ਮੰਤਰੀ ਮੰਡਲ ਵਿੱਚ ਫੇਰਬਦਲ ਤੋਂ ਪਹਿਲਾਂ 8 ਮੰਤਰੀਆਂ ਨੇ ਅਸਤੀਫ਼ੇ ਦਿੱਤੇ
ਮੇਘਾਲਿਆ ਮੰਤਰੀ ਮੰਡਲ ਵਿੱਚ ਹੋਣ ਵਾਲੇ ਫੇਰਬਦਲ ਤੋਂ ਪਹਿਲਾਂ ਮੰਗਲਵਾਰ ਨੂੰ ਅੱਠ ਮੰਤਰੀਆਂ, ਜਿਨ੍ਹਾਂ ਵਿੱਚ ਸੀਨੀਅਰ ਆਗੂ ਏ.ਐਲ. ਹੇਕ, ਪਾਲ ਲਿੰਗਦੋਹ ਅਤੇ ਅੰਪਰੀਨ ਲਿੰਗਦੋਹ ਸ਼ਾਮਲ ਹਨ, ਨੇ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਮੁੱਖ ਮੰਤਰੀ ਕੌਨਰਾਡ ਕੇ. ਸੰਗਮਾ, ਜੋ ਐਨਪੀਪੀ-ਅਗਵਾਈ ਵਾਲੀ ਮੇਘਾਲਿਆ ਡੈਮੋਕ੍ਰੇਟਿਕ ਅਲਾਇੰਸ ਸਰਕਾਰ ਦੀ ਅਗਵਾਈ ਕਰਦੇ ਹਨ, ਨੇ ਇੱਥੇ ਰਾਜ ਭਵਨ ਵਿੱਚ ਰਾਜਪਾਲ ਸੀ.ਐਚ. ਵਿਜੇਸ਼ੰਕਰ ਨਾਲ ਮੁਲਾਕਾਤ ਕੀਤੀ ਅਤੇ ਮੰਤਰੀਆਂ ਦੇ ਅਸਤੀਫੇ ਸੌਂਪੇ।
ਇੱਕ ਅਧਿਕਾਰੀ ਨੇ ਦੱਸਿਆ ਕਿ ਮੰਤਰੀ ਮੰਡਲ ਵਿੱਚ ਨਵੇਂ ਚੁਣੇ ਜਾਣ ਵਾਲੇ ਮੰਤਰੀ ਮੰਗਲਵਾਰ ਸ਼ਾਮ 5 ਵਜੇ ਰਾਜ ਭਵਨ ਵਿੱਚ ਮੰਤਰੀ ਵਜੋਂ ਸਹੁੰ ਚੁੱਕਣਗੇ।
ਇੱਕ ਹੋਰ ਅਧਿਕਾਰੀ ਨੇ ਕਿਹਾ, ‘‘ਜਿਨ੍ਹਾਂ ਅੱਠ ਮੰਤਰੀਆਂ ਨੇ ਆਪਣੇ ਅਹੁਦਿਆਂ ਤੋਂ ਅਸਤੀਫਾ ਦਿੱਤਾ ਹੈ ਉਹ ਐੱਨਪੀਪੀ ਦੇ ਅੰਪਰੀਨ ਲਿੰਗਦੋਹ, ਕਮਿੰਗੋਨ ਯੰਬੋਨ, ਰੱਕਮ ਏ. ਸੰਗਮਾ ਅਤੇ ਅਬੂ ਤਾਹੇਰ ਮੋਂਡਲ, ਯੂਡੀਪੀ ਦੇ ਪਾਲ ਲਿੰਗਦੋਹ ਅਤੇ ਕਿਰਮੇਨ ਸ਼ਿਲਾ, ਐਚਐਸਪੀਡੀਪੀ ਦੇ ਸ਼ਕਲਿਆਰ ਵਾਰਜਰੀ ਅਤੇ ਭਾਜਪਾ ਦੇ ਏ.ਐਲ. ਹੇਕ ਹਨ।
ਉਨ੍ਹਾਂ ਕਿਹਾ ਕਿ ਇਸ ਅਸਤੀਫ਼ੇ ਨੇ ਮੰਤਰੀ ਮੰਡਲ ਵਿੱਚ ਨਵੇਂ ਮੰਤਰੀਆਂ ਨੂੰ ਸ਼ਾਮਲ ਕਰਨ ਦਾ ਰਾਹ ਪੱਧਰਾ ਕੀਤਾ ਹੈ।
ਪਾਰਟੀ ਸੂਤਰਾਂ ਨੇ ਦੱਸਿਆ ਕਿ ਐੱਨਪੀਪੀ ਵਿਧਾਇਕ ਵੇਲਾਦਮੀਕੀ ਸ਼ਿਲਾ, ਸੋਸਥੀਨੇਸ ਸੋਹਤੁਨ, ਬ੍ਰੇਨਿੰਗ ਏ. ਸੰਗਮਾ ਅਤੇ ਤਿਮੋਥੀ ਡੀ. ਸ਼ਿਰਾ ਮੰਤਰੀ ਮੰਡਲ ਵਿੱਚ ਸ਼ਾਮਲ ਹੋਣ ਲਈ ਤਿਆਰ ਹਨ। ਯੂਡੀਪੀ ਮੁਖੀ ਮੇਤਬਾਹ ਲਿੰਗਦੋਹ ਅਤੇ ਸਾਬਕਾ ਮੰਤਰੀ ਲਾਹਕਮੇਨ ਰਿੰਬੂਈ ਵੀ ਸਹੁੰ ਚੁੱਕ ਸਕਦੇ ਹਨ।
ਸੂਤਰਾਂ ਨੇ ਅੱਗੇ ਕਿਹਾ ਕਿ ਐੱਚਐੱਸਪੀਡੀਪੀ ਦੇ ਵਿਧਾਇਕ ਮੇਥੋਡੀਅਸ ਡਖਰ ਸ਼ਕਲਿਆਰ ਵਾਰਜਰੀ ਦੀ ਜਗ੍ਹਾ ਲੈਣਗੇ, ਜਦੋਂ ਕਿ ਭਾਜਪਾ ਦੇ ਸਨਬੋਰ ਸ਼ੁਲਈ ਏ.ਐਲ. ਹੇਕ ਦੀ ਜਗ੍ਹਾ ਲੈਣਗੇ।