ਼ਿਪ ’ਚ ਸੋਨ ਤਗ਼ਮਾ ਅਤੇ ਇਸ ਸਾਲ ਰਾਏਪੁਰ ’ਚ ਕੌਮੀ ਪੱਧਰ ’ਤੇ ਚਾਂਦੀ ਦਾ ਤਗ਼ਮਾ ਜਿੱਤਿਆ ਸੀ।
ਪੂਜਾ ਰਾਣੀ ਨੇ ‘ਪੰਜਾਬੀ ਟ੍ਰਿਬਿਊਨ’ ਨੂੰ ਦੱਸਿਆ ਕਿ ਤਿੰਨ ਦਿਨਾਂ ਤੋਂ ਪੈ ਰਹੇ ਮੀਂਹ ਦੌਰਾਨ ਉਹ ਅਤੇ ਉਸ ਦਾ ਪਰਿਵਾਰ ਸੱਤ ਜ਼ਹਿਰੀਲੇ ਸੱਪ ਮਾਰ ਚੁੱਕਾ ਹੈ ਅਤੇ ਪਾਣੀ ’ਚ ਠੂਹੇਂ ਅਤੇ ਹੋਰ ਕੀੜੇ-ਮਕੌੜੇ ਜ਼ਿੰਦਗੀ ਲਈ ਖ਼ਤਰਾ ਬਣੇ ਹੋਏ ਹਨ। ਉਸ ਨੇ ਦੋ ਦਿਨ ਪਾਣੀ ’ਚ ਹੀ ਪ੍ਰੈਕਟਿਸ ਕੀਤੀ ਅਤੇ ਅੱਜ ਝੁੱਗੀਆਂ ਛੱਡ ਕੇ ਉੱਚੀ ਥਾਂ ਆ ਬੈਠੇ ਹਨ। ਉਹ ਦੱਸਦੀ ਹੈ ਕਿ ਕੋਚ ਜਸਪ੍ਰੀਤ ਸਿੰਘ ਜੱਸੀ ਉਸ ਨੂੰ ਕੋਚਿੰਗ ਦੇ ਰਹੇ ਹਨ। ਡਾਈਟ ਦਾ ਸਾਰਾ ਖਰਚਾ ਸਲੱਮ ਸੇਵਾ ਮਿਸ਼ਨ ਚੁੱਕ ਰਿਹਾ ਹੈ। ਉਸ ਦੇ ਸਾਰੇ ਮੈਡਲ ਝੁੱਗੀ ’ਚ ਹੀ ਪਏ ਹਨ। ਪੂਜਾ ਰਾਣੀ ਦੀ ਮਾਂ ਰਾਣੀ ਕੌਰ ਦੱਸਦੀ ਹੈ ਕਿ ਬਹੁਤ ਵਾਰ ਇੱਕੋ ਟਾਈਮ ਹੀ ਘਰ ’ਚ ਰੋਟੀ ਬਣਦੀ ਹੈ।
ਇੱਕ ਝੌਂਪੜੀ ਦਾ ਲੜਕਾ ਜੌਨ ਬਰਨਾਲਾ ਦੇ ਐੱਸਐੱਸਡੀ ਕਾਲਜ ’ਚ ਬੀਏ ਭਾਗ ਦੂਜਾ ਦਾ ਵਿਦਿਆਰਥੀ ਹੈ। ਜੌਨ ਪੰਜਾਬੀ ’ਵਰਸਿਟੀ ਦੇ ਯੂਥ ਫ਼ੈਸਟੀਵਲ ’ਚੋਂ ਸ਼ਬਦ ਗਾਇਣ ਅਤੇ ਫੋਕ ਆਰਕੈਸਟਰਾ ਮੁਕਾਬਲੇ ’ਚ ਸੋਨ ਤਗ਼ਮਾ ਜਿੱਤ ਚੁੱਕਾ ਹੈ। ਉਸ ਦੀ ਪ੍ਰੈਕਟਿਸ ਝੌਂਪੜੀ ’ਚ ਹੀ ਚੱਲਦੀ ਹੈ।
ਇਸੇ ਤਰ੍ਹਾਂ ਝੁੱਗੀ ਝੌਂਪੜੀ ਦੀ ਲੜਕੀ ਸ਼ਾਲੂ ਗਾਇਕੀ ’ਚ ਮੁਹਾਰਤ ਰੱਖਦੀ ਹੈ ਅਤੇ ਹੁਣ ਉਸ ਦਾ ਦਾਖਲਾ ਪੰਜਾਬੀ ’ਵਰਸਿਟੀ ਦੇ ਸੰਗੀਤ ਕੋਰਸ ’ਚ ਹੋ ਗਿਆ ਹੈ। ਇੱਕ ਹੋਰ ਲੜਕੀ ਵਰਖਾ ਵੀ ਐੱਸਐੱਸਡੀ ਕਾਲਜ ’ਚ ਬੀਏ ਭਾਗ ਪਹਿਲਾ ’ਚ ਪੜ੍ਹ ਰਹੀ ਹੈ। ਉਹ ਵੀ ਸੰਗੀਤ ’ਚ ਚੰਗੀ ਮੁਹਾਰਤ ਰੱਖਦੀ ਹੈ। ਇਨ੍ਹਾਂ ਹੋਣਹਾਰਾਂ ਲਈ ਇਹ ਮੀਂਹ ਕਿਸੇ ਪ੍ਰੀਖਿਆ ਤੋਂ ਘੱਟ ਨਹੀਂ।
ਇੱਕ ਝੌਂਪੜੀ ਮਾਲਕ ਰਾਜ ਕੁਮਾਰ ਨੇ ਦੱਸਿਆ ਕਿ ਬੱਚਿਆਂ ਨੂੰ ਪੜ੍ਹਾਉਣ ਲਈ ਗੁਰੂ ਨਾਨਕ ਸਲੱਮ ਸੇਵਾ ਮਿਸ਼ਨ ਸਾਲ 2006 ਤੋਂ ਕੰਮ ਕਰ ਰਿਹਾ ਹੈ। ਝੌਂਪੜੀਆਂ ਵਾਲਿਆਂ ਦਾ ਕਹਿਣਾ ਸੀ ਕਿ ਉਹ ਤਿੰਨ ਦਿਨਾਂ ਤੋਂ ਮੀਂਹ ’ਚ ਸਭ ਕੁੱਝ ਗੁਆ ਚੁੱਕੇ ਹਨ ਪਰ ਸਰਕਾਰ ਵੱਲੋਂ ਕੋਈ ਵੀ ਮਦਦ ਲਈ ਨਹੀਂ ਬਹੁੜਿਆ।
‘ਨੇਤਾਵਾਂ ਨੇ ਨਹੀਂ ਫੜ੍ਹੀ ਬਾਂਹ’
ਗੁਰੂ ਨਾਨਕ ਸਲੱਮ ਸੇਵਾ ਮਿਸ਼ਨ ਦੇ ਮੁੱਖ ਸੇਵਾਦਾਰ ਭਾਨ ਸਿੰਘ ਜੱਸੀ ਅਤੇ ਤੇਜਿੰਦਰ ਸਿੰਘ (ਅਮਰੀਕਾ) ਆਖਦੇ ਹਨ ਕਿ ਝੁੱਗੀ ਝੌਂਪੜੀ ਵਾਲੇ ਬੱਚਿਆਂ ਨੂੰ ਪੜ੍ਹਾ-ਲਿਖਾ ਕੇ ਰੁਜ਼ਗਾਰ ਦਿਵਾਉਣਾ ਉਨ੍ਹਾਂ ਦਾ ਟੀਚਾ ਹੈ। ਜੱਸੀ ਨੇ ਦੱਸਿਆ ਕਿ ਬਰਨਾਲਾ ਦੀਆਂ ਝੌਂਪੜੀਆਂ ਦੇ ਚਾਰ ਬੱਚੇ ਉਚੇਰੀ ਸਿੱਖਿਆ ਹਾਸਲ ਕਰ ਰਹੇ ਹਨ ਅਤੇ ਹੁਣ ਮੀਂਹ ਨੇ ਇਨ੍ਹਾਂ ਬੱਚਿਆਂ ਲਈ ਮੁਸੀਬਤ ਖੜ੍ਹੀ ਕਰ ਦਿੱਤੀ ਹੈ। ਅੱਜ ਉਨ੍ਹਾਂ ਨੇ ਰਾਹਤ ਸਮੱਗਰੀ ਵੀ ਪਹੁੰਚਾਈ ਹੈ। ਉਨ੍ਹਾਂ ਕਿਹਾ ਕਿ ਆਗੂਆਂ ਨੇ ਕਦੇ ਵੀ ਇਨ੍ਹਾਂ ਗ਼ਰੀਬਾਂ ਦੀ ਬਾਂਹ ਨਹੀਂ ਫੜ੍ਹੀ।