75 ਸਾਲ ਦਾ ਮਤਲਬ ‘ਸੇਵਾਮੁਕਤੀ’...ਸੰਘ ਮੁਖੀ ਦੀ ਟਿੱਪਣੀ ਮੋਦੀ ਲਈ ਅਲਟੀਮੇਟਮ: ਵਿਰੋਧੀ ਧਿਰ
ਉਬੀਰ ਨਕਸ਼ਬੰਦੀ
ਨਵੀਂ ਦਿੱਲੀ, 11 ਜੁਲਾਈ
ਰਾਸ਼ਟਰੀ ਸਵੈਮਸੇਵਕ ਸੰਘ (ਆਰਐੱਸਐੱਸ) ਮੁਖੀ ਮੋਹਨ ਭਾਗਵਤ ਵੱਲੋਂ 75 ਸਾਲ ਦੀ ਉਮਰ ਤੋਂ ਬਾਅਦ ਸੇਵਾਮੁਕਤ ਹੋਣ ਸਬੰਧੀ ਦਿੱਤੇ ਬਿਆਨ ਮਗਰੋਂ ਸਿਆਸਤ ਭਖ਼ ਗਈ ਹੈ। ਵਿਰੋਧੀ ਧਿਰ ਨੇ ਇਸ ਬਿਆਨ ਦੇ ਹਵਾਲੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਘੇਰਿਆ ਹੈ, ਜੋ ਇਸ ਸਾਲ 75 ਵਰ੍ਹਿਆਂ ਦੇ ਹੋ ਰਹੇ ਹਨ। ਵਿਰੋਧੀ ਧਿਰ ਆਰਐੱਸਐੱਸ ਮੁਖੀ ਦੇ ਬਿਆਨ ਨੂੰ ਪ੍ਰਧਾਨ ਮੰਤਰੀ ਮੋਦੀ ਲਈ ਅਸਿੱਧੇ ਸੁਨੇਹੇ ਵਜੋਂ ਦੇਖ ਰਹੀ ਹੈ।
ਭਾਗਵਤ ਨੇ ਬੁੱਧਵਾਰ ਨੂੰ ਪੁਸਤਕ ਰਿਲੀਜ਼ ਸਮਾਗਮ ਦੌਰਾਨ ਕਿਹਾ ਸੀ, ‘‘ਜਦੋਂ ਤੁਸੀਂ 75 ਸਾਲ ਦੇ ਹੋ ਜਾਂਦੇ ਹੋ ਤਾਂ ਇਸ ਦਾ ਮਤਲਬ ਹੈ ਕਿ ਤੁਹਾਨੂੰ ਹੁਣ ਰੁਕ ਜਾਣਾ ਚਾਹੀਦਾ ਹੈ ਅਤੇ ਦੂਜਿਆਂ ਲਈ ਰਾਹ ਬਣਾਉਣਾ ਚਾਹੀਦਾ ਹੈ।’’ ਮਰਹੂਮ ਆਰਐੱਸਐੱਸ ਵਿਚਾਰਕ ਮੋਰੋਪੰਤ ਪਿੰਗਲੇ ਦੇ ਸ਼ਬਦਾਂ ਨੂੰ ਯਾਦ ਕਰਦਿਆਂ ਉਨ੍ਹਾਂ ਕਿਹਾ, ‘‘ਮੋਰੋਪੰਤ ਪਿੰਗਲੇ ਨੇ ਇੱਕ ਵਾਰ ਕਿਹਾ ਸੀ ਕਿ ਜੇ 75 ਸਾਲ ਦੀ ਉਮਰ ਮਗਰੋਂ ਤੁਹਾਨੂੰ ਸ਼ਾਲ ਨਾਲ ਸਨਮਾਨਿਤ ਕੀਤਾ ਜਾਂਦਾ ਹੈ ਤਾਂ ਇਸ ਦਾ ਮਤਲਬ ਹੈ ਕਿ ਤੁਹਾਨੂੰ ਹੁਣ ਰੁਕ ਜਾਣਾ ਚਾਹੀਦਾ ਹੈ। ਤੁਸੀਂ ਬੁੱਢੇ ਹੋ ਗਏ ਹੋ, ਇੱਕ ਪਾਸੇ ਹਟ ਜਾਓ ਤੇ ਦੂਜਿਆਂ ਨੂੰ ਆਉਣ ਦਿਓ।’’ ਭਾਗਵਤ ਖੁਦ ਇਸ ਸਾਲ 11 ਸਤੰਬਰ ਨੂੰ 75 ਸਾਲ ਦੇ ਹੋ ਜਾਣਗੇ ਜਦੋਂਕਿ ਪ੍ਰਧਾਨ ਮੰਤਰੀ ਮੋਦੀ ਛੇ ਦਿਨ ਭਾਵ 17 ਸਤੰਬਰ ਨੂੰ 75 ਸਾਲਾਂ ਦੇ ਹੋ ਰਹੇ ਹਨ। ਵਿਰੋਧੀ ਧਿਰ ਦਾ ਅਨੁਮਾਨ ਹੈ ਕਿ ਉਹ ਇਸ ਉਮਰ ਮਗਰੋਂ ਸੇਵਾਮੁਕਤ ਹੋ ਜਾਣਗੇ। ਦਿਲਚਸਪ ਗੱਲ ਇਹ ਹੈ ਕਿ ਭਾਗਵਤ ਤੇ ਮੋਦੀ ਦੋਵੇਂ ਸਤੰਬਰ 2025 ’ਚ 75 ਸਾਲ ਦੇ ਹੋਣ ਵਾਲੇ ਹਨ।
ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਐਕਸ ’ਤੇ ਕਿਹਾ, ‘‘ਵਿਚਾਰੇ ਐਵਾਰਡ-ਜੀਵੀ ਪ੍ਰਧਾਨ ਮੰਤਰੀ! ਇਹ ਕਿਹੋ ਜਿਹੀ ਘਰ ਵਾਪਸੀ। ਮੁੜਦੇ ਹੀ ਸੰਘ ਸੰਚਾਲਕ ਨੇ ਯਾਦ ਦਿਵਾ ਦਿੱਤਾ ਕਿ 17 ਸਤੰਬਰ 2025 ਨੂੰ ਉਹ 75 ਸਾਲ ਦੇ ਹੋ ਜਾਣਗੇ। ਪਰ ਪ੍ਰਧਾਨ ਮੰਤਰੀ ਵੀ ਸੰਘ ਸੰਚਾਲਕ ਨੂੰ ਕਹਿ ਸਕਦੇ ਹਨ ਕਿ ਉਹ ਵੀ ਤਾਂ 11 ਸਤੰਬਰ 2025 ਨੂੰ 75 ਸਾਲ ਦੇ ਹੋ ਜਾਣਗੇ!’ ਉਨ੍ਹਾਂ ਤਨਜ਼ ਕਸਿਆ, ‘‘ਇੱਕ ਤੀਰ, ਦੋ ਨਿਸ਼ਾਨੇ।’’
ਸ਼ਿਵ ਸੈਨਾ (ਯੂਬੀਟੀ) ਆਗੂ ਸੰਜੈ ਰਾਊਤ ਨੇ ਕਿਹਾ, ‘‘ਪ੍ਰਧਾਨ ਮੰਤਰੀ ਮੋਦੀ ਨੇ 75 ਸਾਲ ਦੀ ਉਮਰ ਪੂਰੀ ਹੋਣ ’ਤੇ ਐੱਲਕੇ ਅਡਵਾਨੀ, ਮੁਰਲੀ ਮਨੋਹਰ ਜੋਸ਼ੀ ਤੇ ਜਸਵੰਤ ਸਿੰਘ ਜਿਹੇ ਆਗੂਆਂ ਨੂੰ ਸੇਵਾਮੁਕਤ ਹੋਣ ਲਈ ਮਜਬੂਰ ਕੀਤਾ। ਹੁਣ ਦੇਖਦੇ ਹਾਂ ਕਿ ਕੀ ਉਹ ਖੁਦ ’ਤੇ ਵੀ ਇਹ ਨਿਯਮ ਲਾਗੂ ਕਰਦੇ ਹਨ ਜਾਂ ਨਹੀਂ।’’
ਕਾਂਗਰਸ ਆਗੂ ਅਭਿਸ਼ੇਕ ਮਨੂ ਸਿੰਘਵੀ ਨੇ ਕਿਹਾ, ‘‘ਬਿਨਾਂ ਆਚਰਨ ਦੇ ਉਪਦੇਸ਼ ਦੇਣਾ ਹਮੇਸ਼ਾ ਖਤਰਨਾਕ ਹੁੰਦਾ ਹੈ। ਮਾਰਗ ਦਰਸ਼ਕ ਮੰਡਲ ਨੂੰ 75 ਸਾਲ ਦੀ ਉਮਰ ਹੱਦ ਲਾਗੂ ਕਰਦੇ ਹੋਏ ਲਾਜ਼ਮੀ ਸੇਵਾਮੁਕਤੀ ਦੇਣਾ ਸਿੱਧਾਂਤਹੀਣ ਹੈ ਪਰ ਸੰਕੇਤ ਸਪੱਸ਼ਟ ਹਨ ਕਿ ਮੌਜੂਦਾ ਪ੍ਰਬੰਧ ਨੂੰ ਇਸ ਨਿਯਮ ਤੋਂ ਛੋਟ ਦਿੱਤੀ ਜਾਵੇਗੀ।’’
ਉਧਰ ਭਗਵਾ ਪਾਰਟੀ ਵਾਰ-ਵਾਰ ਕਹਿੰਦੀ ਰਹੀ ਹੈ ਕਿ ਮੋਦੀ ਦੀ ਕੋਈ ਸੇਵਾਮੁਕਤੀ ਦੀ ਯੋਜਨਾ ਨਹੀਂ ਹੈ ਅਤੇ ਉਹ ਸਰਕਾਰ ਦੀ ਅਗਵਾਈ ਕਰਦੇ ਰਹਿਣਗੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮਈ 2023 ’ਚ ਹੀ ਸਪੱਸ਼ਟ ਕਰ ਦਿੱਤਾ ਸੀ, ‘‘ਮੋਦੀ ਜੀ 2029 ਤੱਕ ਅਗਵਾਈ ਕਰਦੇ ਰਹਿਣਗੇ। ਸੇਵਾਮੁਕਤੀ ਦੀਆਂ ਅਫਵਾਹਾਂ ’ਚ ਕੋਈ ਸੱਚਾਈ ਨਹੀਂ ਹੈ।’’