’84 ਸਿੱਖ ਵਿਰੋਧੀ ਦੰਗੇ: ਅਦਾਲਤ ਵੱਲੋਂ ਸੱਜਣ ਕੁਮਾਰ ਦੀ ਅਰਜ਼ੀ ਮਨਜ਼ੂਰ
ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਨੇ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਸੱਜਣ ਕੁਮਾਰ ਦੀ ਉਸ ਅਰਜ਼ੀ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ’ਚ ਉਸ ਨੇ ਦੋ ਮੀਡੀਆ ਅਦਾਰਿਆਂ ਨੂੰ 2 ਤੋਂ 11 ਨਵੰਬਰ 1984 ਦੇ ਵਿਚਕਾਰ ਪ੍ਰਕਾਸ਼ਿਤ ਕੁਝ ਖ਼ਬਰਾਂ ਦੀਆਂ ਪ੍ਰਮਾਣਤ ਕਾਪੀਆਂ ਰਿਕਾਰਡ ’ਤੇ ਰੱਖਣ ਦਾ ਨਿਰਦੇਸ਼ ਦੇਣ ਦੀ ਮੰਗ ਕੀਤੀ ਸੀ। ਸੱਜਣ ਕੁਮਾਰ ਜਨਕਪੁਰੀ ਅਤੇ ਵਿਕਾਸ ਪੁਰੀ ਥਾਣਿਆਂ ਵਿੱਚ ਦਰਜ ਐੱਫਆਈਆਰਜ਼ ਨਾਲ ਸਬੰਧਤ ਸਿੱਖ ਵਿਰੋਧੀ ਦੰਗਿਆਂ ਦੇ ਕੇਸ ਦਾ ਸਾਹਮਣਾ ਕਰ ਰਿਹਾ ਹੈ। ਵਿਸ਼ੇਸ਼ ਜੱਜ ਦਿੱਗ ਵਿਨੈ ਸਿੰਘ ਨੇ ਅਰਜ਼ੀ ਨੂੰ ਮਨਜ਼ੂਰੀ ਦਿੰਦੇ ਹੋਏ ਦੋ ਮੀਡੀਆ ਅਦਾਰਿਆਂ ਨੂੰ ਅਰਜ਼ੀ ਵਿੱਚ ਦੱਸੀਆਂ ਗਈਆਂ ਖ਼ਬਰਾਂ ਦੀ ਪ੍ਰਮਾਣਿਕਤਾ ਦਾ ਸਰਟੀਫਿਕੇਟ ਅਤੇ ਤਾਜ਼ਾ ਪ੍ਰਿੰਟਆਊਟ ਦਾਇਰ ਕਰਨ ਦਾ ਨਿਰਦੇਸ਼ ਦਿੱਤਾ। ਅਦਾਲਤ ਨੇ ਸੱਜਣ ਕੁਮਾਰ ਦੀ ਪਿਛਲੇ ਕੇਸ ਦੇ ਗਵਾਹ ਦੇ ਬਿਆਨ ਨੂੰ ਮੌਜੂਦਾ ਕੇਸ ਵਿੱਚ ਬਚਾਅ ਪੱਖ ਦੇ ਸਬੂਤ ਵਜੋਂ ਦਰਜ ਕਰਨ ਦੀ ਅਰਜ਼ੀ ਨੂੰ ਵੀ ਮਨਜ਼ੂਰੀ ਦਿੱਤੀ ਹੈ। ਇਹ ਗਵਾਹ ਇੰਡੀਅਨ ਰੈੱਡ ਕਰਾਸ ਸੁਸਾਇਟੀ ਨਾਲ ਸਬੰਧਤ ਹੈ ਅਤੇ ਉਸ ਨੇ ਨਵੰਬਰ 1984 ਵਿੱਚ ਸੱਜਣ ਕੁਮਾਰ ਵੱਲੋਂ ਲਾਏ ਖੂਨਦਾਨ ਕੈਂਪ ਦੇ ਸੰਦਰਭ ਵਿੱਚ ਬਿਆਨ ਦਿੱਤਾ ਸੀ। ਇਹ ਗਵਾਹ ਹੁਣ ਉਪਲੱਬਧ ਨਹੀਂ ਹੈ।