DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੈਰਿਸ ਓਲੰਪਿਕ ਦਾ ਰੰਗਾਰੰਗ ਆਗਾਜ਼

ਭਾਰਤ ਦੇ 78 ਮੈਂਬਰੀ ਦਲ ਨੇ ਮਾਰਚ ਵਿੱਚ ਲਿਆ ਹਿੱਸਾ
  • fb
  • twitter
  • whatsapp
  • whatsapp
featured-img featured-img
ਓਲੰਪਿਕ ਦੇ ਮਹਾਂਕੁੰਭ ਦੀ ਸ਼ੁਰੂਆਤ ਮੌਕੇ ਭਾਰਤੀ ਦਲ ਦੀ ਅਗਵਾਈ ਕਰਦੇ ਹੋਏ ਅਚੰਤਾ ਸ਼ਰਤ ਕਮਲ ਤੇ ਪੀਵੀ ਸਿੰਧੂ।
Advertisement

* 6800 ਅਥਲੀਟਾਂ ਨੇ 90 ਤੋਂ ਵੱਧ ਕਿਸ਼ਤੀਆਂ ਉੱਤੇ ਮਾਰਚ ਵਿਚ ਕੀਤੀ ਸ਼ਮੂਲੀਅਤ

ਪੈਰਿਸ, 26 ਜੁਲਾਈ

Advertisement

ਫਰਾਂਸ ਦੀ ਰਾਜਧਾਨੀ ਪੈਰਿਸ ਵਿਚ ਅੱਜ ਓਲੰਪਿਕ ਖੇਡਾਂ ਦਾ ਰਸਮੀ ਆਗਾਜ਼ ਹੋ ਗਿਆ। ਓਲੰਪਿਕ ਖੇਡਾਂ ਦੇ ਉਦਘਾਟਨੀ ਸਮਾਗਮ ਦਾ ਰਵਾਇਤੀ ‘ਅਥਲੀਟ ਮਾਰਚ’ ਸਟੇਡੀਅਮ ਦੀ ਥਾਂ ਸੀਨ ਨਦੀ ’ਤੇ ਹੋਇਆ। ਮਾਰਚ ਵਿਚ ਸ਼ਾਮਲ ਵੱਖ ਵੱਖ ਦੇਸ਼ਾਂ ਦੇ 6800 ਅਥਲੀਟਾਂ ਨੇ 90 ਤੋਂ ਵੱਧ ਕਿਸ਼ਤੀਆਂ ਵਿਚ ਸਵਾਰ ਹੋ ਕੇ ਸੀਨ ਨਦੀ ਰਸਤੇ 6 ਕਿਲੋਮੀਟਰ ਦਾ ਪੈਂਡਾ ਤੈਅ ਕੀਤਾ। ਖੇਡਾਂ ਦੇ ਇਸ ਮਹਾਂਕੁੰਭ ਵਿਚ 10,700 ਅਥਲੀਟ ਸ਼ਾਮਲ ਹੋਣਗੇ।

ਪੈਰਿਸ ਓਲੰਪਿਕ ਦੇ ਉਦਘਾਟਨੀ ਸਮਾਗਮ ਤੋਂ ਪਹਿਲਾਂ ਸੀਨ ਦਰਿਆ ਨੇੜੇ ਰਿਹਰਸਲ ਕਰਦੇ ਹੋਏ ਕਲਾਕਾਰ।

ਉਦਘਾਟਨੀ ਸਮਾਗਮ ਤੋਂ ਪਹਿਲਾਂ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਂ ਤੇ ਉਨ੍ਹਾਂ ਦੀ ਪਤਨੀ ਬ੍ਰਿਗੇਟ ਮੈਕਰੋਂ ਨੇ ਰਾਸ਼ਟਰਪਤੀ ਪੈਲੇਸ ਵਿਚ ਵਿਦੇਸ਼ੀ ਮਹਿਮਾਨਾਂ ਤੇ ਆਲਮੀ ਆਗੂਆਂ ਦਾ ਰਸਮੀ ਸਵਾਗਤ ਕੀਤਾ। ਪੈਰਿਸ ਤੀਜੀ ਵਾਰ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਕਰ ਰਿਹਾ ਹੈ। ਇਸ ਤੋਂ ਪਹਿਲਾਂ ਫਰਾਂਸ ਨੂੰ ਇਕ ਸਦੀ ਪਹਿਲਾਂ 1924 ਵਿਚ ਖੇਡਾਂ ਦੇ ਮਹਾਕੁੰਭ ਦੀ ਮੇਜ਼ਬਾਨੀ ਦਾ ਮੌਕਾ ਮਿਲਿਆ ਸੀ।

ਪੈਰਿਸ ਵਿੱਚ ਓਲੰਪਿਕ ਖੇਡਾਂ ਦੇ ਉਦਘਾਟਨੀ ਸਮਾਗਮ ਮੌਕੇ ਹੱਥ ਹਿਲਾ ਕੇ ਦਰਸ਼ਕਾਂ ਦਾ ਸਵਾਗਤ ਕਰਦੇ ਹੋਏ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੌਂ ਅਤੇ ਆਈਓਸੀ ਦੇ ਪ੍ਰਧਾਨ ਥਾਮਸ ਬਾਕ। -ਫੋਟੋ: ਪੀਟੀਆਈ

ਝੰਡਾਬਰਦਾਰ ਪੀਵੀ ਸਿੰਧੂ ਅਤੇ ਅਚੰਤਾ ਸ਼ਰਤ ਕਮਲ ਦੀ ਅਗਵਾਈ ਵਾਲੇ ਭਾਰਤੀ ਦਲ ਨੇ ਅੱਜ ਇੱਥੇ ਪੈਰਿਸ ਓਲੰਪਿਕ ਦੇ ਉਦਘਾਟਨੀ ਸਮਾਗਮ ਦੀ ‘ਅਥਲੀਟ ਪਰੇਡ’ ਵਿੱਚ ਹਿੱਸਾ ਲਿਆ। ਇਸ ਵਿੱਚ 12 ਖੇਡਾਂ ਦੇ ਕੁੱਲ 78 ਖਿਡਾਰੀ/ਅਥਲੀਟ ਅਤੇ ਅਧਿਕਾਰੀ ਸ਼ਾਮਲ ਹੋਏ। ਭਾਰਤੀ ਓਲੰਪਿਕ ਐਸੋਸੀਏਸ਼ਨ (ਆਈਓਏ) ਨੇ ਇਸ ਦੀ ਪੁਸ਼ਟੀ ਕੀਤੀ। ਆਈਓਏ ਨੇ ਕਿਹਾ, ‘‘ਆਈਓਏ ਦੀ ਪ੍ਰਧਾਨ ਪੀਟੀ ਊਸ਼ਾ ਅਤੇ ਟੀਮ ਦੇ ਮੁਖੀ ਗਗਨ ਨਾਰੰਗ ਨੇ ਅਥਲੀਟ ਪਰੇਡ ਵਿੱਚ ਦਲ ਦੀ ਰਚਨਾ ਵਿੱਚ ਖਿਡਾਰੀਆਂ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਹੈ। ਕਈ ਖਿਡਾਰੀਆਂ ਦੇ ਸ਼ਨਿਚਰਵਾਰ ਨੂੰ ਮੁਕਾਬਲੇ ਹਨ ਅਤੇ ਆਈਓਏ ਨੇ ਉਨ੍ਹਾਂ ਦੀਆਂ ਤਿਆਰੀਆਂ ਨੂੰ ਪਹਿਲ ਦੇਣ ਅਤੇ ਉਦਘਾਟਨੀ ਸਮਾਗਮ ਵਿੱਚ ਹਿੱਸਾ ਨਾ ਲੈਣ ਦੇ ਫ਼ੈਸਲੇ ਦਾ ਸਨਮਾਨ ਕੀਤਾ ਹੈ।’’

ਪੈਰਿਸ ਵਿੱਚ ਸ਼ੁੱਕਰਵਾਰ ਨੂੰ ਓਲੰਪਿਕ ਵਿਲੇਜ ਮਸ਼ਾਲ ਰਿਲੇਅ ਵਿੱਚ ਹਿੱਸਾ ਲੈਂਦੇ ਹੋਏ ਆਈਓਸੀ ਅਥਲੀਟ ਕਮਿਸ਼ਨ ਦੇ ਪ੍ਰਧਾਨ ਐਮਾ ਟੈਰਹੋ ਤੇ ਕੌਮਾਂਤਰੀ ਓਲੰਪਿਕ ਕਮੇਟੀ (ਆਈਓਸੀ) ਦੇ ਪ੍ਰਧਾਨ ਥਾਮਸ ਬਾਕ।

ਝੰਡਾਬਰਦਾਰ ਸਿੰਧੂ ਅਤੇ ਸ਼ਰਤ ਕਮਲ ਤੋਂ ਇਲਾਵਾ ਹੋਰ ਅਹਿਮ ਖਿਡਾਰੀਆਂ ਵਿੱਚ ਤੀਰਅੰਦਾਜ਼ ਦੀਪਿਕਾ ਕੁਮਾਰੀ, ਮੁੱਕੇਬਾਜ਼ ਲਵਲੀਨਾ ਬੋਰਗੋਹੇਨ, ਟੇਬਲ ਟੈਨਿਸ ਖਿਡਾਰਨ ਮਨਿਕਾ ਬੱਤਰਾ ਅਤੇ ਟੈਨਿਸ ਖਿਡਾਰੀ ਰੋਹਨ ਬੋਪੰਨਾ ਸ਼ਾਮਲ ਹਨ। ਕਿਸ਼ਤੀ ਚਾਲਕ ਬਲਰਾਜ ਪੰਵਾਰ ਦੀ ਸ਼ਨਿਚਰਵਾਰ ਸਵੇਰੇ ਰੇਸ ਹੈ, ਇਸ ਲਈ ਉਸ ਨੇ ਅਥਲੀਟ ਪਰੇਡ ਵਿੱਚ ਹਿੱਸਾ ਨਹੀਂ ਲਿਆ। ਖ਼ਬਰ ਲਿਖੇ ਜਾਣ ਤੱਕ ਟ੍ਰੈਕ ਐਂਡ ਫੀਲਡ, ਵੇਟਲਿਫਟਿੰਗ ਅਤੇ ਕੁਸ਼ਤੀ ਦੀਆਂ ਟੀਮਾਂ ਹਾਲੇ ਪੈਰਿਸ ਨਹੀਂ ਪਹੁੰਚੀਆਂ ਸਨ। ਭਾਰਤੀ ਪੁਰਸ਼ ਹਾਕੀ ਟੀਮ ਦਾ ਸਨਿਚਰਵਾਰ ਨੂੰ ਨਿਊਜ਼ੀਲੈਂਡ ਖ਼ਿਲਾਫ਼ ਮੈਚ ਹੈ, ਇਸ ਲਈ ਹਾਕੀ ਦੇ ਸਿਰਫ ਤਿੰਨ ਰਿਜ਼ਰਵ ਖਿਡਾਰੀ ਹੀ ਇਸ ਸਮਾਗਮ ’ਚ ਸ਼ਾਮਲ ਹੋਣਗੇ। ਓਲੰਪਿਕ ਵਿੱਚ ਭਾਰਤ ਦਾ 117 ਖਿਡਾਰੀਆਂ ਦਾ ਦਲ ਹਿੱਸਾ ਲੈ ਰਿਹਾ ਹੈ, ਜਿਸ ਵਿੱਚ 47 ਮਹਿਲਾਵਾਂ ਹਨ। ਓਲੰਪਿਕ ਇਤਿਹਾਸ ਵਿੱਚ ਪਹਿਲੀ ਵਾਰ ਉਦਘਾਟਨੀ ਸਮਾਗਮ ਸਟੇਡੀਅਮ ’ਚ ਨਹੀਂ ਸਗੋਂ ਇੱਥੇ ਸੀਨ ਨਦੀ ਦੇ ਕੰਢੇ ਕਰਵਾਇਆ ਗਿਆ।

ਫਰਾਂਸ ਦੇ ਸ਼ਹਿਰ ਪੈਰਿਸ ਵਿੱਚ ਓਲੰਪਿਕ ਦੇ ਉਦਘਾਟਨੀ ਸਮਾਰੋਹ ਤੋਂ ਪਹਿਲਾਂ ਸੀਨ ਨਦੀ ਨੇੜੇ ਛੱਤਰੀਆਂ ਫੜੀਂ ਖੜ੍ਹੇ ਦਰਸ਼ਕ। -ਫੋਟੋਆਂ: ਰਾਇਟਰਜ਼/ਪੀਟੀਆਈ

ਸਮਾਗਮ ਵਿੱਚ ਹਿੱਸਾ ਲੈਣ ਵਾਲੇ ਭਾਰਤੀ ਖਿਡਾਰੀਆਂ ਵਿੱਚ ਤੀਰਅੰਦਾਜ਼ ਦੀਪਿਕਾ ਕੁਮਾਰੀ ਅਤੇ ਤਰੁਣਦੀਪ ਰਾਏ, ਮੁੱਕੇਬਾਜ਼ ਲਵਲੀਨਾ ਬੋਰਗੋਹੇਨ, ਟੇਬਲ ਟੈਨਿਸ ਖਿਡਾਰਨ ਮਨਿਕਾ ਬੱਤਰਾ, ਟੈਨਿਸ ਖਿਡਾਰੀ ਰੋਹਨ ਬੋਪੰਨਾ, ਸੁਮਿਤ ਨਾਗਲ ਅਤੇ ਸ੍ਰੀਰਾਮ ਬਾਲਾਜੀ, ਨਿਸ਼ਾਨੇਬਾਜ਼ ਅੰਜੁਮ ਮੌਦਗਿਲ, ਸਿਫਤ ਕੌਰ ਸਮਰਾ ਤੇ ਹੋਰ ਸ਼ਾਮਲ ਸਨ। -ਪੀਟੀਆਈ

Advertisement
×